ਕੇਂਦਰੀ ਸਿੱਖਿਆ ਰਾਜ ਮੰਤਰੀ ਸੁਭਾਸ਼ ਸਰਕਾਰ ਨੇ ਬੀਤੇ ਦਿਨ ਰਾਜ ਸਭਾ ’ਚ ਲਿਖਤੀ ਜਵਾਬ ’ਚ ਦੱਸਿਆ ਕਿ ਪਿਛਲੇ ਪੰਜ ਸਾਲਾਂ ’ਚ 6901 ਓ ਬੀ ਸੀ, 3596 ਐੱਸ ਸੀ ਤੇ 3949 ਐੱਸ ਟੀ ਵਿਦਿਆਰਥੀਆਂ ਨੇ ਕੇਂਦਰੀ ਯੂਨੀਵਰਸਿਟੀਆਂ ’ਚ ਡਰਾਪਆਊਟ ਕੀਤਾ। ਇਸ ਮਿਆਦ ਦੌਰਾਨ 2544 ਓ ਬੀ ਸੀ, 1362 ਐੱਸ ਸੀ ਤੇ 538 ਐੱਸ ਟੀ ਵਿਦਿਆਰਥੀ ਆਈ ਆਈ ਟੀ ਦੀ ਪੜ੍ਹਾਈ ਛੱਡ ਕੇ ਗਏ। 2018 ਤੋਂ 2023 ਤੱਕ ਓ ਬੀ ਸੀ, ਐੱਸ ਸੀ ਤੇ ਐੱਸ ਟੀ ਭਾਈਚਾਰੇ ਵਿੱਚੋਂ ਆਉਣ ਵਾਲੇ 19 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਕੇਂਦਰੀ ਯੂਨੀਵਰਸਿਟੀਆਂ, ਆਈ ਆਈ ਟੀ ਤੇ ਆਈ ਆਈ ਐੱਮ ਦੀ ਪੜ੍ਹਾਈ ਛੱਡੀ। ਤਾਮਿਲਨਾਡੂ ਦੀ ਸਾਂਸਦ ਤਿਰੁਚੀ ਸ਼ਿਵਾ ਨੇ ਇਨ੍ਹਾਂ ਭਾਈਚਾਰਿਆਂ ਦੇ ਵਿਦਿਆਰਥੀਆਂ ਵੱਲੋਂ ਪੜ੍ਹਾਈ ਛੱਡਣ ਦੇ ਅੰਕੜੇ ਪੁੱਛਣ ਤੋਂ ਇਲਾਵਾ ਆਪਣੇ ਸਵਾਲ ’ਚ ਇਹ ਜਾਨਣਾ ਚਾਹਿਆ ਸੀ ਕਿ ਕੀ ਸਰਕਾਰ ਨੇ ਇਨ੍ਹਾਂ ਉੱਚ ਵਿਦਿਅਕ ਅਦਾਰਿਆਂ ਦੇ ਓ ਬੀ ਸੀ, ਐੱਸ ਸੀ ਤੇ ਐੱਸ ਟੀ ਦੇ ਵਿਦਿਆਰਥੀਆਂ ਵੱਲੋਂ ਏਨੀ ਵੱਡੀ ਗਿਣਤੀ ’ਚ ਪੜ੍ਹਾਈ ਛੱਡਣ ਦੇ ਕਾਰਨਾਂ ਦੇ ਸੰਬੰਧ ’ਚ ਕੋਈ ਅਧਿਐਨ ਕੀਤਾ ਹੈ। ਮੰਤਰੀ ਨੇ ਕਿਹਾ ਕਿ ਕਮਜ਼ੋਰ ਆਰਥਿਕ ਪਿਛੋਕੜ ਤੋਂ ਆਉਣ ਵਾਲੇ ਵਿਦਿਆਰਥੀਆਂ ਦੀ ਪੜ੍ਹਾਈ ਲਈ ਸਰਕਾਰ ਨੇ ਫੀਸ ’ਚ ਕਮੀ, ਵਧੇਰੇ ਅਦਾਰਿਆਂ ਦੀ ਸਥਾਪਨਾ, ਵਜ਼ੀਫੇ, ਕੌਮੀ ਪੱਧਰ ’ਤੇ ਵਜ਼ੀਫਿਆਂ ਵਿਚ ਉਨ੍ਹਾਂ ਨੂੰ ਤਰਜੀਹ ਦੇਣ ਵਰਗੇ ਕਈ ਕਦਮ ਚੁੱਕੇ ਹਨ।
ਇਸ ਤੋਂ ਪਹਿਲਾਂ 2021 ’ਚ ਸਿੱਖਿਆ ਮੰਤਰਾਲੇ ਨੇ ਸੰਸਦ ਨੂੰ ਦੱਸਿਆ ਸੀ ਕਿ ਦੇਸ਼ ਦੇ ਟਾਪ ਦੇ ਆਈ ਆਈ ਟੀ ਵਿਚ ਗ੍ਰੈਜੂਏਸ਼ਨ ਦੌਰਾਨ ਹੀ ਪੜ੍ਹਾਈ ਛੱਡਣ ਵਾਲੇ ਲੱਗਭੱਗ 63 ਫੀਸਦੀ ਵਿਦਿਆਰਥੀ ਰਿਜ਼ਰਵ ਸ਼ੇ੍ਰਣੀਆਂ (ਐੱਸ ਸੀ/ਐੱਸ ਟੀ) ਵਿੱਚੋਂ ਆਉਦੇ ਹਨ। ਦਲਿਤ ਤੇ ਆਦਿਵਾਸੀ ਕਾਰਕੁੰਨ ਲੰਮੇ ਸਮੇਂ ਤੋਂ ਬਹਿਸ ਛੇੜਦੇ ਆ ਰਹੇ ਕਿ ਇਨ੍ਹਾਂ ਭਾਈਚਾਰਿਆਂ ਦੇ ਵਿਦਿਆਰਥੀ ਇਨ੍ਹਾਂ ਵਕਾਰੀ ਅਦਾਰਿਆਂ ’ਚ ਬਹੁਤ ਜ਼ਿਆਦਾ ਦਬਾਅ ਤੇ ਵਿਤਕਰਾ ਝੱਲਦੇ ਹਨ। ਹਾਲਾਂਕਿ, ਉਦੋਂ ਦੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਸੀ ਕਿ ਪੜ੍ਹਾਈ ਛੱਡਣ ਵਾਲੇ ਜਾਂ ਤਾਂ ਕਿਸੇ ਹੋਰ ਵਿਭਾਗ ਜਾਂ ਅਦਾਰੇ ’ਚ ਦਾਖਲੇ ਕਾਰਨ ਸੀਟ ਛੱਡ ਕੇ ਚਲੇ ਗਏ ਜਾਂ ਫਿਰ ਉਨ੍ਹਾਂ ਕਿਸੇ ਨਿੱਜੀ ਕਾਰਨ ਕਰਕੇ ਅਜਿਹਾ ਕੀਤਾ। ਸਰਕਾਰ ਐੱਸ ਸੀ, ਐੱਸ ਟੀ ਤੇ ਓ ਬੀ ਸੀ ਦੇ ਵਿਦਿਆਰਥੀਆਂ ਦੇ ਡਰਾਪਆਊਟ ਦਾ ਅਸਲ ਕਾਰਨ ਨਹੀਂ ਦੱਸ ਰਹੀ, ਪਰ ਆਦਿਵਾਸੀ ਤੇ ਦਲਿਤ ਕਾਰਕੁੰਨਾਂ ਦਾ ਕਹਿਣਾ ਹੈ ਕਿ ਨੈਸ਼ਨਲ ਇੰਸਟੀਚਿਊਟ ਰੈਂਕਿੰਗ ’ਚ ਪਹਿਲੇ 10 ਵਿੱਚੋਂ 7 ਆਈ ਆਈ ਟੀ ’ਚ ਪੜ੍ਹਾਈ ਛੱਡਣ ਵਾਲੇ ਵਿਦਿਆਰਥੀਆਂ ਨੇ ਨਾਬਰਾਬਰੀ ਕਾਰਨ ਇਹ ਕਦਮ ਚੁੱਕਿਆ। ਭਾਜਪਾ ਆਗੂ ਅੱਜਕੱਲ੍ਹ ਰਾਹੁਲ ਗਾਂਧੀ ਨੂੰ ਮਾਣਹਾਨੀ ਦੇ ਕੇਸ ’ਚ ਮਿਲੀ ਸਜ਼ਾ ਨੂੰ ਉਨ੍ਹਾ ਵੱਲੋਂ ਓ ਬੀ ਸੀ ਦਾ ਅਪਮਾਨ ਕਰਨ ਨਾਲ ਜੋੜ ਰਹੇ ਹਨ ਪਰ ਉੱਚ ਵਿਦਿਅਕ ਅਦਾਰਿਆਂ ਵਿਚ ਓ ਬੀ ਸੀ, ਐੱਸ ਸੀ ਤੇ ਐੱਸ ਟੀ ਵਿਦਿਆਰਥੀਆਂ ਨਾਲ ਮੋਦੀ ਰਾਜ ’ਚ ਜੋ ਸਲੂਕ ਹੋ ਰਿਹਾ ਹੈ, ਉਹ ਦੱਸਦਾ ਹੈ ਕਿ ਇਨ੍ਹਾਂ ਭਾਈਚਾਰਿਆਂ ਦੇ ਵਿਦਿਆਰਥੀਆਂ ਦਾ ਅਪਮਾਨ ਅਸਲ ’ਚ ਕੌਣ ਕਰ ਰਿਹਾ ਹੈ।





