ਵਿਸ਼ਵ ਬੈਂਕ ਦੀ ਹਾਲੀਆ ਰਿਪੋਰਟ ਮੁਤਾਬਕ ਲਗਭਗ 2 ਅਰਬ 40 ਕਰੋੜ ਕੰਮਕਾਜੀ ਉਮਰ ਦੀਆਂ ਮਹਿਲਾਵਾਂ ਉਨ੍ਹਾਂ ਅਰਥ-ਵਿਵਸਥਾਵਾਂ ’ਚ ਰਹਿੰਦੀਆਂ ਹਨ, ਜਿੱਥੇ ਉਨ੍ਹਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਨਹੀਂ ਹਨ। ਬਰਾਬਰੀ ਤੱਕ ਪੁੱਜਣ ਲਈ ਅਜੇ ਵੀ ਉਨ੍ਹਾਂ ਨੂੰ 50 ਸਾਲ ਲੱਗ ਜਾਣਗੇ। ਮਹਿਲਾ, ਵਪਾਰ ਤੇ ਕਾਨੂੰਨ ਨਾਂਅ ਦੀ 2023 ਦੀ ਇਹ ਸਾਲਾਨਾ ਰਿਪੋਰਟ 190 ਅਰਥ-ਵਿਵਸਥਾਵਾਂ ਵਿਚ ਮਹਿਲਾਵਾਂ ਦੇ ਆਰਥਕ ਮੌਕਿਆਂ ਨੂੰ ਪ੍ਰਭਾਵਤ ਕਰਨ ਵਾਲੇ ਕਾਨੂੰਨਾਂ ਨੂੰ ਮਾਪਣ ਦਾ ਅਧਿਐਨ ਹੈ। ਇਸ ਵਿਚ ਮਹਿਲਾਵਾਂ ਦੀ ਆਰਥਕ ਭਾਈਵਾਲੀ ਨੂੰ ਪ੍ਰਭਾਵਤ ਕਰਨ ਵਾਲੇ 8 ਖੇਤਰਾਂਗਤੀਸ਼ੀਲਤਾ, ਕੰਮ ਵਾਲੀ ਥਾਂ, ਵੇਤਨ, ਵਿਆਹ, ਪਿਤਰੀ-ਸੱਤਾ, ਉਦਮਤਾ, ਸੰਪਤੀ ਤੇ ਪੈਨਸ਼ਨ ਨੂੰ ਪ੍ਰਭਾਵਤ ਕਰਨ ਵਾਲੇ ਕਾਨੂੰਨਾਂ ਤੇ ਨਿਯਮਾਂ ਦਾ ਅਧਿਐਨ ਕਰਕੇ ਉਨ੍ਹਾਂ ਨੂੰ ਸੋਧਣ ਦੀ ਗੱਲ ਕਹੀ ਗਈ ਹੈ। ਰਿਪੋਰਟ ਮੁਤਾਬਕ ਦੁਨੀਆ ਭਰ ’ਚ ਸਿਰਫ 77 ਫੀਸਦੀ ਮਹਿਲਾਵਾਂ ਕੋਲ ਕਾਨੂੰਨੀ ਅਧਿਕਾਰ ਹਨ। 176 ਅਰਥ-ਵਿਵਸਥਾਵਾਂ ਨੇ ਅਜਿਹੇ ਕਾਨੂੰਨੀ ਅੜਿੱਕੇ ਕਾਇਮ ਰੱਖੇ ਹੋਏ ਹਨ, ਜਿਹੜੇ ਮਹਿਲਾਵਾਂ ਦੀ ਪੂਰਨ ਆਰਥਕ ਭਾਈਵਾਲੀ ਨੂੰ ਰੋਕਦੇ ਹਨ। ਰਿਪੋਰਟ ਮੁਤਾਬਕ ਕਰੀਬ 90 ਕਰੋੜ ਕੰਮਕਾਜੀ ਉਮਰ ਦੀਆਂ ਮਹਿਲਾਵਾਂ ਨੇ ਪਿਛਲੇ ਇਕ ਦਹਾਕੇ ’ਚ ਕਾਨੂੰਨੀ ਬਰਾਬਰੀ ਹਾਸਲ ਕੀਤੀ ਹੈ। 86 ਦੇਸ਼ਾਂ ਵਿਚ ਮਹਿਲਾਵਾਂ ਨੂੰ ਨੌਕਰੀ ’ਚ ਕਈ ਤਰ੍ਹਾਂ ਦੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ 95 ਦੇਸ਼ਾਂ ਵਿਚ ਮਹਿਲਾਵਾਂ ਨੂੰ ਮਰਦਾਂ ਦੇ ਬਰਾਬਰ ਤਨਖਾਹ ਨਹੀਂ ਮਿਲਦੀ। ਅੱਜ ਦੀ ਤਰੀਕ ਵਿਚ ਸਿਰਫ 14 ਅਰਥ-ਵਿਵਸਥਾਵਾਂਬੈਲਜੀਅਮ, ਕੈਨੇਡਾ, ਡੈਨਮਾਰਕ, ਫਰਾਂਸ, ਜਰਮਨੀ, ਯੂਨਾਨ, ਆਈਸਲੈਂਡ, ਆਇਰਲੈਂਡ, ਲਾਤਵੀਆ, ਲਗਜ਼ਮਬਰਗ, ਨੀਦਰਲੈਂਡ, ਪੁਰਤਗਾਲ, ਸਪੇਨ ਤੇ ਸਵੀਡਨ ਵਿਚ ਹੀ ਮਹਿਲਾਵਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਹਨ। ਅਮਰੀਕਾ ਤੇ ਇੰਗਲੈਂਡ ਇਸ ਸੂਚੀ ’ਚ ਨਹੀਂ ਆਉਂਦੇ। 65 ਦੇਸ਼ਾਂ ਵਿਚ ਮਹਿਲਾਵਾਂ ਲਈ ਕੁਝ ਕੰਮ ਕਰਨ ’ਤੇ ਰੋਕਾਂ ਹਨ, ਜਿਵੇਂ ਥਾਈਲੈਂਡ ਵਿਚ 10 ਮੀਟਰ ਤੋਂ ਵੱਧ ਉੱਚੀ ਮਚਾਣ ’ਤੇ ਕੰਮ ਨਹੀਂ ਕਰ ਸਕਦੀਆਂ। ਰੂਸ ਵਿਚ ਤੇਲ ਤੇ ਗੈਸ ਖੂਹਾਂ ਦੀ ਡਿ੍ਰਲਿੰਗ ਨਹੀਂ ਕਰ ਸਕਦੀਆਂ। ਕੈਮਰੂਨ ’ਚ ਖਾਣਾਂ ਦੇ ਅੰਦਰ ਕੰਮ ਨਹੀਂ ਕਰ ਸਕਦੀਆਂ। ਤਾਜ਼ਿਕਸਤਾਨ ’ਚ ਰੇਲਵੇ ਜਾਂ ਸੜਕੀ ਟਰਾਂਸਪੋਰਟ ਤੇ ਸ਼ਹਿਰੀ ਹਵਾਬਾਜ਼ੀ ’ਚ ਕੰਮ ਨਹੀਂ ਕਰ ਸਕਦੀਆਂ। ਤੁਰਕੀ ’ਚ ਅੰਡਰਗਰਾਊਂਡ ਜਾਂ ਪਾਣੀ ਹੇਠ ਕੇਬਲ ਵਿਛਾਉਣ, ਸੀਵਰੇਜ ਤੇ ਸੁਰੰਗ ਨਿਰਮਾਣ ਦਾ ਕੰਮ ਨਹੀਂ ਕਰ ਸਕਦੀਆਂ।
ਰਿਪੋਰਟ ਵਿਚ ਭਾਰਤ ਬਾਰੇ ਕਿਹਾ ਗਿਆ ਹੈ ਕਿ ਅੰਦੋਲਨਾਂ ਦੇ ਸਦਕਾ ਇਥੇ 2005 ਵਿਚ ਘਰੇਲੂ ਹਿੰਸਾ ਖਿਲਾਫ ਕਾਨੂੰਨ ਪਾਸ ਕਰਾਇਆ ਗਿਆ, ਪਰ ਵੇਤਨ ਤੇ ਪੈਨਸ਼ਨ ਨੂੰ ਪ੍ਰਭਾਵਤ ਕਰਨ ਵਾਲੇ ਕਾਨੂੰਨ, ਵਿਰਾਸਤ ਤੇ ਸੰਪਤੀ ਦੇ ਅਧਿਕਾਰਾਂ ਨੂੰ ਪ੍ਰਭਾਵਤ ਕਰਨ ਵਾਲੇ ਕਾਨੂੰਨ ਮਹਿਲਾਵਾਂ ਨੂੰ ਬਰਾਬਰੀ ਪ੍ਰਦਾਨ ਕਰਨ ਵਿਚ ਅੜਿੱਕਾ ਬਣੇ ਹੋਏ ਹਨ। ਰਿਪੋਰਟ ਕਹਿੰਦੀ ਹੈ ਕਿ ਕੋਈ ਵੀ ਦੇਸ਼ ਪੂਰਨ ਵਿਕਾਸ ਨਹੀਂ ਕਰ ਸਕਦਾ, ਜੇ ਉਸ ਦੀ ਤਰੱਕੀ ਵਿਚ ਮਹਿਲਾਵਾਂ ਦੀ ਭਾਈਵਾਲੀ ਪੂਰੀ ਨਾ ਹੋਵੇ। ਅਜਿਹੇ ਦੇਸ਼ ਵਿਕਾਸ ਦੀ ਦੌੜ ਵਿੱਚੋਂ ਬਾਹਰ ਹੋ ਜਾਣਗੇ, ਜਿਹੜੇ ਮਹਿਲਾਵਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਨਹੀਂ ਦੇਣਗੇ। ਕਿਰਤ ਸ਼ਕਤੀ ਵਿਚ ਵੱਡੀ ਗਿਣਤੀ ’ਚ ਮਹਿਲਾਵਾਂ ਦਾ ਦਾਖਲਾ ਤੇ ਬਣੇ ਰਹਿਣਾ ਇਸ ਲਈ ਵੀ ਜ਼ਰੂਰੀ ਹੈ, ਕਿਉਕਿ ਇਹ ਉਨ੍ਹਾਂ ਨੂੰ ਤਾਕਤਵਰ ਬਣਾ ਕੇ ਆਤਮ ਨਿਰਭਰ ਬਣਾਉਦਾ ਹੈ, ਜਿਸ ਨਾਲ ਉਹ ਜ਼ੋਰ-ਜ਼ੁਲਮ ਖਿਲਾਫ ਆਵਾਜ਼ ਉਠਾਉਣ ਦਾ ਹੌਸਲਾ ਕਰਦੀਆਂ ਹਨ।