ਪੁਣੇ : ਅਲਫੋਂਸੋ ਅੰਬਾਂ ਦੀਆਂ ਕੀਮਤਾਂ ਅਸਮਾਨ ’ਤੇ ਹੋਣ ਕਾਰਨ ਪੁਣੇ ’ਚ ਵਪਾਰੀ ਨੇ ਇਹ ਅੰਬ ਮਹੀਨਾਵਾਰ ਕਿਸ਼ਤਾਂ ’ਤੇ ਵੇਚਣ ਦੀ ਪੇਸ਼ਕਸ਼ ਕੀਤੀ ਹੈ। ਗੁਰੂ�ਿਪਾ ਟ੍ਰੇਡਰਸ ਐਂਡ ਫਰੂਟ ਪ੍ਰੋਡਕਟਸ ਦੇ ਗੌਰਵ ਨੇ ਕਿਹਾ ਕਿ ਜੇ ਫਰਿੱਜ ਅਤੇ ਏਅਰ ਕੰਡੀਸ਼ਨਰ ਕਿਸ਼ਤਾਂ ’ਤੇ ਖਰੀਦੇ ਜਾ ਸਕਦੇ ਹਨ, ਤਾਂ ਅੰਬ ਕਿਉਂ ਨਹੀਂ। ਗੌਰਵ ਨੇ ਦੱਸਿਆ ਕਿ ਇਸ ਵੇਲੇ ਇਹ ਅੰਬ ਪ੍ਰਾਚੂਨ ਬਾਜ਼ਾਰ ’ਚ 800 ਤੋਂ 1300 ਰੁਪਏ ਪ੍ਰਤੀ ਦਰਜਨ ਦੇ ਹਿਸਾਬ ਨਾਲ ਵਿਕ ਰਹੇ ਹਨ। ਗੌਰਵ ਨੇ ਦਾਅਵਾ ਕੀਤਾ, ‘ਸਾਡੇ ਪਰਵਾਰ ਦਾ ਆਊਟਲੈੱਟ ਪੂਰੇ ਦੇਸ਼ ’ਚ ਈ ਐੱਮ ਆਈ ’ਤੇ ਅੰਬ ਵੇਚਣ ਵਾਲਾ ਪਹਿਲਾ ਹੈ। ਸੀਜ਼ਨ ਦੀ ਸ਼ੁਰੂਆਤ ’ਤੇ ਕੀਮਤਾਂ ਹਮੇਸ਼ਾ ਬਹੁਤ ਜ਼ਿਆਦਾ ਹੁੰਦੀਆਂ ਹਨ। ਅਸੀਂ ਸੋਚਿਆ ਕਿ ਜੇ ਫਰਿੱਜ, ਏ ਸੀ ਅਤੇ ਹੋਰ ਉਪਕਰਣ ਈ ਐੱਮ ਆਈ ’ਤੇ ਖਰੀਦੇ ਜਾ ਸਕਦੇ ਹਨ ਤਾਂ ਅੰਬ ਕਿਉਂ ਨਹੀਂ? ਫਿਰ ਹਰ ਕੋਈ ਅਲਫੋਂਸੋ ਦਾ ਸੁਆਦ ਲੈ ਸਕੇਗਾ। ਜਿਵੇਂ ਲੋਕ ਮੋਬਾਈਲ ਦੀ ਕਿਸ਼ਤ ਦਿੰਦੇ ਹਨ, ਉਵੇਂ ਅੰਬਾਂ ਦੀ ਕਿਸ਼ਤ ਵੀ ਦੇ ਸਕਦੇ ਹਨ।’ ਕਿਸ਼ਤਾਂ ਤਿੰਨ, ਛੇ ਜਾਂ 12 ਮਹੀਨਿਆਂ ਦੀਆਂ ਹੋ ਸਕਦੀਆਂ ਹਨ, ਪਰ ਇਹ ਸਕੀਮ 5,000 ਰੁਪਏ ਦੀ ਘੱਟੋ-ਘੱਟ ਖਰੀਦ ਲਈ ਉਪਲੱਬਧ ਹੈ। ਹੁਣ ਤੱਕ ਕਈ ਗਾਹਕ ਇਸ ਸਕੀਮ ਦਾ ਲਾਭ ਲੈ ਚੁੱਕੇ ਹਨ।