ਸੰਗਰੂਰ (ਪ੍ਰਵੀਨ ਸਿੰਘ)
ਸੰਗਰੂਰ ਨੜੇ ਪਿੰਡ ਨਮੋਲ ’ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ। ਤਿੰਨੇ ਮਜ਼ਦੂਰ ਪਿੰਡ ਨਮੋਲ ਦੇ ਰਹਿਣ ਵਾਲੇ ਹਨ। ਰਾਤ ਨੂੰ ਤਿੰਨਾਂ ਨੇ ਇਕੱਠੇ ਇੱਕ ਹੀ ਥਾਂ ਸ਼ਰਾਬ ਪੀਤੀ। ਦੇਰ ਰਾਤ ਸ਼ਰਾਬ ਪੀ ਕੇ ਉਹ ਘਰ ਜਾ ਕੇ ਸੌਂ ਗਏ। ਸਵੇਰੇ ਜਦ ਉਹ ਨਾ ਉੱਠੇ ਤਾਂ ਪਰਵਾਰ ਵਾਲਿਆਂ ਨੇ ਉਨ੍ਹਾ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ। ਬਾਅਦ ’ਚ ਉਨ੍ਹਾ ਨੂੰ ਪਤਾ ਲੱਗਾ ਕਿ ਉਨ੍ਹਾ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਦੀ ਪਛਾਣ ਗੁਰਮੇਲ ਸਿੰਘ, ਗੁਰਤੇਜ ਸਿੰਘ ਅਤੇ ਚਮਕੌਰ ਸਿੰਘ ਦੇ ਰੂਪ ’ਚ ਹੋਈ ਹੈ। ਚਮਕੌਰ ਸਿੰਘ ਦੀ ਪਤਨੀ ਦਾ ਕਹਿਣਾ ਹੈ ਕਿ ਉਸ ਦਾ ਪਤੀ ਰੋਜ਼ਾਨਾ ਦੀ ਤਰ੍ਹਾਂ ਸ਼ਰਾਬ ਪੀ ਕੇ ਆਉਂਦਾ ਸੀ ਅਤੇ ਸੌਂ ਜਾਂਦਾ ਸੀ। ਸ਼ਨੀਵਾਰ ਸਵੇਰੇ ਜਦ ਦੇਰ ਤੱਕ ਨਹੀਂ ਉੱਠਿਆ ਤਾਂ ਉਸ ਨੇ ਚਾਦਰ ਚੁੱਕ ਕੇ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਉੱਥੇ ਹੀ ਚਮਕੌਰ ਸਿੰਘ ਦੀ ਪਤਨੀ ਨੇ ਦੱਸਿਆ ਕਿ ਉਸ ਦੇ ਘਰ ’ਚ ਕਮਾਉਣ ਵਾਲਾ ਇਕੱਲਾ ਉਹੀ ਸੀ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਪਿੰਡ ’ਚ ਬਹੁਤ ਸਮੇਂ ਤੋਂ ਨਕਲੀ ਸ਼ਰਾਬ ਦਾ ਕੰਮ ਚੱਲ ਰਿਹਾ ਹੈ, ਇਨ੍ਹਾਂ ਮਜ਼ਦੂਰਾਂ ਦੀ ਮੌਤ ਵੀ ਨਕਲੀ ਸ਼ਰਾਬ ਕਾਰਨ ਹੋਈ ਹੈ।
ਪੁਲਸ ਨੇ ਦੱਸਿਆ ਕਿ ਸਵੇਰੇ ਪਿੰਡ ਦੇ ਸਰਪੰਚ ਦਾ ਫੋਨ ਆਇਆ ਸੀ ਜਿਸ ਨੇ ਦੱਸਿਆ ਕਿ ਉਨ੍ਹਾ ਦੇ ਪਿੰਡ ’ਚ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਜਦ ਮੌਕੇ ’ਤੇ ਜਾ ਕੇ ਦੇਖਿਆ ਤਾਂ ਤਿੰਨੇ ਮਜ਼ਦੂਰ ਮਿ੍ਰਤਕ ਪਾਏ ਗਏ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਆਗੂ ਸਾਬਕਾ ਚੇਅਰਮੈਨ ਨਾਲ ਇਸ ਘਟਨਾ ਬਾਰੇ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਬੇਹੱਦ ਦੁਖਦਾਈ ਤੇ ਮੰਦਭਾਗੀ ਘਟਨਾ ਹੈ। ਇਹਨਾਂ ਤਿੰਨੇ ਪਰਵਾਰਾਂ ਦਾ ਗੁਜ਼ਾਰਾ ਇਹਨਾਂ ਤਿੰਨੇ ਦਿਹਾੜੀਦਾਰ ਮਜ਼ਦੂਰਾਂ ਰਾਹੀਂ ਚੱਲ਼ਦਾ ਸੀ। ਉਨ੍ਹਾ ਕਿਹਾ ਪਰਵਾਰਾਂ ਦੇ ਮੈਂਬਰਾਂ ਨੂੰ ਢੁਕਵਾਂ ਮੁਆਵਜ਼ਾ ਦੇਵੇ ਪੰਜਾਬ ਸਰਕਾਰ। ਭਰਪੂਰ ਸਿੰਘ ਦੁੱਗਾ ਨੇ ਮਜ਼ਦੂਰ ਵਰਗ ਦੇ ਇਹਨਾਂ ਤਿੰਨ ਵਿਅਕਤੀਆਂ ਦੀ ਸ਼ਰਾਬ ਪੀਣ ਨਾਲ ਹੋਈ ਮੌਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਇਹਨਾਂ ਪਰਵਾਰਾਂ ਦੇ ਮੈਂਬਰਾਂ ਨੂੰ ਢੁਕਵਾਂ ਮੁਆਵਜ਼ਾ ਦੇਣ ਦੀ ਵੀ ਮੰਗ ਕੀਤੀ ਹੈ।