ਜਲੰਧਰ : ਜਲਿ੍ਹਆਂਵਾਲਾ ਬਾਗ਼ ਦੇ ਪ੍ਰਵੇਸ਼ ਦੁਆਰ ਲਾਗੇ ਟਿਕਟ ਖਿੜਕੀਆਂ ਅਤੇ ਨਿੱਜੀ ਭਾਈਵਾਲੀ ਨਾਲ ਦਾਖ਼ਲਾ ਫ਼ੀਸ ਲਾਗੂ ਕਰਨ ਦੀਆਂ ਤਿਆਰੀਆਂ ਦੇ ਉੱਘੜਵੇਂ ਸੰਕੇਤ ਸਾਹਮਣੇ ਆਉਣ ‘ਤੇ ਦੇਸ਼ ਭਗਤ ਯਾਦਗਾਰ ਕਮੇਟੀ ਨੇ ਇਸ ਨੂੰ ਵਾਅਦਾ-ਖਿਲਾਫ਼ੀ ਕਰਾਰ ਦਿੰਦਿਆਂ ਤਿੱਖੇ ਰੋਸ ਦਾ ਪ੍ਰਗਟਾਵਾ ਕੀਤਾ ਹੈ |
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਡਿਪਟੀ ਕਮਿਸ਼ਨਰ ਅੰਮਿ੍ਤਸਰ ਨੂੰ ਦੇਸ਼ ਭਗਤ ਯਾਦਗਾਰ ਕਮੇਟੀ ਦੀ ਅਗਵਾਈ ‘ਚ ਸਥਾਨਕ ਲੋਕ-ਪੱਖੀ ਸੰਸਥਾਵਾਂ ਦੇ ਨੁਮਾਇੰਦਿਆਂ ਦਾ ਵਫ਼ਦ 16 ਜੂਨ ਸਵੇਰੇ 10 ਵਜੇ ਮਿਲ ਕੇ ਯਾਦ ਪੱਤਰ ਸੌਂਪ ਕੇ ਮੰਗ ਕਰੇਗਾ ਕਿ ਆਜ਼ਾਦੀ ਸੰਗਰਾਮ ਦੀ ਮਹਾਨ ਇਤਿਹਾਸਕ ਵਿਰਾਸਤ ਨਾਲ ਛੇੜਛਾੜ ਅਤੇ ਨਿੱਜੀ ਕੰਪਨੀਆਂ ਰਾਹੀਂ ਦਾਖ਼ਲਾ ਫ਼ੀਸ ਮੜ੍ਹਨ ਵਰਗੇ ਕਦਮ ਚੁੱਕਣੇ ਬੰਦ ਕੀਤੇ ਜਾਣ ਅਤੇ ਸ਼ਹੀਦੀ ਸਥਾਨ ਦਾ ਮੂਲ ਸਰੂਪ ਬਹਾਲ ਕੀਤਾ ਜਾਏ | ਦੇਸ਼ ਭਗਤ ਯਾਦਗਾਰ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਇਸ ਯਾਦ ਪੱਤਰ ‘ਚ ਜ਼ੋਰਦਾਰ ਮੰਗ ਕੀਤੀ ਜਾਵੇਗੀ ਕਿ ਸੱਭਿਆਚਾਰਕ ਮੰਤਰਾਲਾ, ਪੁਰਾਤੱਤਵ ਵਿਭਾਗ, ਕੇਂਦਰੀ ਹਕੂਮਤ ਅਤੇ ਜਲਿ੍ਹਆਂਵਾਲਾ ਬਾਗ਼ ਟਰੱਸਟ ਤੁਰੰਤ ਜਨਤਕ ਤੌਰ ‘ਤੇ ਐਲਾਨ ਕਰਨ ਕਿ ਦਾਖ਼ਲਾ ਫ਼ੀਸ ਨਹੀਂ ਲਾਈ ਜਾਏਗੀ ਅਤੇ ਟਿਕਟ ਲਾਉਣ ਦੀ ਤਿਆਰੀ ਨਾਲ ਜੁੜਵਾਂ ਸਾਮਾਨ ਤੁਰੰਤ ਹਟਾ ਲਿਆ ਜਾਏਗਾ |
ਕਮੇਟੀ ਨੇ ਇਹ ਵੀ ਐਲਾਨ ਕੀਤਾ ਹੈ ਕਿ 19 ਜੂਨ ਸਵੇਰੇ 11 ਵਜੇ ਦੇਸ਼ ਭਗਤ ਯਾਦਗਾਰ ਹਾਲ ‘ਚ ਬੋਰਡ ਆਫ਼ ਟਰੱਸਟ ਦੀ ਹੋ ਰਹੀ ਮੀਟਿੰਗ ‘ਚ ਜਲਿ੍ਹਆਂਵਾਲਾ ਬਾਗ਼ ਦੇ ਮੂਲ ਸਰੂਪ ਦੀ ਬਹਾਲੀ ਅਤੇ ਦਾਖ਼ਲਾ ਫ਼ੀਸ ਲਾਗੂ ਕਰਨ ਦੇ ਚੁੱਕੇ ਜਾ ਰਹੇ ਕਦਮਾਂ ਨੂੰ ਪਿਛਲਮੋੜਾ ਦੇਣ ਲਈ ਅਗਲੀ ਸਰਗਰਮੀ ਬਾਰੇ ਵਿਚਾਰ ਕੀਤਾ ਜਾਏਗਾ |
ਕਮੇਟੀ ਆਗੂਆਂ ਨੇ ਦੱਸਿਆ ਕਿ 16 ਨਵੰਬਰ 2021 ਨੂੰ ਚੰਡੀਗੜ੍ਹ ਵਿਖੇ ਵਿਸ਼ਾਲ ਜਨਤਕ ਇਕੱਤਰਤਾ ਅਤੇ ਰੋਸ ਮਾਰਚ ਕਰਕੇ ਗਵਰਨਰ ਪੰਜਾਬ ਰਾਹੀਂ ਇਨ੍ਹਾਂ ਮੰਗਾਂ ਲਈ ਭੇਜੇ ਮੰਗ-ਪੱਤਰ ਉਪਰੰਤ ਸਰਕਾਰ ਅਤੇ ਪ੍ਰਸ਼ਾਸਨ ਦੇ ਨੁਮਾਇੰਦਿਆਂ ਵੱਲੋਂ ਬਿਆਨ ਜਾਰੀ ਕਰਦਿਆਂ ਵਿਸ਼ਵਾਸ ਦੁਆਇਆ ਗਿਆ ਸੀ ਕਿ ਦਾਖ਼ਲਾ ਫ਼ੀਸ ਨਹੀਂ ਲਾਏ ਜਾਏਗੀ | ਹੁਣ ਫ਼ੀਸ ਲਈ ਤਿਆਰੀਆਂ ਕਰਨਾ ਨੰਗੀ ਚਿੱਟੀ ਵਾਅਦਾ ਖਿਲਾਫ਼ੀ ਹੈ |




