ਸ਼ਾਹਕੋਟ (ਗਿਆਨ ਸੈਦਪੁਰੀ)
ਜਲੰਧਰ ਪਾਰਲੀਮੈਂਟ ਦੀ ਜ਼ਿਮਨੀ ਚੋਣ ਲਈ ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਚੋਣ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਪੰਜਾਬ ਕਾਂਗਰਸ ਕਮੇਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਇਹ ‘ਕਰੋ ਜਾਂ ਮਰੋ’ ਦੀ ਲੜਾਈ ਹੈ। ਇਸ ਲਈ ਪੂਰੀ ਤਰਾਂ ਕਮਰਕੱਸੇ ਕਰਕੇ ਜਿੱਤਣ ਲਈ ਮੈਦਾਨ ਮੱਲੋ। ਉਹ ਸੋਮਵਾਰ ਨੂੰ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਰਿਹਾਇਸ਼ ’ਤੇ ਸੱਦੀ ਵਰਕਰ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾ ਹਲਕੇ ਦੇ ਕਾਂਗਰਸੀ ਵਰਕਰਾਂ ’ਚ ਉਤਸ਼ਾਹ ਭਰਦਿਆਂ ਕਿਹਾ ਕਿ ਜਦੋਂ ਸਾਰੇ ਪੰਜਾਬ ਵਿੱਚ ਸਿਆਸੀ ਬਦਲਾਅ ਤੇ ਆਮ ਆਦਮੀ ਪਾਰਟੀ ਦੀ ਗੱਲ ਹੀ ਚਲਦੀ ਸੀ ਤਾਂ ਸ਼ਾਹਕੋਟੀਆਂ ਨੇ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਰੱਖਿਆ। ਇਸ ਨਾਲ ਇਹ ਵੀ ਪਤਾ ਲੱਗਦਾ ਕਿ ਦੁਆਬੇ ਦੇ ਲੋਕ ਦੂਰਅੰਦੇਸ਼ ਤੇ ਸਿਆਣੇ ਹਨ। ਉਨ੍ਹਾ ਕਿਹਾ ਕਿ ਕਾਂਗਰਸ ਸਰਕਾਰ ਦੇ ਕੰਮਾਂ ਵਿੱਚ ਕਮੀਆਂ ਰਹਿ ਗਈਆਂ ਸਨ, ਇਸ ਕਰਕੇ ਲੋਕਾਂ ਨੇ ਜਿੱਥੇ ‘ਆਪ’ ਨੂੰ ਜਿਤਾਇਆ, ਉੱਥੇ ਕਾਂਗਰਸ ਨੂੰ ਹਰਾਇਆ ਵੀ।
ਰਾਜਾ ਵੜਿੰਗ ਨੇ ਕਿਹਾ ਕਿ ‘ਆਪ’ ਨੂੰ ਉਮੀਦਵਾਰ ਕਾਂਗਰਸ ਪਾਰਟੀ ਕੋਲੋਂ ਲੈਣਾ ਪਿਆ। ਸ਼ਾਹਕੋਟ ਹਲਕੇ ਤੋਂ ਭਾਜਪਾ ਦੇ ਇੰਚਰਾਜ ਬਣੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਸਖਤ ਅਲੋਚਨਾ ਕਰਦਿਆਂ ਵੜਿੰਗ ਨੇ ਕਿਹਾ ਕਿ ਉਹ ਪੰਜਾਬ ਦੇ ਖਜ਼ਾਨਾ ਮੰਤਰੀ ਨਾ ਹੁੰਦੇ ਤਾਂ ਅੱਜ ਪੰਜਾਬ ਵਿੱਚ ਕਾਂਗਰਸ ਸੱਤਾਧਾਰੀ ਹੁੰਦੀ। ਮਨਪ੍ਰੀਤ ਜਿਸ ਪਾਰਟੀ ਵਿੱਚ ਗਏ, ਉਸ ਦਾ ਭੱਠਾ ਬਿਠਾ ਕੇ ਆਏ। ਇਹੀ ਹਾਲ ਉਹ ਪੰਜਾਬ ਭਾਜਪਾ ਦਾ ਕਰਨਗੇ। ਦਲ-ਬਦਲੂਆਂ ਬਾਰੇ ਗੱਲ ਕਰਦਿਆਂ ਉਨ੍ਹਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਹਵਾਲਾ ਦਿੰਦਿਆਂ ਕਿਹਾ ਕਿ ਲੀਡਰ ਵੱਡਾ ਨਹੀਂ ਹੁੰਦਾ, ਸਗੋਂ ਪਾਰਟੀ ਵੱਡੀ ਹੁੰਦੀ ਹੈ। ਕੈਪਟਨ ਨੂੰ ਹੁਣ ਕੋਈ ਨਹੀਂ ਪੁੱਛਦਾ। ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਸੀਨੀਅਰ ਕਾਂਗਰਸੀ ਆਗੂ ਰਾਣਾ ਗੁਰਜੀਤ ਸਿੰਘ ਦੀ ਸ਼ਲਾਘਾ ਕੀਤੀ।
ਰੈਲੀ ਨੂੰ ਰਾਣਾ ਗੁਰਜੀਤ ਸਿੰਘ, ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਕੁਲਦੀਪ ਸਿੰਘ ਕਿੱਕੀ ਢਿੱਲੋਂ, ਮਾਰਕੀਟ ਕਮੇਟੀ ਸ਼ਾਹਕੋਟ ਦੇ ਸਾਬਕਾ ਚੇਅਰਮੈਨ ਸੁਰਿੰਦਰਜੀਤ ਸਿੰਘ ਚੱਠਾ, ਜਿਲ੍ਹਾ ਪ੍ਰੀਸ਼ਦ ਦੇ ਸਾਬਕਾ ਮੈਂਬਰ ਦਲਜੀਤ ਸਿੰਘ, ਸਾਬਕਾ ਚੇਅਰਮੈਨ ਅਮਰਜੀਤ ਸਿੰਘ ਸੋਹਲ, ਤਰਲੋਕ ਸਿੰਘ ਰੂਪਰਾ, ਐੱਮ ਸੀ ਕ੍ਰਾਂਤੀਜੀਤ, ਹਰਭਜਨ ਸਿੰਘ ਖਾਲਸਾ, ਮਹਿੰਦਰਪਾਲ ਸਿੰਘ ਟੁਰਨਾ, ਦਰਸ਼ਨ ਸਿੰਘ ਮਾਣਕਪੁਰ, ਸੰਤੋਖ ਸਿੰਘ ਸਰਪੰਚ ਨਵਾਂ ਪਿੰਡ ਅਤੇ ਜੋਗਿੰਦਰ ਸਿੰਘ ਉੱਪਲ ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਬੀਰ ਸਿੰਘ ਜ਼ੀਰਾ, ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਜਗਦਰਸ਼ਨ ਕੌਰ ਧਰਮਕੋਟ, ਅਜਮੇਰ ਸਿੰਘ ਖਾਲਸਾ, ਗੁਲਜ਼ਾਰ ਸਿੰਘ ਥਿੰਦ, ਮੋਹਣ ਸਿੰਘ ਫੁੱਲ, ਅਲਵਿੰਦਰਪਾਲ ਸਿੰਘ ਨੀਟੂ, ਹਰਦੇਵ ਸਿੰਘ ਪੀਟਾ, ਸੰਦੀਪ ਸਿੰਘ ਖੈਹਰਾ, ਕਮਲ ਕੁਮਾਰ ਨਾਹਰ, ਗੁਰਮੱਖ ਸਿੰਘ ਬਹੁਗਣ, ਸੀਤਲ ਸਿੰਘ ਢਿੱਲੋਂ, ਸੁਖਦੀਪ ਸਿੰਘ ਕੰਗ ਪੀ ਏ , ਜਗਤਾਰ ਸਿੰਘ ਖਾਲਸਾ, ਨਛੱਤਰ ਸਿੰਘ ਸੱਤੀ ਤੇ ਲਹਿੰਬਰ ਸਿੰਘ ਪਹਿਲਵਾਨ ਆਦਿ ਹਾਜ਼ਰ ਸਨ।





