ਜਲੰਧਰ (ਸ਼ੈਲੀ ਐਲਬਰਟ, ਇਕਬਾਲ ਉਭੀ,
ਸੁਰਿੰਦਰ ਕੁਮਾਰ)
ਪੰਜਾਬ ਵਿੱਚ ਕਾਂਗਰਸ ਨੂੰ ਇੱਕ ਹੋਰ ਝਟਕਾ ਦਿੰਦੇ ਹੋਏ ਕਰਤਾਰਪੁਰ ਤੋਂ ਸਾਬਕਾ ਕਾਂਗਰਸੀ ਵਿਧਾਇਕ ਸੁਰਿੰਦਰ ਚੌਧਰੀ ਸੋਮਵਾਰ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ। ਇਸ ਤੋਂ ਪਹਿਲਾਂ ਜਲੰਧਰ ਤੋਂ ਸਾਬਕਾ ਕਾਂਗਰਸੀ ਵਿਧਾਇਕ ਸੁਸ਼ੀਲ ਰਿੰਕੂ ‘ਆਪ’ ’ਚ ਸ਼ਾਮਲ ਹੋਏ ਸਨ ਅਤੇ ਉਹ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਵਿੱਚ ‘ਆਪ’ ਦੇ ਉਮੀਦਵਾਰ ਹਨ। ਸੁਰਿੰਦਰ ਚੌਧਰੀ ਮਰਹੂਮ ਸੰਤੋਖ ਸਿੰਘ ਚੌਧਰੀ ਦੇ ਭਤੀਜੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਹਲਕਾ ਕਰਤਾਰਪੁਰ ’ਚ ਇੱਕ ਚੋਣ ਰੈਲੀ ਦੌਰਾਨ ਚੌਧਰੀ ਸੁਰਿੰਦਰ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕੀਤਾ ਅਤੇ ਉਨ੍ਹਾ ਦਾ ਪਾਰਟੀ ਵਿੱਚ ਰਸਮੀ ਸਵਾਗਤ ਕੀਤਾ। ਇਸ ਮੌਕੇ ਮਾਨ ਨੇ ਕਿਹਾ ਕਿ ਸਾਡੇ ਵਿਚਕਾਰ ਇੱਕ ਅਜਿਹੀ ਸ਼ਖਸੀਅਤ ਹੈ, ਜੋ ਪੀੜ੍ਹੀ ਦਰ ਪੀੜ੍ਹੀ ਸਮਾਜ ਅਤੇ ਰਾਜਨੀਤੀ ਦੀ ਸੇਵਾ ਕਰ ਰਹੀ ਹੈ। ਸੁਰਿੰਦਰ ਚੌਧਰੀ ਇੱਕ ਸੱਚੇ ਵਲੰਟੀਅਰ ਵਜੋਂ ਸਾਡੇ ਨਾਲ ਜੁੜਿਆ ਹੈ। ਆਮ ਆਦਮੀ ਪਾਰਟੀ ਕਰੋੜਾਂ ਲੋਕਾਂ ਦੀ ਪਾਰਟੀ ਹੈ ਅਤੇ ਇਸ ਪਾਰਟੀ ’ਚ ਦੇਸ਼ ਦੇ ਹੋਰ ਕਰੋੜਾਂ ਲੋਕਾਂ ਨੇ ਆਉਣਾ ਹੈ ਅਤੇ ਪਾਰਟੀ ਨੂੰ ਦੂਜੇ ਰਾਜਾਂ ’ਚ ਵੀ ਫੈਲਾਉਣਾ ਹੈ। ਉਨ੍ਹਾ ਕਿਹਾ ਕਿ ਫਿਲਹਾਲ ਤਾਂ ਦੋ ਰਾਜਾਂ ਵਿੱਚ ਆਪ ਦੀ ਸਰਕਾਰ ਹੈ। ਅਜੇ 130 ਕਰੋੜ ਲੋਕਾਂ ਤੱਕ ਤਾਂ ਪਾਰਟੀ ਨੇ ਜਾਣਾ ਹੈ। ਸੁਰਿੰਦਰ ਚੌਧਰੀ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਦਾ ਭਵਿੱਖ ਸਿਰਫ ਭਗਵੰਤ ਮਾਨ ਦੇ ਹੱਥਾਂ ’ਚ ਹੀ ਸੁਰੱਖਿਅਤ ਹੈ।





