ਬਿਜਲੀ ਕਾਮਿਆਂ ਵੱਲੋਂ ਪਟਿਆਲਾ ’ਚ ਵਿਸ਼ਾਲ ਸੂਬਾਈ ਧਰਨਾ

0
304

ਸਮਰਾਲਾ (ਸੁਰਜੀਤ ਸਿੰਘ)
ਮੰਗਲਵਾਰ ਪਾਵਰਕਾਮ ਦੇ ਪਟਿਆਲਾ ਵਿਖੇ ਸਥਿਤ ਮੁੱਖ ਦਫਤਰ ਵਿਖੇ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਹਜ਼ਾਰਾਂ ਬਿਜਲੀ ਕਾਮਿਆਂ ਵੱਲੋਂ ਪੀ ਐੱਸ ਈ ਬੀ ਇੰਪਲਾਈਜ਼ ਜੁਆਇੰਟ ਫੋਰਮ ਦੇ ਸੱਦੇ ’ਤੇ ਵਿਸ਼ਾਲ ਸੂਬਾਈ ਰੋਸ ਧਰਨਾ ਦਿੱਤਾ ਗਿਆ। ਇਹ ਰੋਸ ਧਰਨਾ ਪਾਵਰ ਮੈਨੇਜਮੈਂਟ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਅਤੇ ਮੀਟਿੰਗ ਵਿੱਚ ਮੰਨੀਆਂ ਮੰਗਾਂ ਲਾਗੂ ਨਾ ਕਰਨ ਵਿਰੁੱਧ ਦਿੱਤਾ ਗਿਆ। ਧਰਨੇ ਵਿੱਚ ਬਿਜਲੀ ਮੁਲਾਜ਼ਮਾਂ ਦੀਆਂ ਪ੍ਰਮੁੱਖ ਜੱਥੇਬੰਦੀਆਂ ਟੈਕਨੀਕਲ ਸਰਵਿਸਿਜ਼ ਯੂਨੀਅਨ, ਪੀ ਐੱਸ ਈ ਬੀ ਇੰਪਲਾਈਜ਼ ਫੈਰਡੇਸ਼ਨ, ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ, ਇੰਪਲਾਈਜ਼ ਫੈਡਰੇਸ਼ਨ (ਸੁਰਿੰਦਰ ਸਿੰਘ ਪਹਿਲਵਾਨ), ਇੰਪਲਾਈਜ਼ ਫੈਡਰੇਸ਼ਨ (ਫਲਜੀਤ ਸਿੰਘ) ਵਰਕਰਜ਼ ਫੈਡਰੇਸ਼ਨ ਇੰਟਕ, ਸਬ-ਸਟੇਸ਼ਨ ਸਟਾਫ ਵੈੱਲਫੇਅਰ ਐਸੋਸੀਏਸ਼ਨ, ਹੈੱਡ ਆਫਿਸ ਇੰਪਲਾਈਜ਼ ਫੈਡਰੇਸ਼ਨ, ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਅਤੇ ਥਰਮਲ ਇੰਪਲਾਈਜ਼ ਕੁਆਰਡੀਨੇਸ਼ਨ ਕਮੇਟੀ ਦੇ ਬਿਜਲੀ ਕਾਮੇ ਵੱਡੀ ਗਿਣਤੀ ਵਿੱਚ ਧਰਨੇ ਵਿੱਚ ਸ਼ਾਮਲ ਹੋਏ।
ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀਆਂ ਦੇ ਸੂਬਾਈ ਆਗੂਆਂ ਕਰਮ ਚੰਦ ਭਾਰਦਵਾਜ, ਰਤਨ ਸਿੰਘ ਮਜਾਰੀ, ਬਲਦੇਵ ਸਿੰਘ ਮੰਢਾਲੀ, ਹਰਮੇਸ਼ ਸਿੰਘ ਧੀਮਾਨ, ਕੌਰ ਸਿੰਘ ਸੋਹੀ, ਜਗਰੂਪ ਸਿੰਘ ਮਹਿਮਦਪੁਰ, ਰਵੇਲ ਸਿੰਘ ਸਹਾਏਪੁਰ, ਅਵਤਾਰ ਸਿੰਘ ਕੈਂਥ, ਕਮਲਜੀਤ ਸਿੰਘ, ਕੁਲਵਿੰਦਰ ਸਿੰਘ, ਜਗਜੀਤ ਸਿੰਘ ਕੰਡਾ, ਬਲਵਿੰਦਰ ਸਿੰਘ ਸੰਧੂ, ਹਰਪਾਲ ਸਿੰਘ, ਸੁਖਵਿੰਦਰ ਸਿੰਘ, ਸਿਕੰਦਰ ਨਾਥ ਤੇ ਸਰਬਜੀਤ ਸਿੰਘ ਭਾਣਾ ਨੇ ਕਿਹਾ ਕਿ ਪਾਵਰਕਾਮ ਅਤੇ ਟਰਾਂਸਕੋ ਦੀਆਂ ਮੈਨੇਜਮੈਂਟਾਂ ਜਥੇਬੰਦੀਆਂ ਨਾਲ ਕੀਤੇ ਸਮਝੌਤਿਆਂ ਅਨੁਸਾਰ ਮੰਨੀਆਂ ਮੰਗਾਂ ਲਾਗੂ ਕਰਨ ਤੋਂ ਇਨਕਾਰੀ ਹਨ ਅਤੇ ਲਗਾਤਾਰ ਟਾਲ-ਮਟੋਲ ਦੀ ਨੀਤੀ ਅਪਣਾ ਕੇ ਮੁਲਾਜ਼ਮਾਂ ਨੂੰ ਤੰਗ-ਪ੍ਰੇਸ਼ਾਨ ਕਰ ਰਹੀਆਂ ਹਨ, ਕੱਚੇ ਕਾਮੇ ਪੱਕੇ ਕਰਨ ਦੀ ਥਾਂ ਸੀ ਆਰ ਏ 295/19 ਰਾਹੀਂ ਭਰਤੀ ਕੀਤੇ ਹਜ਼ਾਰਾਂ ਕਰਮਚਾਰੀਆਂ ਨੂੰ ਪਰਖ ਕਾਲ ਸਮਾਂ ਪੂਰਾ ਕਰਨ ਉਪਰੰਤ ਪੂਰੀ ਤਨਖਾਹ ਦੇਣ ਦੀ ਥਾਂ ਕੋਰਟ ਕੇਸਾਂ ਵਿੱਚ ਉਲਝਾ ਰਹੀਆਂ ਹਨ, ਗਲਤ ਸਰਟੀਫਿਕੇਟਾਂ ਦਾ ਬਹਾਨਾ ਬਣਾ ਕੇ ਅਖੌਤੀ ਇਨਕੁਆਰੀ ਰਾਹੀਂ ਪ੍ਰੇਸ਼ਾਨ ਕਰਕੇ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ।
ਇਨ੍ਹਾਂ ਆਗੂਆਂ ਮੰਗ ਕੀਤੀ ਕਿ ਪੰਜਾਬ ਸਰਕਾਰ ਅਤੇ ਪਾਵਰ ਮੈਨੇਜਮੈਂਟਾਂ ਇਨ੍ਹਾਂ ਕਾਮਿਆਂ ਤੋਂ ਨੌਕਰੀ ਖੋਹਣ ਦੀ ਥਾਂ ਪਿਛਲੇ ਤਿੰਨ ਸਾਲਾਂ ਤੋਂ ਕੰਮ ਕਰ ਰਹੇ ਕਰਮਚਾਰੀਆਂ ਨੂੰ ਪੂਰੀ ਤਨਖਾਹ ਅਦਾ ਕਰੇ। ਕਲੈਰੀਕਲ ਤੇ ਟੈਕਨੀਕਲ ਕਾਮਿਆਂ ਨੂੰ ਪਰਖ ਕਾਲ ਸਮਾਂ ਪੂਰਾ ਹੋਣ ’ਤੇ ਪੂਰੀ ਤਨਖਾਹ ਅਦਾ ਕਰੇ। ਕੱਚੇ ਕਰਮਚਾਰੀ ਤੇ ਕੰਟਰੈਕਟ ਕਾਮੇ ਪੱਕੇ ਕੀਤੇ ਜਾਵੇ। ਡੀ ਏ ਦੀਆਂ ਬਕਾਇਆ ਕਿਸ਼ਤਾਂ ਸਮੇਤ ਏਰੀਅਰ ਫੌਰੀ ਦਿੱਤਾ ਜਾਵੇ।
ਧੱਕੇ ਨਾਲ ਜੀ ਓ ਸਿੰਮ ਦੇਣ ਦੀ ਥਾਂ ਮੋਬਾਇਲ ਦਿੱਤੇ ਜਾਣ। ਮੋਬਾਇਲ ਅਲਾਊਂਸ ਬੰਦ ਕਰਨ ਦੀ ਥਾਂ ਆਪਸ਼ਨਲ ਕੀਤਾ ਜਾਵੇ। ਪੇ-ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਤਨਖਾਹ ਸਕੇਲ ਫਿਕਸ ਕਰਕੇ ਵੇਜ ਫਾਰਮੂਲੇਸ਼ਨ ਕਮੇਟੀ ਰਾਹੀਂ ਅਨਾਮਲੀਜ਼ ਦੂਰ ਕਰਕੇ ਤਨਖਾਹ ਸਕੇਲਾਂ ਦਾ ਵਿਤਕਰਾ ਦੂਰ ਕੀਤਾ ਜਾਵੇ। ਹੋਰ ਮੰਗਾਂ ਜਿਵੇਂ ਓ ਸੀ ਅਤੇ ਆਰ ਟੀ ਅੱੈਮ ਨੂੰ ਪੇ ਬੈਂਡ ਦੇਣ, ਤਰੱਕੀ ਦੇਣ, ਐੱਸ ਐੱਸ ਏ ਤੋਂ ਐੱਸ ਐੱਸ ਓ, ਸ ਲ ਮ ਤੋਂ ਲ ਮ ਅੱੈਲ ਡੀ ਸੀ ਤੋਂ ਯੂ ਡੀ ਸੀ, ਹਲਕਾ ਸਹਾਇਕ, ਸ ਲ ਮ ਤੇ ਲ ਮ ਨੂੰ ਏ ਐੱਸ ਐੱਸ ਏ ਅਤੇ ਅੱੈਸ ਐੱਸ ਏ ਦੀ ਥਾਂ ਗਰਿਡ ਸ/ ਸ ਤੇ ਬਿਨਾਂ ਵਿੱਤੀ ਲਾਭ ਧੱਕੇ ਨਾਲ ਡਿਊਟੀ ਦੇਣ, ਸਮੁੱਚੇ ਮੁਲਾਜ਼ਮਾਂ ਦੀਆਂ ਬਣਦੀਆਂ ਤਰੱਕੀਆਂ ਕਰਨ ਦੀ ਮੰਗ ਕੀਤੀ। ਧਰਨੇ ਸਮੇਂ ਐਲਾਨ ਕੀਤਾ ਗਿਆ ਕਿ ਜੇਕਰ ਪਾਵਰ ਮੈਨੇਜਮੈਂਟ ਨੇ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਅਤੇ ਰਹਿੰਦੀਆਂ ਮੰਗਾਂ ਦਾ ਆਪਸੀ ਗੱਲਬਾਤ ਰਾਹੀਂ ਨਿਪਟਾਰਾ ਨਾ ਕੀਤਾ ਤਾਂ ਬਿਜਲੀ ਕਾਮੇ 15 ਅਪ੍ਰੈਲ ਤੋਂ 30 ਅਪ੍ਰੈਲ ਤੱਕ ਦਫਤਰ ਤੋਂ ਦਫਤਰ ਸਮੁੱਚੇ ਪੰਜਾਬ ਅੰਦਰ ਸੰਪਰਕ ਮੁਹਿੰਮ ਚਲਾਉਣਗੇ। ਇੱਕ ਮਈ ਤੋਂ 31 ਮਈ ਤੱਕ ਦੋਨੋਂ ਕਾਰਪੋਰੇਸ਼ਨਾਂ ਦੇ ਚੇਅਰਮੈਨਾਂ ਅਤੇ ਡਾਇਰੈਕਟਰ ਵਿਰੁੱਧ ਫੀਲਡ ਵਿੱਚ ਦੌਰੇ ਸਮੇਂ ਕਾਲੇ ਝੰਡਿਆਂ ਨਾਲ ਰੋਸ ਵਿਖਾਵੇ ਕਰਨਗੇ। ਪੈਡੀ ਸੀਜ਼ਨ ਸ਼ੁਰੂ ਹੋਣ ’ਤੇ ਜੂਨ ਵਿੱਚ ਇੱਕ ਰੋਜ਼ਾ ਹੜਤਾਲ ਕੀਤੀ ਜਾਵੇਗੀ।
ਮਈ ਦੇ ਤੀਜੇ ਹਫਤੇ ਵਿੱਚ ਬਿਜਲੀ ਮੰਤਰੀ ਪੰਜਾਬ ਦੀ ਰਿਹਾਇਸ਼ ਵਿਖੇ ਰੋਸ ਧਰਨਾ ਦਿੱਤਾ ਜਾਵੇਗਾ। ਵਿਧਾਇਕਾਂ ਤੇ ਮੰਤਰੀਆਂ ਰਾਹੀਂ ਮੁੱਖ ਮੰਤਰੀ ਦੇ ਨਾਂਅ ਮੈਮੋਰੰਡਮ ਦਿੱਤੇ ਜਾਣਗੇ। ਕਰਮ ਚੰਦ ਭਾਰਦਵਾਜ ਸਕੱਤਰ ਨੇ ਦੱਸਿਆ ਕਿ ਜੇਕਰ ਮੈਨੇਜਮੈਂਟ ਨੇ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਅਤੇ ਮੁਲਾਜ਼ਮ ਵਿਰੋਧੀ ਕਾਰਵਾਈਆਂ ਬੰਦ ਨਾ ਕੀਤੀਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਪੰਜਾਬ/ ਯੂ ਟੀ ਮੁਲਾਜ਼ਮ ਤੇ ਪੈਨਸ਼ਰਜ਼ ਸਾਂਝਾ ਫਰੰਟ ਵੱਲੋਂ ਪੰਜਾਬ ਸਰਕਾਰ ਦੀ ਮੁਲਾਜ਼ਮ ਮੰਗਾਂ ਮੰਨਣ ਪ੍ਰਤੀ ਟਾਲ-ਮਟੋਲ ਦੀ ਨੀਤੀ ਵਿਰੁੱਧ ਸੂਬਾ ਪੱਧਰ ’ਤੇ ਦਿੱਤੇ ਸੰਘਰਸ਼ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ।
ਧਰਨੇ ਨੂੰ ਹੋਰਨਾਂ ਤੋਂ ਇਲਾਵਾ ਲਖਵੰਤ ਸਿੰਘ ਦਿਉਲ, ਸਰਬਜੀਤ ਭਾਣਾ, ਇੰਦਰਜੀਤ ਢਿੱਲੋਂ, ਗੁਰਦਿੱਤ ਸਿੰਘ ਸਿੱਧੂ, ਲਖਵਿੰਦਰ ਸਿੰਘ, ਰਣਬੀਰ ਸਿੰਘ, ਅਮਰਜੀਤ ਸਿੰਘ ਮੰਗਲੀ, ਸੁਖਵਿੰਦਰ ਸਿੰਘ ਦੁੰਮਨਾ, ਨਛੱਤਰ ਸਿੰਘ ਰਣੀਆ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।

LEAVE A REPLY

Please enter your comment!
Please enter your name here