ਗੁਰੂ ਤੇਗ ਬਹਾਦਰ ਦੀ ਸੋਚ ਦੁਸ਼ਟ ਪ੍ਰਬੰਧ ਦਾ ਖਾਤਮਾ ਤੇ ਇਨਸਾਫ ਪਸੰਦ ਪ੍ਰਬੰਧ ਕਾਇਮ ਕਰਨਾ ਸੀ : ਮਾੜੀਮੇਘਾ

0
244

ਭਿੱਖੀਵਿੰਡ : ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਅਵਤਾਰ ਪੁਰਬ ਸੀ ਪੀ ਆਈ ਬਲਾਕ ਭਿੱਖੀਵਿੰਡ ਵੱਲੋਂ ਚੇਲਾ ਕਾਲੋਨੀ ਭਿੱਖੀਵਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਬਲਾਕ ਦੀ ਜਨਰਲ ਬਾਡੀ ਮੀਟਿੰਗ ਕਰਕੇ ਭੈਣ ਸਰੋਜ ਮਲਹੋਤਰਾ ਭਿੱਖੀਵਿੰਡ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਨੇ ਮੁਸਲਿਮ ਹਾਕਮਾਂ ਤੋਂ ਮਜ਼ਲੂਮ ਹਿੰਦੂਆਂ ਨੂੰ ਬਚਾਉਣ ਵਾਸਤੇ ਸ਼ਹਾਦਤ ਦਾ ਜਾਮ ਪੀਤਾ । ਉਨ੍ਹਾ ਸਿਰਫ ਹਿੰਦੂਆਂ ਨੂੰ ਬਚਾਉਣ ਵਾਸਤੇ ਹੀ ਮੌਤ ਨੂੰ ਗਲੇ ਨਹੀਂ ਸੀ ਲਾਇਆ, ਉਨ੍ਹਾ ਦੀ ਸੋਚ ਇਹ ਸੀ ਕਿ ਜ਼ੁਲਮ ਤੇ ਲੁਟੇਰਾ ਰਾਜ ਪ੍ਰਬੰਧ ਖਤਮ ਕਰਕੇ ਮਿਹਨਤਕਸ਼ ਲੋਕਾਂ ਦਾ ਰਾਜ ਪ੍ਰਬੰਧ ਕਾਇਮ ਕੀਤਾ ਜਾਵੇ। ਉਨ੍ਹਾ ਦੀ ਸ਼ਹਾਦਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਨੇ ਆਪਣੇ ਪਿਤਾ ਦੇ ਵਿਚਾਰਾਂ ’ਤੇ ਪਹਿਰਾ ਦਿੱਤਾ ਤੇ ਸਾਰਾ ਪਰਵਾਰ ਵਿਚਾਰਾਂ ਦੀ ਪੂਰਤੀ ਲਈ ਵਾਰ ਦਿੱਤਾ। ਮਾੜੀਮੇਘਾ ਨੇ ਕਿਹਾ ਕਿ ਅਜੋਕੇ ਹਾਲਾਤ ਇਹ ਹਨ ਕਿ ਹੁਣ ਗੁਰੂ ਸਾਹਿਬਾਂ ਦਾ ਪ੍ਰਚਾਰ ਕਰਨ ਵਾਲੇ ਉਨ੍ਹਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਪ੍ਰਚਾਰ ਨਹੀਂ ਕਰਦੇ, ਸਗੋਂ ਉਨ੍ਹਾਂ ਦੇ ਵਿਚਾਰਾਂ ਦੇ ਉਲਟ ਪ੍ਰਚਾਰ ਕਰ ਰਹੇ ਹਨ। ਗੁਰੂਆਂ ਨੇ ਲੋਕਾਈ ਨੂੰ ਵਹਿਮਾਂ-ਭਰਮਾਂ ਤੇ ਜਾਤਾਂ, ਨਸਲਾਂ ’ਚੋਂ ਕੱਢਣ ਲਈ ਗਿਆਨ ਦਿੱਤਾ ਤੇ ਇਸ ਸੋਚ ਦੀ ਪੂਰਤੀ ਲਈ ਕੁਰਬਾਨ ਹੋ ਗਏ, ਪਰ ਅਜੋਕੇ ਪ੍ਰਚਾਰਕ ਲੋਕਾਈ ਨੂੰ ਗੁਰੂਆਂ ਦੀ ਸੋਚ ਦੇ ਉਲਟ ਵਹਿਮਾਂ-ਭਰਮਾਂ ਵਿੱਚ ਫਸਾਈ ਜਾ ਰਹੇ ਹਨ। ਚਾਹੀਦਾ ਤਾਂ ਇਹ ਹੈ ਕਿ ਸਾਡੇ ਸਭ ਤੋਂ ਮਹੱਤਵਪੂਰਨ ਗਿਆਨ ਭਾਵ ਗੁਰੂ ਗ੍ਰੰਥ ਸਾਹਿਬ ਦੇ ਭੰਡਾਰੇ ਵਿਚੋਂ ਸੱਚ ਸਤ ਦਾ ਗਿਆਨ ਵੰਡਿਆ ਜਾਵੇ। ਗਿਆਨ ਦੀ ਤਲਵਾਰ ਲੋਹੇ ਦੀ ਤਲਵਾਰ ਨਾਲੋਂ ਤਿੱਖੀ ਹੁੰਦੀ ਹੈ, ਡਰ ਉਸ ਦੇ ਲਾਗੇ ਨਹੀਂ ਆਉਂਦਾ। ਜਿਸ ਨੂੰ ਗਿਆਨ ਮਿਲ ਗਿਆ, ਉਹ ਗਿਆਨ ਆਪਣੇ ਕੋਲ ਨਹੀਂ ਰੱਖ ਸਕਦਾ, ਉਹ ਅੱਗੇ ਵੰਡੇਗਾ ਹੀ ਵੰਡੇਗਾ। ਜੇ ਉਹ ਨਹੀਂ ਵੰਡੇਗਾ ਤਾਂ ਫਿਰ ਉਸ ਦਾ ਗਿਆਨ ਵੀ ਅਧੂਰਾ ਰਹਿ ਜਾਵੇਗਾ। ਇਸ ਲਈ ਗਿਆਨ ਦਾ ਅਸੂਲ ਹੈ ਕਿ ਹੋਰ ਗਿਆਨ ਪ੍ਰਾਪਤ ਕਰਨ ਵਾਸਤੇ ਨਾਲ ਦੀ ਨਾਲ ਪਹਿਲਾ ਗਿਆਨ ਵੰਡਣਾ। ਸਾਡੇ ਸਾਹਮਣੇ ਗੁਰੂ ਨਾਨਕ ਦੇਵ ਜੀ ਦੀ ਮਿਸਾਲ ਹੈ, ਉਨ੍ਹਾ ਗਿਆਨ ਪ੍ਰਾਪਤ ਕਰਕੇ ਵੰਡਿਆ ਤੇ ਇਨਸਾਫ ਤੇ ਤਰੱਕੀ ਪਸੰਦ ਰਾਜ ਪ੍ਰਬੰਧ ਕਾਇਮ ਕਰਨ ਲਈ ਸਮੇਂ ਦੇ ਹਾਕਮ ਤੇ ਜਾਬਰ ਬਾਬਰ ਨਾਲ ਟੱਕਰ ਲਈ। ਜੇਲ੍ਹਾਂ ਦੀ ਚੱਕੀ ਪੀਸੀ, ਪਰ ਆਪਣੇ ਵਿਚਾਰਾਂ ’ਤੇ ਅਡੋਲ ਪਹਿਰਾ ਦਿੱਤਾ। ਹਰਦੁਆਰ ਜਾ ਕੇ ਵਹਿਮਾਂ-ਭਰਮਾਂ ਦਾ ਖੰਡਨ ਕੀਤਾ। ਬਗਦਾਦ ਜਾ ਕੇ ਮੁਸਲਮਾਨ ਭਾਈਚਾਰੇ ਨੂੰ ਗਿਆਨ ਵੰਡਿਆ। ਹੁਣ ਵਿਚਾਰਨਯੋਗ ਮਸਲਾ ਇਹ ਹੈ ਕਿ ਗੁਰੂ ਜੀ ਨਾਲ ਕੋਈ ਫੌਜ ਤੇ ਨਹੀਂ ਸੀ, ਉਨ੍ਹਾ ਨਾਲ ਗਿਆਨ ਦੀ ਫੌਜ ਭਾਵ ਤਾਕਤ ਸੀ, ਜਿਹੜੀ ਉਨ੍ਹਾ ਨੂੰ ਬਹਿਣ ਨਹੀਂ ਸੀ ਦਿੰਦੀ। ਇਸ ਲਈ ਸਾਨੂੰ ਗੁਰੂ ਸਹਿਬਾਨਾਂ ਦੇ ਵਿਚਾਰਾਂ ਦਾ ਪ੍ਰਚਾਰ-ਪ੍ਰਸਾਰ ਕਰਨ ਲਈ ਯਤਨਸ਼ੀਲ ਹੋਣਾ ਪਵੇਗਾ, ਇਸ ਤੋਂ ਬਗੈਰ ਸਾਡੇ ਦੇਸ਼ ਵਿੱਚ ਕਿਰਤੀ ਕਿਸਾਨਾਂ ਦਾ ਰਾਜ ਪ੍ਰਬੰਧ ਸਥਾਪਤ ਨਹੀਂ ਹੋ ਸਕਦਾ ਤੇ ਨਾ ਹੀ ਮੋਦੀ-ਸ਼ਾਹ ਦੀ ਫਿਰਕੂ-ਭਰਾ ਨਾਲ ਭਰਾ ਲੜਾਊ ਫਾਸ਼ੀਵਾਦ ਤੇ ਕਾਰਪੋਰੇਟ ਪੱਖੀ ਨੀਤੀ ਵਿਰੁੱਧ ਲੜਿਆ ਜਾ ਸਕਦਾ ਹੈ। ਸਾਡੀ ਪਾਰਟੀ ਅਜਿਹਾ ਰਾਜ ਪ੍ਰਬੰਧ ਕਾਇਮ ਕਰਨ ਲਈ ਵਚਨਬੱਧ ਹੈ, ਜਿਸ ਵਿੱਚ ਹਰ ਇੱਕ ਨੂੰ ਮੁਫਤ ਘਰ, ਰੁਜ਼ਗਾਰ, ਵਿਦਿਆ ਤੇ ਸਿਹਤ ਦਾ ਇਲਾਜ ਮਿਲਣਾ ਯਕੀਨੀ ਹੋਵੇ। ਉਹਨਾ ਕਿਹਾ ਕਿ ਜਲਦੀ ਹੀ ਨਰੇਗਾ ਕੰਮ ਦੀ ਪ੍ਰਾਪਤੀ ਲਈ ਜ਼ੋਰਦਾਰ ਸੰਘਰਸ਼ ਕੀਤਾ ਜਾਵੇਗਾ। ਉਕਤ ਸੋਚ ਦੀ ਪੂਰਤੀ ਲਈ ਸੀ ਪੀ ਆਈ ਦੇਸ਼ ਭਰ ਵਿੱਚ 14 ਅਪ੍ਰੈਲ ਤੋਂ 15 ਮਈ ਤੱਕ ਪਦ ਯਾਤਰਾ ਕਰਕੇ ਲੋਕਾਂ ਨੂੰ ਜਥੇਬੰਦ ਕਰ ਰਹੀ ਹੈ। ਤਰਨ ਤਾਰਨ ਜ਼ਿਲ੍ਹੇ ਵਿੱਚ 9 ਤੋਂ 15 ਮਈ ਤੱਕ ਪਦ ਯਾਤਰਾ ਕੀਤੀ ਜਾਵੇਗੀ। ਭਿੱਖੀਵਿੰਡ ਬਲਾਕ ਵਿੱਚ ਇਹ ਯਾਤਰਾ 15 ਮਈ ਨੂੰ ਪੁੱਜੇਗੀ। ਸ਼ੁਰੂਆਤ ਖਾਲੜੇ ਤੋਂ ਅੱਗੇ ਮਾੜੀਮੇਘਾ, ਭਿੱਖੀਵਿੰਡ, ਚੇਲਾ ਕਾਲੋਨੀ, ਅਲਗੋਂ ਅੱਡਾ, ਅਲਗੋਂ ਮੰਡੀ, ਦਿਆਲਪੁਰਾ ਤੇ ਸੂਰਵਿੰਡ ਜਾ ਕੇ ਸਮਾਪਤੀ ਹੋਵੇਗੀ। ਪ੍ਰੋਗਰਾਮ ਨੂੰ ਸੀ ਪੀ ਆਈ ਬਲਾਕ ਭਿੱਖੀਵਿੰਡ ਦੇ ਸਕੱਤਰ ਨਰਿੰਦਰ ਸਿੰਘ ਅਲਗੋਂ, ਰਛਪਾਲ ਸਿੰਘ ਬਾਠ, ਟਹਿਲ ਸਿੰਘ ਲੱਧੂ, ਸੁਖਦੇਵ ਸਿੰਘ ਕਾਲਾ, ਜਸਵੰਤ ਸਿੰਘ ਸੂਰਵਿੰਡ, ਰਸਾਲ ਸਿੰਘ ਪਹੂਵਿੰਡ, ਜਸਪਾਲ ਸਿੰਘ ਭਿੱਖੀਵਿੰਡ, ਜਸਪਾਲ ਸਿੰਘ ਕਲਸੀਆਂ ਕਲਾਂ ਤੇ ਕਾਬਲ ਸਿੰਘ ਖਾਲੜਾ ਨੇ ਵੀ ਸੰਬੋਧਨ ਕੀਤਾ। ਪ੍ਰੋਗਰਾਮ ਦੀ ਸਮਾਪਤੀ ’ਤੇ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ।

LEAVE A REPLY

Please enter your comment!
Please enter your name here