ਜੈਪੁਰ : ਕਾਂਗਰਸ ਵੱਲੋਂ ਚਿਤਾਵਨੀ ਦੇਣ ਦੇ ਬਾਵਜੂਦ ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਰਾਜ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਰਕਾਰ ਦੌਰਾਨ ਕਥਿਤ ਭਿ੍ਰਸ਼ਟਾਚਾਰ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਮੰਗਲਵਾਰ ਇੱਥੇ ਸ਼ਹੀਦ ਯਾਦਗਾਰ ’ਤੇ ਇੱਕ ਦਿਨ ਦੀ ਭੁੱਖ ਹੜਤਾਲ ਕੀਤੀ ਤੇ ਇਸ ਨੂੰ ਖਤਮ ਕਰਨ ਦੌਰਾਨ ਐਲਾਨ ਕੀਤਾ ਕਿ ਭਿ੍ਰਸ਼ਟਾਚਾਰ ਖਿਲਾਫ ਉਨ੍ਹਾ ਦੀ ਲੜਾਈ ਜਾਰੀ ਰਹੇਗੀ। ਸ਼ਹੀਦ ਯਾਦਗਾਰ ’ਤੇ ਪਹੁੰਚਣ ਤੋਂ ਪਹਿਲਾਂ ਪਾਇਲਟ ਨੇ 22 ਗੋਦਾਮ ਸਰਕਲ ਨੇੜੇ ਸਮਾਜ ਸੁਧਾਰਕ ਜੋਤੀਬਾ ਫੂਲੇ ਦੇ ਬੁੱਤ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਤੋਂ ਬਾਅਦ ਉਹ ਸ਼ਹੀਦੀ ਯਾਦਗਾਰ ਲਈ ਰਵਾਨਾ ਹੋਏ, ਜਿੱਥੇ ਉਨ੍ਹਾ ਦੇ ਵੱਡੀ ਗਿਣਤੀ ਸਮਰਥਕ ਮੌਜੂਦ ਸਨ। ਪਾਇਲਟ ਦਾ ਕਹਿਣਾ ਹੈ ਕਿ ਸਰਕਾਰ ਬਣਨ ਤੋਂ ਪਹਿਲਾਂ ਕਾਂਗਰਸ ਨੇ ਵਸੁੰਧਰਾ ਰਾਜੇ ਸਰਕਾਰ ਦੇ ਭਿ੍ਰਸ਼ਟਾਚਾਰ ਦੀ ਜਾਂਚ ਕਰਨ ਦਾ ਐਲਾਨ ਕੀਤਾ ਸੀ, ਪਰ ਅਜੇ ਤੱਕ ਕੁਝ ਨਹੀਂ ਕੀਤਾ।



