ਚੰਡੀਗੜ੍ਹ : ਕੇਂਦਰ ਸਰਕਾਰ ਨੇ ਕਣਕ ਦੀ ਖਰੀਦ ਵਾਸਤੇ ਸ਼ਰਤਾਂ ਵਿਚ ਛੋਟ ਦੇਣ ਦੇ ਬਹਾਨੇ ਪੰਜਾਬ ਦੇ ਕਿਸਾਨਾਂ ’ਤੇ ਵੱਡਾ ਵਾਰ ਕੀਤਾ ਹੈ। ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ ਮਾਮਲੇ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਪੱਤਰ ਘੱਲ ਕੇ ਦੱਸਿਆ ਹੈ ਕਿ ਦਾਣਾ ਬਦਰੰਗ ਹੋਣ ਦੇ ਮਾਮਲੇ ਵਿਚ 5.31 ਰੁਪਏ ਤੋਂ 31.87 ਰੁਪਏ ਪ੍ਰਤੀ ਕੁਇੰਟਲ ਦਾ ਕੱਟ ਲਾਇਆ ਜਾਵੇਗਾ। ਪੰਜਾਬ ਸਰਕਾਰ ਨੇ ਕੇਂਦਰ ਨੂੰ ਬੇਨਤੀ ਕੀਤੀ ਸੀ ਕਿ ਕੋਈ ਕੱਟ ਨਾ ਲਾਇਆ ਜਾਵੇ। ਭਾਰਤ ਸਰਕਾਰ ਨੇ ਕਿਹਾ ਹੈ ਕਿ ਕਣਕ ਦੇ 10 ਫੀਸਦੀ ਤੱਕ ਬਦਰੰਗ ਦਾਣੇ ਲਈ ਐੱਮ ਐੱਸ ਪੀ ’ਤੇ ਕੋਈ ਕੱਟ ਨਹੀਂ ਲਾਇਆ ਜਾਵੇਗਾ। 10 ਤੋਂ 80 ਫੀਸਦੀ ਬਦਰੰਗ ਦਾਣੇ ’ਤੇ 5.31 ਰੁਪਏ ਪ੍ਰਤੀ ਕੁਇੰਟਲ ਕੱਟ ਲੱਗੇਗਾ। ਰਿਪੋਰਟਾਂ ਮੁਤਾਬਕ ਪੰਜਾਬ ਵਿਚ ਦਾਣਾ 35 ਤੋਂ 80 ਫੀਸਦੀ ਬਦਰੰਗ ਹੋਇਆ ਹੈ। ਇਸੇ ਤਰੀਕੇ ਦਾਣੇ ਦੇ 6 ਫੀਸਦੀ ਤੱਕ ਹੋਏ ਨੁਕਸਾਨ ਲਈ ਕੋਈ ਕੱਟ ਨਹੀਂ ਲੱਗੇਗਾ, ਪਰ ਜੇ ਦਾਣਾ 6 ਤੋਂ 8 ਫੀਸਦੀ ਸੁੰਗੜਿਆ ਜਾਂ ਟੁੱਟਿਆ ਹੈ ਤਾਂ ਫਿਰ 5.31 ਰੁਪਏ ਪ੍ਰਤੀ ਕੁਇੰਟਲ ਕੱਟ ਲੱਗੇਗਾ। 8 ਤੋਂ 10 ਫੀਸਦੀ ਵਾਸਤੇ 10.62 ਰੁਪਏ, 10 ਤੋਂ 12 ਫੀਸਦੀ ਲਈ 15.93 ਰੁਪਏ, 12 ਤੋਂ 14 ਫੀਸਦੀ ਲਈ 21.25 ਰੁਪਏ, 14 ਤੋਂ 16 ਫੀਸਦੀ ਲਈ 26.66 ਰੁਪਏ ਅਤੇ 16 ਤੋਂ 18 ਫੀਸਦੀ ਦਾਣਾ ਟੁੱਟਾ ਜਾਂ ਸੁੰਗੜਿਆ ਹੋਣ ’ਤੇ 31.87 ਫੀਸਦੀ ਕੱਟ ਲੱਗੇਗਾ। ਰਿਪੋਰਟਾਂ ਮੁਤਾਬਕ ਪੰਜਾਬ ਵਿਚ ਦਾਣਾ 15 ਤੋਂ 18 ਫੀਸਦੀ ਨੁਕਸਾਨਿਆ ਗਿਆ ਹੈ। ਪੰਜਾਬ ਵਿਚ 14.57 ਲੱਖ ਹੈਕਟੇਅਰ ਰਕਬੇ ਵਿਚ ਖੜ੍ਹੀ ਫਸਲ ਪ੍ਰਭਾਵਤ ਹੋਈ ਹੈ। ਸੋਮਵਾਰ ਰਾਤ ਤੱਕ ਮੰਡੀਆਂ ਵਿਚ 81519 ਕੁਇੰਟਲ ਕਣਕ ਆਈ ਸੀ, ਪਰ ਸਿਰਫ 18 ਫੀਸਦੀ ਦੀ ਹੀ ਖਰੀਦ ਹੋ ਸਕੀ ਸੀ, ਕਿਉਂਕਿ ਉਦੋਂ ਤੱਕ ਸ਼ਰਤਾਂ ਵਿਚ ਛੋਟ ਨਹੀਂ ਦਿੱਤੀ ਗਈ ਸੀ। ਭਾਰਤ ਸਰਕਾਰ ਨੇ ਇਹ ਵੀ ਕਿਹਾ ਕਿ ਨੁਕਸਾਨੀ ਕਣਕ ਨੂੰ ਵੱਖਰਾ ਸਟੋਰ ਕੀਤਾ ਜਾਵੇ ਤੇ ਜੇ ਸਟੋਰੇਜ ਦੌਰਾਨ ਕੁਆਲਿਟੀ ਵਿਗੜੀ ਤਾਂ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੋਵੇਗੀ। ਬੀ ਕੇ ਯੂ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸਾਨ ਕੁਦਰਤੀ ਕਰੋਪੀ ਦੀ ਮਾਰ ਦੇ ਸਦਮੇ ਵਿੱਚੋਂ ਨਿਕਲੇ ਨਹੀਂ ਸਨ ਕਿ ਹੁਣ ਇਹ ਨਵੀਂ ਸਰਕਾਰੀ ਮਾਰ ਪੈ ਗਈ।
ਉਨ੍ਹਾ ਕਿਹਾ ਕਿਸਾਨ ਦੇਸ਼ ਲਈ ਅੰਨ ਪੈਦਾ ਕਰਦਾ ਹੈ, ਇਸ ਲਈ ਕੁਦਰਤੀ ਮਾਰ ਨਾਲ ਹੋਏ ਨੁਕਸਾਨ ਨੂੰ ਕੌਮੀ ਆਫਤ ਮੰਨ ਕੇ ਕਿਸਾਨਾਂ ਦੀ ਫਸਲ ਦੀ ਕੀਮਤ ਵਿੱਚੋਂ ਕੋਈ ਵੀ ਪੈਸਾ ਕੱਟਿਆ ਨਹੀਂ ਜਾਣਾ ਚਾਹੀਦਾ। ਉਨ੍ਹਾ ਕਿਹਾ ਕਿ ਜਥੇਬੰਦੀਆਂ ਦੇ ਲੱਖ ਮੱਤਭੇਦ ਹੋਣ ਉਹ ਤਾਲਮੇਲ ਕਰ ਰਹੇ ਹਨ, ਜੇ ਸਰਕਾਰ ਨੇ ਇਹ ਧੱਕਾ ਬੰਦ ਨਾ ਕੀਤਾ ਤਾਂ ਸਾਰਾ ਪੰਜਾਬ ਬੰਦ ਕਰਨ ਲਈ ਮਜਬੂਰ ਹੋਣਾ ਪਵੇਗਾ। ਉਨ੍ਹਾ ਕਿਹਾ ਕਿ ਇਹ ਵਿਤਕਰਾ ਪੰਜਾਬ ਦੇ ਕਿਸਾਨਾਂ ਨਾਲ ਹੀ ਕਿਉਂ, ਜਦਕਿ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਵਰਗੇ ਦੂਜੇ ਰਾਜਾਂ ਵਿੱਚ ਕੋਈ ਕਟੌਤੀ ਨਹੀਂ ਲਾਈ ਗਈ। ਇਹ ਧੱਕਾ ਕਿਸੇ ਤਰ੍ਹਾਂ ਵੀ ਸਹਿਣ ਨਹੀਂ ਕੀਤਾ ਜਾਵੇਗਾ।





