ਭਾਜਪਾ ਦੇ ਪਿਆਦੇ

0
216

ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੀ ਸਫ਼ਲਤਾ ਤੇ ਉਸ ਤੋਂ ਬਾਅਦ ਉਸ ਦੀ ਲੋਕ ਸਭਾ ਮੈਂਬਰੀ ਨੂੰ ਖ਼ਤਮ ਕਰਨ ਦੇ ਘਟਨਾਚੱਕਰ ਨੇ ਵਿਰੋਧੀ ਪਾਰਟੀਆਂ ਲਈ ਤਾਨਾਸ਼ਾਹੀ ਸੱਤਾ ਵਿਰੁੱਧ ਸਾਂਝਾ ਮੋਰਚਾ ਕਾਇਮ ਕਰਨ ਦੀ ਲੋੜ ਨੂੰ ਰਾਜਨੀਤੀ ਦੇ ਕੇਂਦਰ ਵਿੱਚ ਲੈ ਆਂਦਾ ਸੀ। ਹੁਣ ਤੱਕ ਹੋਈਆਂ ਸਰਗਰਮੀਆਂ ਨੇ ਇਹ ਵੀ ਗੱਲ ਸਾਫ਼ ਕਰ ਦਿੱਤੀ ਹੈ ਕਿ ਕਿੰਤੂਆਂ-ਪ੍ਰੰਤੂਆਂ ਦੇ ਬਾਵਜੂਦ ਇਸ ਮੋਰਚੇ ਦਾ ਮੁੱਖ ਧੁਰਾ ਕਾਂਗਰਸ ਹੀ ਹੋ ਸਕਦੀ ਹੈ। ਸੰਸਦ ਦੇ ਅਜਲਾਸ ਵਿੱਚ ਕੀਤੇ ਗਏ ਹੰਗਾਮੇ, ਅਡਾਨੀ ਮੁੱਦੇ ਬਾਰੇ ਧਾਰੀ ਚੁੱਪ ਤੇ ਮਹਿੰਗਾਈ, ਬੇਰੁਜ਼ਗਾਰੀ ਦੀ ਮਾਰ ਕਾਰਨ ਲੋਕਾਂ ਵਿੱਚ ਭਾਜਪਾ ਤੇ ਮੋਦੀ ਦੀ ਭਰੋਸੇਯੋਗਤਾ ਪਹਿਲਾਂ ਵਾਲੀ ਨਹੀਂ ਰਹੀ। ਇਸ ਕਾਰਨ ਭਾਜਪਾ ਤੇ ਸੰਘ ਨੂੰ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਹਾਰ ਜਾਣ ਦਾ ਡਰ ਸਤਾ ਰਿਹਾ ਹੈ। ਇਸ ਲਈ ਉਨ੍ਹਾਂ ਵੱਖ-ਵੱਖ ਦਾਅ ਖੇਡਣੇ ਸ਼ੁਰੂ ਕਰ ਦਿੱਤੇ ਹਨ।
ਫਿਰਕੂ ਕਤਾਰਬੰਦੀ ਭਾਜਪਾ ਤੇ ਸੰਘ ਦਾ ਅਜ਼ਮਾਇਆ ਹੋਇਆ ਪੁਰਾਣਾ ਹਥਿਆਰ ਹੈ। ਇਸ ਵਾਰ ਰਾਮਨੌਮੀ ਦੇ ਜਲੂਸਾਂ ਦੌਰਾਨ ਇਸ ਹਥਿਆਰ ਦੀ ਖੁੱਲ੍ਹ ਕੇ ਵਰਤੋਂ ਕੀਤੀ ਗਈ। ਇਸ ਨੂੰ ਹਰ ਧਾਰਮਕ ਉਤਸਵ ਮੌਕੇ ਵਰਤਣ ਨੂੰ ਇੱਕ ਆਮ ਵਰਤਾਰਾ ਬਣਾ ਦਿੱਤਾ ਗਿਆ। ਇਸ ਕਾਰਨ ਦੰਗੇ ਭੜਕਾਉਣ ਦੀਆਂ ਇਨ੍ਹਾਂ ਕਾਰਵਾਈਆਂ ਤੋਂ ਆਮ ਲੋਕ ਹੁਣ ਬਦਜ਼ਨ ਹੋਣ ਲੱਗ ਪਏ ਹਨ। ਉਂਜ ਵੀ ਚੋਣਾਂ ਹਾਲੇ ਦੂਰ ਹਨ ਤੇ ਅਜਿਹੀਆਂ ਕਾਰਵਾਈਆਂ ਦਾ ਅਸਰ ਇੱਕ ਸਮੇਂ ਬਾਅਦ ਖ਼ਤਮ ਹੋ ਜਾਂਦਾ ਹੈ।
ਭਾਜਪਾ ਵੱਲੋਂ ਹੁਣ ਤੱਕ ਤਾਂ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਤੋੜਨ ਤੇ ਖਰੀਦਣ ਦਾ ਕੰਮ ਕੀਤਾ ਜਾਂਦਾ ਸੀ, ਹੁਣ ਨਵਾਂ ਦਾਅ ਉਸ ਨੇ ਵਿਰੋਧੀ ਪਾਰਟੀਆਂ ਦੀ ਏਕਤਾ ਵਿੱਚ ਸੰਨ੍ਹ ਲਾਉਣ ਦਾ ਕਰਨਾ ਸ਼ੁਰੂ ਕਰ ਦਿੱਤਾ ਹੈ। ਭਾਜਪਾ ਦੀ ਚਾਲ ਦਾ ਪਹਿਲਾ ਮੋਹਰਾ ਐੱਨ ਸੀ ਪੀ ਮੁਖੀ ਸ਼ਰਦ ਪਵਾਰ ਬਣਿਆ ਹੈ, ਜਿਹੜਾ ਖੁੱਲ੍ਹ ਕੇ ਅਡਾਨੀ ਦੇ ਹੱਕ ਵਿੱਚ ਭੁਗਤਿਆ ਹੈ। ਉਸ ਨੇ ਖੁੱਲ੍ਹੇ ਤੌਰ ਉੱਤੇ ਕਿਹਾ ਕਿ ਅਡਾਨੀ ਇੱਕ ਕਾਰੋਬਾਰੀ ਹੈ, ਉਸ ਨੂੰ ਨਿਸ਼ਾਨਾ ਨਹੀਂ ਬਣਾਉਣਾ ਚਾਹੀਦਾ। ਇਸ ਬਿਆਨ ਪਿੱਛੇ ਅਡਾਨੀ ਵੱਲੋਂ ਮਿਲਦੇ ਪਾਰਟੀ ਚੰਦੇ ਦੀ �ਿਪਾ ਦਿ੍ਰਸ਼ਟੀ ਕਿੰਨੀ ਤੇ ਸੰਘ ਦੀ ਦਲਾਲੀ ਕਿੰਨੀ, ਇਹ ਤਾਂ ਸ਼ਰਦ ਪਵਾਰ ਹੀ ਜਾਣਦਾ ਹੋਵੇਗਾ। ਉਸ ਦੇ ਇਸ ਬਿਆਨ ਨੇ ਵਿਰੋਧੀ ਪਾਰਟੀਆਂ ਦੀ ਏਕਤਾ ਦੀਆਂ ਕੋਸ਼ਿਸ਼ਾਂ ਨੂੰ ਨੁਕਸਾਨ ਜ਼ਰੂਰ ਪੁਚਾਇਆ ਹੈ। ਸ਼ਰਦ ਪਵਾਰ ਏਥੇ ਹੀ ਨਹੀਂ ਰੁਕਿਆ, ਅਗਲੇ ਦਿਨ ਉਸ ਨੇ ਡਿਗਰੀ ਦੇ ਸਵਾਲ ਉੱਤੇ ਮੋਦੀ ਦੇ ਹੱਕ ਵਿੱਚ ਬਿਆਨ ਦੇ ਦਿੱਤਾ। ਜਾਪਦਾ ਹੈ ਕਿ ਸ਼ਰਦ ਪਵਾਰ ਮੋਦੀ ਨਾਲ ਯਾਰੀ ਨਿਭਾਉਣ ਲਈ ਵਿਰੋਧੀ ਏਕਤਾ ਦੀਆਂ ਕੋਸ਼ਿਸ਼ਾਂ ਨੂੰ ਢਾਹ ਲਾਉਣ ਦੇ ਰਾਹ ਪੈ ਚੁੱਕਾ ਹੈ।
ਰਾਜਸਥਾਨ ਵਿੱਚ ਕਾਂਗਰਸ ਆਗੂ ਸਚਿਨ ਪਾਇਲਟ ਨੇ ਵੀ ਅਮਿਤ ਸ਼ਾਹ ਦੀ ਖੇਡ ਖੇਡਣੀ ਸ਼ੁਰੂ ਕਰ ਦਿੱਤੀ ਹੈ। ਉਹ ਪਿਛਲੀ ਭਾਜਪਾ ਸਰਕਾਰ ਵਿੱਚ ਹੋਏ ਭਿ੍ਰਸ਼ਟਾਚਾਰ ਨੂੰ ਮੁੱਦਾ ਬਣਾ ਕੇ ਆਪਣੀ ਹੀ ਸਰਕਾਰ ਵਿਰੁੱਧ ਧਰਨੇ ਉੱਤੇ ਬੈਠ ਗਿਆ ਹੈ। ਜਾਪਦਾ ਏਦਾਂ ਹੈ ਜਿਵੇਂ ਉਹ ਭਾਜਪਾ ਵਿਰੁੱਧ ਲੜ ਰਿਹਾ ਹੋਵੇ, ਪਰ ਹੈ ਨਹੀਂ। ਸਚਿਨ ਪਾਇਲਟ ਦੀ ਇਹ ਲੜਾਈ ਉਸ ਵਸੁੰਧਰਾ ਰਾਜੇ ਦੇ ਖ਼ਿਲਾਫ਼ ਹੈ, ਜਿਸ ਨਾਲ ਮੋਦੀ ਤੇ ਸ਼ਾਹ ਦਾ ਛੱਤੀ ਦਾ ਅੰਕੜਾ ਹੈ। ਸਚਿਨ ਦੀ ਇਸ ਲੜਾਈ ਨਾਲ ਕਾਂਗਰਸ ਵੀ ਕਮਜ਼ੋਰ ਹੋਵੇਗੀ ਤੇ ਵਸੁੰਧਰਾ ਵੀ, ਫਾਇਦਾ ਹੋਵੇਗਾ ਭਾਜਪਾ ਦਾ। ਸਚਿਨ ਪਾਇਲਟ ਨੇ ਪਹਿਲਾਂ ਵੀ ਭਾਜਪਾ ਦੇ ਸਹਿਯੋਗ ਨਾਲ ਹੀ ਬਗਾਵਤ ਕੀਤੀ ਸੀ, ਇਸ ਵਾਰ ਵੀ ਉਸ ਦੀ ਨਵੀਂ ਮੁਹਿੰਮ ਪਿੱਛੇ ਭਾਜਪਾ ਦਾ ਹੱਥ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਉਪਰੋਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਭਾਜਪਾ ਤੇ ਸੰਘ ਨੇ ਇੱਕ ਪਾਸੇ ਸਾਰੇ ਦੇਸ਼ ਨੂੰ ਫਿਰਕੂ ਅੱਗ ਦੀ ਭੱਠੀ ਵਿੱਚ ਝੋਕਣ ਦਾ ਫੈਸਲਾ ਲੈ ਲਿਆ ਹੈ ਤੇ ਦੂਜੇ ਪਾਸੇ ਵਿਰੋਧੀ ਦਲਾਂ ਵਿਚਲੇ ਆਪਣੇ ਪਿਆਦਿਆਂ ਨੂੰ ਸਰਗਰਮ ਕਰਨਾ ਸ਼ੁਰੂ ਦਿੱਤਾ ਹੈ।
-ਚੰਦ ਫਤਿਹਪੁਰੀ

LEAVE A REPLY

Please enter your comment!
Please enter your name here