ਬਠਿੰਡਾ. (ਪਰਵਿੰਦਰ ਜੀਤ ਸਿੰਘ)-ਬਠਿੰਡਾ ਛਾਉਣੀ ਵਿੱਚ ਬੁੱਧਵਾਰ ਤੜਕੇ ਕਰੀਬ ਸਾਢੇ ਚਾਰ ਵਜੇ ਹੋਈ ਫਾਇਰਿੰਗ ਨਾਲ ਚਾਰ ਫੌਜੀ ਜਵਾਨ ਮਾਰੇ ਗਏ | ਫੌਜ ਵੱਲੋਂ ਆਪਣੇ ਤੌਰ ‘ਤੇ ਜਾਂਚ ਜਾਰੀ ਹੈ ਅਤੇ ਪੰਜਾਬ ਪੁਲਸ ਵੱਲੋਂ ਵੀ ਇਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ | ਜ਼ਿਲ੍ਹਾ ਪੁਲਸ ਮੁਖੀ ਗੁਲਨੀਤ ਸਿੰਘ ਖੁਰਾਣਾ ਨੇ ਸਪੱਸ਼ਟ ਕੀਤਾ ਕਿ ਇਹ ਕੋਈ ਅੱਤਵਾਦੀ ਹਮਲਾ ਨਹੀਂ ਹੈ, ਇਹ ਅੰਦਰੂਨੀ ਝਗੜੇ ਦਾ ਮਾਮਲਾ ਹੈ ਤੇ ਇਲਾਕੇ ਵਿੱਚ ਸ਼ਾਂਤੀ ਹੈ | ਫੌਜ ਵੱਲੋਂ ਵੀ ਇਹ ਆਪਸੀ ਝਗੜੇ ਸਦਕਾ ਵਾਪਰੀ ਘਟਨਾ ਕਿਹਾ ਜਾ ਰਿਹਾ ਹੈ |
ਇਸ ਘਟਨਾ ਤੋਂ ਦੋ ਦਿਨ ਪਹਿਲਾਂ ਛਾਉਣੀ ਵਿੱਚੋਂ ਹੀ ਇੱਕ ਰਾਈਫਲ ਤੇ ਕੁੱਝ ਕਾਰਤੂਸ ਗੁੰਮ ਹੋਣ ਦੀ ਗੱਲ ਵੀ ਚੱਲ ਰਹੀ ਹੈ, ਪਰ ਕੀ ਉਸ ਰਾਈਫਲ ਨਾਲ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ, ਇਹ ਮਾਮਲਾ ਵੀ ਪੜਤਾਲ ਅਧੀਨ ਹੈ, ਪਰ ਇਸ ਹਥਿਆਰ ਗੁੰਮਸ਼ੁਦਗੀ ਨੂੰ ਫਾਇਰਿੰਗ ਘਟਨਾ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ |
ਕੇਂਦਰੀ ਰੱਖਿਆ ਮੰਤਰੀ ਰਾਜਨਾਥ ਵੱਲੋਂ ਵੀ ਇਸ ਘਟਨਾ ਬਾਰੇ ਜਾਣਕਾਰੀ ਮੰਗੀ ਗਈ ਹੈ, ਜਿਸ ਬਾਰੇ ਫੌਜ ਦੇ ਉੱਚ ਅਫਸਰ ਰਿਪੋਰਟ ਦੇਣਗੇ | ਪੰਜਾਬ ਸਰਕਾਰ ਵੱਲੋਂ ਵੀ ਇਸ ਸਾਰੇ ਮਾਮਲੇ ਬਾਰੇ ਰਿਪੋਰਟ ਮੰਗੀ ਗਈ ਹੈ | ਇਸ ਘਟਨਾ ਨੂੰ ਕੇਂਦਰ ਅਤੇ ਪੰਜਾਬ ਸਰਕਾਰਾਂ ਗੰਭੀਰਤਾ ਨਾਲ ਲੈ ਰਹੀਆਂ ਹਨ |
ਸੇਵਾਮੁਕਤ ਬਿ੍ਗੇਡੀਅਰ ਕੁਲਦੀਪ ਸਿੰਘ ਕਾਹਲੋਂ ਦਾ ਕਹਿਣਾ ਹੈ ਸਰਹੱਦੀ ਇਲਾਕੇ ਦੀ ਛਾਉਣੀ ਵਿੱਚ ਵਾਪਰੀ ਇਹ ਘਟਨਾ ਅਤੀ ਮੰਦਭਾਗੀ ਹੈ, ਪਰ ਇਸ ਦੇ ਵਿਸ਼ੇਸ਼ ਜਾਂਚ ਦੇ ਹੁਕਮ ਹੋ ਚੁੱਕੇ ਹਨ | ਮੁਕੰਮਲ ਪੜਤਾਲ ਬਾਅਦ ਹੀ ਸੱਚ ਸਾਹਮਣੇ ਆਵੇਗਾ | ਉਹਨਾਂ ਕਿਹਾ ਕਿ ਭਾਵੇਂ ਇਹ ਅੰਦਰੂਨੀ ਮਾਮਲਾ ਹੈ, ਪਰ ਫਾਇਰਿੰਗ ਕਰਨ ਵਾਲੇ ਨੇ ਹਥਿਆਰ ਕਿੱਥੋਂ ਲਿਆ, ਇਹ ਸਕਿਉਰਿਟੀ ਦੀ ਘਾਟ ਪ੍ਰਗਟ ਕਰਦਾ ਹੈ | ਉਹਨਾਂ ਕਿਹਾ ਕਿ ਫੌਜ ਵਿੱਚ ਅਫਸਰਾਂ ਤੇ ਜਵਾਨਾਂ ਦੀ ਘਾਟ ਹੈ ਅਤੇ ਜ਼ੰੁਮੇਵਾਰੀਆਂ ਵੱਧ ਹਨ, ਇਸ ਲਈ ਉਹ ਮਾਨਸਿਕ ਤਨਾਓ ਝੱਲ ਰਹੇ ਹਨ | ਇਸ ਘਟਨਾ ਪਿੱਛੇ ਵੀ ਅਜਿਹਾ ਤਨਾਓ ਹੋ ਸਕਦਾ ਹੈ, ਪਰ ਤਨਾਓ ਕੀ ਸੀ ਇਸ ਸਮੱਸਿਆ ਦੀ ਵੀ ਜਾਂਚ ਦੀ ਲੋੜ ਹੈ |




