ਕਿਸਾਨਾਂ ਨੂੰ ਰਾਹਤ ਦੇ ਨਾਂਅ ‘ਤੇ ਮੁਨਾਫੇਖੋਰੀ : ਸਾਂਬਰ

0
308

ਚੰਡੀਗੜ੍ਹ. ਮਰਹੂਮ ਸਿਰਮੌਰ ਕਿਸਾਨ ਆਗੂ ਸਾਥੀ ਤੇਜਾ ਸਿੰਘ ਸੁਤੰਤਰ ਦੀ 51ਵੀਂ ਬਰਸੀ ਮੌਕੇ ਕੇਂਦਰ ਸਰਕਾਰ ਵੱਲੋਂ ਐਲਾਨ ਕੀਤੀ ਫਸਲਾਂ ਦੀ ਤਬਾਹੀ ਲਈ ਕਥਿਤ ਰਾਹਤ ਹਕੀਕਤ ਵਿਚ ਜਮਾਤੀ ਸਿਆਸਤ ਅਤੇ ਕੁਦਰਤੀ ਤਬਾਹੀ ਪਿੱਛੋਂ ਪੰਜਾਬ ਦੇ ਕਿਸਾਨ ਅਤੇ ਸਮੁੱਚੇ ਪੇਂਡੂ ਮਿਹਨਤਕਸ਼ਾਂ ਨਾਲ ਸਿਆਸੀ ਜਮਾਤੀ ਹੁਕਮਰਾਨਾਂ ਦਾ ਮਜ਼ਾਕ ਹੈ |
ਬਜ਼ੁਰਗ ਸਿਆਸਤਦਾਨ ਅਤੇ ਕਿਸਾਨ ਘੁਲਾਟੀਏ ਸਾਥੀ ਭੂਪਿੰਦਰ ਸਾਂਬਰ ਨੇ ਕੇਂਦਰ ਸਰਕਾਰ ਦੇ ਫੈਸਲੇ ਉਤੇ ਟਿੱਪਣੀ ਕਰਦੇ ਕਿਹਾ ਕਿ ਦੇਸ਼ਭਗਤ ਰਾਸ਼ਟਰ ਨੂੰ ਉਹ ਦਿਨ ਭੁੱਲੇ ਨਹੀਂ, ਜਦੋਂ ਅਸੀਂ ਸਮੁੰਦਰੀ ਜਹਾਜ਼ ਵਿਚ ਆਏ ਚਿੱਬ-ਖੜਿੱਬ ਦਾਣੇ ਖਾਣ ਲਈ ਮਜਬੂਰ ਸੀ | ਇਹ ਅਸਾਨੂੰ ਸੁਤੰਤਰਤਾ ਸੰਗਰਾਮੀਆਂ ਦੀਆਂ ਕੁਰਬਾਨੀਆਂ ਦੀ ਦਿੱਤੀ ਸਜ਼ਾ ਸੀ |
ਦੋ ਫੀਸਦੀ ਵਸੋਂ ਅਤੇ 3 ਫੀਸਦੀ ਰਕਬੇ ਵਾਲੇ ਪੰਜਾਬੀਆਂ-ਹਰਿਆਣਵੀਆਂ ਨੇ ਦੇਸ਼ ਦੇ ਸਿਰੋਂ ਇਹ ਲਾਅਨਤ ਲਾਹੀ ਤੇ ”ਆਪਣੀ ਧਰਤੀ ਦਾ ਆਪਣਾ ਅਨਾਜ” ਖਾਣ ਦੇ ਦਿਨ ਲਿਆਂਦੇ | ਮੌਸਮ ਦੀ ਦੂਜੇ ਸਾਲ ਦੀ ਖਰਾਬ ਉਸ ਆਤਮ-ਨਿਰਭਰ ਅਨਾਜ ਦੀ ਉਪਜ ਨੂੰ ਖਤਰੇ ਵਿਚ ਪਾ ਰਹੀ ਹੈ | ਸਵਾ ਗਿਆਰਾਂ ਕਰੋੜ ਕਣਕ ਦੀ ਪੈਦਾਵਾਰ ਦਾ ਟੀਚਾ ਪੂਰਾ ਹੁੰਦਾ ਨਹੀਂ ਲੱਗਦਾ, ਚਾਹੇ ਮੱਧ ਪ੍ਰਦੇਸ਼ ਦੀ ਪੈਦਾਵਾਰ ਨੂੰ ਫਰਕ ਨਹੀਂ ਪੈਣਾ | ਪਿਛਲੇ ਸਾਲ ਵੀ ਪੰਜਾਬ ਦੀ ਪੈਦਾਵਾਰ ਵਾਧੂ ਤਪਸ਼ ਕਾਰਨ ਬਹੁਤ ਘਟੀ ਸੀ |
ਇਸ ਸਾਲ ਕੇਂਦਰ ਸਰਕਾਰ ਅਨੁਸਾਰ ਕੁਲ ਕੌਮੀ ਪੈਦਾਵਾਰ ਨੂੰ ਸਿਰਫ ਥੋੜ੍ਹਾ ਫਰਕ ਪੈਣਾ ਹੈ, ਪਰ ਮਾਹਿਰਾਂ ਤੇ ਕਿਸਾਨਾਂ ਅਨੁਸਾਰ ਪੰਜਾਬ ਵਿਚਲੀ ਪੈਦਾਵਾਰ ਨੂੰ ਅਤੇ ਉਤਪਾਦਨ ਦੀ ਲਾਗਤ ਦੋਹਾਂ ਨੂੰ ਭਾਰੀ ਫਰਕ ਪੈਣਾ ਹੈ | ਬਾਰਸ਼ਾਂ, ਤੇਜ਼ ਹਵਾਵਾਂ, ਗੜ੍ਹੇਮਾਰੀ ਨੇ ਪੰਜਾਬ ਦੀ ਪੱਕ ਰਹੀ ਫਸਲ ਲੰਬਾ ਸਮਾਂ ਡੋਬੀ ਰੱਖੀ, ਉਸ ਨੂੰ ਸਾਂਭਣ ਦੇ ਖਰਚੇ ਦੁੱਗਣੇ ਹੋ ਗਏ | ਤੂੜੀ ਅੱਧੀ ਰਹਿ ਗਈ | ਸੱਠੀਆਂ ਸਹਾਇਕ ਫਸਲਾਂ ਲਈ ਸਮਾਂ ਘਟ ਗਿਆ | ਦਵਾਈਆਂ ਦਾ ਖਰਚਾ ਵਧ ਗਿਆ |
ਮੁਆਵਜ਼ਾ ਕੀ ਹੈ?
ਕੇਂਦਰ ਸਰਕਾਰ ਅਵੱਸ਼ ਦੱਸੇ ਕਿ ਵਿਸਾਖੀ ਲੰਘਦੀ ਜਾ ਰਹੀ ਹੈ | ਕਣਕ ਅਜੇ ਪੂਰੇ ਜ਼ੋਰ ਉਤੇ ਆਉਣ ਨਹੀਂ ਲੱਗੀ | ਇਸ ਸਾਰੇ ਅਤੇ ਬਹੁਤ ਭਾਰੇ ਨੁਕਸਾਨ ਦਾ ਕੀ ਮੁਆਵਜ਼ਾ ਹੈ ਉਸ ਦੇ ਰਾਹਤ ਦੇ ਐਲਾਨਾਂ ਵਿਚ ਕੀ ਇਹ ਕਿਸਾਨਾਂ ਦੇ ਸਵਾ ਸਾਲ ਦੇ ਘੋਲ, ਨਿਗਮੀਕਰਨ ਅੱਗੇ ਗੋਡੇ ਟੇਕਣ ਤੋਂ ਨਾਂਹ ਕਰਨ ਦੀ ਸਜ਼ਾ ਨਹੀਂ? ਲੱਗਭੱਗ 800 ਕੁਰਬਾਨੀਆਂ ਦਾ ਇਹ ਸਿਲਾ ਕਿੳਾੁ?
ਛੋਟੇ ਜਿਹੇ ਇਲਾਕੇ, ਥੋੜ੍ਹੇ ਜਿਹੇ ਕਿਸਾਨਾਂ ਦੀ ਉਪਜ ਸਾਰੇ ਦੇਸ਼ ਲਈ ਹੈ | ਉਸ ਦੀ ਤਬਾਹੀ ਦਾ ਸਾਰਾ ਮੁਆਵਜ਼ਾ ਕੇਵਲ ਪੰਜਾਬ ਸਿਰ ਕਿਉਂ ਅਤੇ ਪੰਜਾਬ ਦੀ ਹਾਕਮ ਪਾਰਟੀ ਵੱਲੋਂ ਸਿਰਫ 25 ਫੀਸਦੀ ਰਾਹਤ ਕਿਵੇਂ ਵਾਜਬ ਹੈ | ਇਸ ਤੋਂ ਦੁੱਗਣਾ ਤਾਂ ਕੇਂਦਰ ਨੇ ਇਸੇ ਅਨਾਜ ਦੀ ਐਕਸਪੋਰਟ (ਬਰਾਮਦ) ਅਤੇ ਇਨਪੁਟਾਂ ਉਤੇ ਟੈਕਸਾਂ ਵਿੱਚੋਂ ਕਮਾ ਜਾਣਾ ਹੈ | ਇਹ ਕਮਾਈ ਲਗਾਤਾਰ ਵਧ ਰਹੀ ਹੈ |
ਇਹ ਗੱਲ ਸਭ ਮੰਨਦੇ ਹਨ ਕਿ ਸਭ ਤੋਂ ਵੱਧ ਨੁਕਸਾਨ ਪੰਜਾਬ ਵਿਚ ਹੋਇਆ ਹੈ | ਲਾਗਤ ਖਰਚੇ ਵੀ ਪੰਜਾਬ ਵਿਚ ਵਧੇ ਹਨ | ਸਰਕਾਰ ਵੱਲੋਂ ਰਾਹਤ ਸਿਰਫ ਇਹ ਹੈ ਕਿ ਟੁੱਟੇ ਦਾਣੇ, ਰੰਗ ਦਾ ਵਿਗਾੜ ਜਾਂ ਦਾਣੇ ਦੇ ਸੁੰਗੜਨ ਦੀ ਮਾਤਰਾ 6 ਤੋਂ 18 ਫੀਸਦੀ ਹੋਣ ਉਤੇ ਕਣਕ ਦੀ ਸਰਕਾਰੀ ਖਰੀਦ ਹੋ ਸਕੇਗੀ, ਪਰ ਭਾਅ 5.31 ਰੁਪਏ ਤੋਂ 31.87 ਰੁਪਏ ਤੱਕ ਘੱਟੋ-ਘੱਟ ਖਰੀਦ ਮੁੱਲ ਵਿੱਚੋਂ ਕੱਟ ਲਿਆ ਜਾਵੇਗਾ | ਫਸਲ ਕੁਦਰਤ ਨੇ ਖਰਾਬ ਕੀਤੀ ਤਾਂ ਕਿਸਾਨ ਦਾ ਭਾਅ ਕਿਉਂ ਕੱਟਿਆ ਜਾਵੇ | ਕਿਸਾਨ ਦਾ ਕੀ ਕਸੂਰ ਹੈ | ਜਦ ਬਿਮਾਰੀ ਫੈਲੀ ਤਾਂ ਲੋਕਾਂ ਨੂੰ ਕਿਹਾ ਗਿਆ : ”ਦੀਵੇ ਬਾਲ ਕੇ ਘਰ ਦੇ ਦਰਵਾਜ਼ੇ ਵਿਚ ਖਲੋ ਜਾਵੋ ਜਾਂ ਛੱਤ ਉਤੇ ਚੜ੍ਹ ਕੇ ਥਾਲੀਆਂ ਖੜਕਾਓ”! ਹੁਣ ਵੀ ਮੁਲਕ ਦੇ ਰਹਿਬਰ ਪਾਰਲੀਮੈਂਟ ਵਿਚ ਅਜਿਹਾ ਹੀ ਕਰਕੇ ਮੀਂਹ, ਹਵਾਵਾਂ ਜਾਂ ਗੜ੍ਹੇਮਾਰੀ ਕਿਉਂ ਨਹੀਂ ਰੋਕ ਸਕੇ | ਉਹ ਨਾਕਾਮ ਕਿਉਂ ਰਹੇ? ਅਤੇ ਉਹਨਾਂ ਦੀ ਨਾਕਾਮੀ ਦੀ ਸਜ਼ਾ ਪੰਜਾਬ ਦੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਕਿਉਂ? ਕੀ ਹੈ ਤੁਹਾਡੀ ਰਾਹਤ ਵਿਚ ਖੇਤ ਮਜ਼ਦੂਰਾਂ ਲਈ, ਡਿੱਗੇ ਘਰਾਂ, ਸਕੂਲਾਂ, ਹਸਪਤਾਲਾਂ, ਖਰਾਬ ਹੋਈ ਜ਼ਮੀਨ ਲਈ ਅਤੇ ਕੇਂਦਰ ਕਹਿੰਦਾ ਹੈ ਕਿ ਨੁਕਸਾਨੀ ਫਸਲ ਵੱਖਰੀ ਰੱਖੋ, ਰਾਤੋ-ਰਾਤ ਵੱਖਰੇ ਸਟੋਰ ਬਣਾਓ ਅਤੇ ਜੇ ਇਸ ਕਣਕ ਦਾ ਨੁਕਸਾਨ ਵਧ ਗਿਆ ਤਾਂ ਇਹ ਰਾਜ ਸਰਕਾਰ ਤੋਂ ਪੂਰਾ ਕਰਵਾਇਆ ਜਾਵੇਗਾ | ਇਹ ਮੁਨਾਫਾ ਹੀ ਮੁਨਾਫਾ ਹੈ | ਸਾਥੀ ਸਾਂਬਰ ਨੇ ਅੰਤ ਉਤੇ ਅਪੀਲ ਕੀਤੀ ਕਿ ਸਵਰਗੀ ਸਾਥੀ ਤੇਜਾ ਸਿੰਘ ਸੁਤੰਤਰ ਜੀ ਦੀ 51ਵੀਂ ਬਰਸੀ ਉਤੇ ਘੋਲ ਹੋਰ ਤੇਜ਼ ਕਰਨ ਦਾ ਪ੍ਰਣ ਦੁਹਰਾਈਏ |

LEAVE A REPLY

Please enter your comment!
Please enter your name here