ਹੁਸ਼ਿਆਰਪੁਰ, (ਬਲਵੀਰ ਸਿੰਘ ਸੈਣੀ)-ਕਾਮਰੇਡ ਤੇਜਾ ਸਿੰਘ ਸੁਤੰਤਰ ਦੀ ਬਰਸੀ ‘ਤੇ ਸੀ ਪੀ ਆਈ ਜ਼ਿਲ੍ਹਾ ਹੁਸ਼ਿਆਰਪੁਰ ਦੇ ਦਫਤਰ ਵਿਖੇ ਪਾਰਟੀ ਦੀ ਜਨਰਲ ਬਾਡੀ ਮੀਟਿੰਗ ਨਛੱਤਰ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿ੍ਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਤੇਜਾ ਸਿੰਘ ਸੁਤੰਤਰ ਦਾ ਜੀਵਨ ਸੰਗਰਾਮ ਸਾਡੇ ਸਾਰਿਆਂ ਲਈ ਪ੍ਰੇਰਨਾਸਰੋਤ ਹੈ | ਬਰਸੀ ਮਨਾਉਣ ਦਾ ਮਕਸਦ ਸਿਰਫ ਕੁਰਬਾਨੀ ਦੇ ਸੋਹਲੇ ਗਾਉਣਾ ਨਹੀਂ ਹੁੰਦਾ, ਜਿਸ ਮਨੁੱਖ ਦੀ ਅਸੀਂ ਬਰਸੀ ਜਾਂ ਜਨਮ ਦਿਨ ਮਨਾ ਰਹੇ ਹਾਂ, ਉਸ ਮਨੁੱਖ ਨੇ ਲੁਕਾਈ ਵਾਸਤੇ ਕੀ ਕਾਰਜ ਕੀਤੇ ਤੇ ਉਨ੍ਹਾਂ ਦੀ ਵਿਚਾਰਧਾਰਾ ਕੀ ਸੀ, ਜਿਸ ਦੀ ਪੂਰਤੀ ਲਈ ਉਸ ਨੇ ਸਾਰਾ ਜੀਵਨ ਨਿਛਾਵਰ ਕਰ ਦਿੱਤਾ, ਉਸ ਬਾਰੇ ਗਿਆਨ ਵੰਡਣਾ ਹੁੰਦਾ ਹੈ | ਸੁਤੰਤਰ ਜੀ ਦੀ ਵਿਚਾਰਧਾਰਾ ਅਜਿਹਾ ਰਾਜ ਪ੍ਰਬੰਧ ਸਿਰਜਣ ਦੀ ਸੀ, ਜਿਸ ਵਿੱਚ ਹਰੇਕ ਮਨੁੱਖ ਨੂੰ ਘਰ, ਸਿਹਤ, ਰੁਜ਼ਗਾਰ ਤੇ ਵਿਦਿਆ ਮਿਲੇ | ਅਜੋਕਾ ਪ੍ਰਬੰਧ ਪੂੰਜੀਵਾਦੀ ਭਾਵ ਧਨਾਢਾਂ ਦੀ ਸਰਦਾਰੀ ਵਾਲਾ ਹੈ, ਇਸ ਪ੍ਰਬੰਧ ਅਧੀਨ ਗਰੀਬ ਹੋਰ ਗਰੀਬ ਹੋਈ ਜਾ ਰਿਹਾ ਤੇ ਅਮੀਰਾਂ ਦੀਆਂ ਪੌਂ-ਬਾਰਾਂ ਹਨ | ਇਸ ਲਈ ਤੇਜਾ ਸਿੰਘ ਸੁਤੰਤਰ ਇਸ ਪ੍ਰਬੰਧ ਨੂੰ ਖਤਮ ਕਰਕੇ ਸਮਾਜਵਾਦੀ ਪ੍ਰਬੰਧ ਸਿਰਜਣ ਦੇ ਰਾਹ ਤੁਰਿਆ ਸੀ | ਸਮਾਜਵਾਦੀ ਪ੍ਰਬੰਧ ਦੇ ਅਧੀਨ ਹਰ ਇੱਕ ਨੂੰ ਮੁਫਤ ਘਰ, ਸਿਹਤ, ਰੁਜ਼ਗਾਰ ਤੇ ਵਿਦਿਆ ਮਿਲਣਾ ਯਕੀਨੀ ਹੈ | ਇਸ ਪ੍ਰਬੰਧ ਅਧੀਨ ਅਮੀਰ ਲੋਕ, ਜਿਨ੍ਹਾਂ ਦੀਆਂ ਪੌਂ-ਬਾਰਾਂ ਹਨ, ਜੇ ਉਹ ਵੀ ਕਿਰਤੀਆਂ ਦੀ ਤਰ੍ਹਾਂ ਕੰਮ ਕਰਨਗੇ ਤਾਂ ਹੀ ਰਹਿ ਸਕਦੇ ਹਨ | ਸੀ ਪੀ ਆਈ ਤੇਜਾ ਸਿੰਘ ਸੁਤੰਤਰ ਦੀ ਸੋਚ ਦੀ ਧਾਰਨੀ ਹੈ ਤੇ ਇਸ ਸੋਚ ਦੀ ਪੂਰਤੀ ਵਾਸਤੇ 14 ਅਪ੍ਰੈਲ ਤੋਂ 15 ਮਈ ਤੱਕ ਦੇਸ਼ ਭਰ ਵਿੱਚ ਪਦ ਯਾਤਰਾ ਕਰ ਰਹੀ ਹੈ | ਹੁਸ਼ਿਆਰਪੁਰ ਵਿੱਚ 8 ਤੋਂ ਲੈ ਕੇ 15 ਮਈ ਤੱਕ ਪਦ ਯਾਤਰਾ ਕੀਤੀ ਜਾਵੇਗੀ | ਪਦ ਯਾਤਰਾ ਦੌਰਾਨ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਵਿੱਚ ਜਾ ਕੇ ਘਰ, ਸਿਹਤ, ਰੁਜ਼ਗਾਰ ਤੇ ਵਿਦਿਆ ਦੀ ਪ੍ਰਾਪਤੀ ਲਈ ਲੋਕਾਂ ਨੂੰ ਜਾਗਰੂਕ ਤੇ ਜਥੇਬੰਦ ਕਰਨਾ ਹੈ | ਪਦ ਯਾਤਰਾ ਪੰਜਾਬ ਵਿੱਚ ਵੀ ਕੀਤੀ ਜਾ ਰਹੀ ਹੈ | ਪਾਰਟੀ ਨੇ ਕਣਕ ਦੇ ਸੀਜ਼ਨ ਨੂੰ ਮੁੱਖ ਰੱਖ ਕੇ ਪਹਿਲਾਂ ਸ਼ਹਿਰਾਂ ਤੇ ਕਸਬਿਆਂ ਵਿੱਚ ਪ੍ਰੋਗਰਾਮ ਕਰਨੇ ਹਨ ਤੇ ਬਾਅਦ ਵਿੱਚ ਪਿੰਡਾਂ ਵਿੱਚ ਪਹੁੰਚਣਾ ਹੈ |
ਮਾੜੀਮੇਘਾ ਨੇ ਕਿਹਾ ਕਿ ਮੋਦੀ-ਸ਼ਾਹ ਦੀ ਫਾਸ਼ੀਵਾਦੀ ਤੇ ਕਾਰਪੋਰੇਟ ਪੱਖੀ ਨੀਤੀ ਦਾ ਵਿਰੋਧ ਵੀ ਇਸ ਢੰਗ ਨਾਲ ਹੀ ਕੀਤਾ ਦਾ ਸਕਦਾ ਹੈ, ਕਿਉਂਕਿ ਘਰ, ਸਿਹਤ, ਰੁਜ਼ਗਾਰ ਤੇ ਵਿਦਿਆ ਹਰੇਕ ਮਨੁੱਖ ਤੇ ਫਿਰਕੇ ਦੀ ਜ਼ਰੂਰਤ ਹੈ | ਇਸ ਲਈ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇ, ਜਿਹੜਾ ਸੈਂਟਰ ਪਾਰਟੀ ਨੇ ਦੇਸ਼ ਭਰ ਵਿੱਚ 10 ਲੱਖ ਮੈਂਬਰ ਭਰਤੀ ਕਰਨ ਦਾ ਟੀਚਾ ਮਿੱਥਿਆ ਹੈ, ਉਹ ਪੂਰਾ ਕਰਨ ਵਿੱਚ ਹਿੱਸਾ ਪਾਉਣਾ ਬਹੁਤ ਜ਼ਰੂਰੀ ਹੈ ਤਾਂ ਹੀ ਅਸੀਂ ਪਾਰਲੀਮੈਂਟ ਚੋਣਾਂ ਵਿੱਚ ਕਾਮਯਾਬ ਹੋ ਸਕਦੇ ਹਾਂ |
ਮੀਟਿੰਗ ਨੂੰ ਸੀ ਪੀ ਆਈ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਕੱਤਰ ਅਮਰਜੀਤ ਸਿੰਘ, ਸਾਧੂ ਸਿੰਘ ਭੱਟੀ, ਪ੍ਰੋ. ਰਤਨ ਸਿੰਘ, ਦੇਵ ਕੁਮਾਰ ਧੂਤ, ਸੁਖਦੇਵ ਸਿੰਘ ਵਿਰਕ, ਉਂਕਾਰ ਸਿੰਘ, ਐੱਸ ਡੀ ਓ ਗੁਰਮੇਲ ਸਿੰਘ ਤੇ ਬੀਬੀ ਕਿ੍ਸ਼ਨਾ ਨੇ ਵੀ ਸੰਬੋਧਨ ਕੀਤਾ |





