ਗੜ੍ਹਸ਼ੰਕਰ/ਮਾਹਿਲਪੁਰ (ਫੂਲਾ ਸਿੰਘ ਬੀਰਮਪੁਰ/ਸਫਰੀ)-ਹੁਸ਼ਿਆਰਪੁਰ ਜ਼ਿਲ੍ਹੇ ਦੇ ਗੜ੍ਹਸ਼ੰਕਰ ਇਲਾਕੇ ’ਚ ਬੁੱਧਵਾਰ ਰਾਤ ਕਰੀਬ ਸਾਢੇ ਗਿਆਰਾਂ ਵਜੇ ਟਰੱਕ ਦੀ ਲਪੇਟ ’ਚ ਆਉਣ ਕਾਰਨ 7 ਸ਼ਰਧਾਲੂਆਂ ਦੀ ਮੌਤ ਹੋ ਗਈ ਤੇ ਲੱਗਭੱਗ ਇਕ ਦਰਜਨ ਜ਼ਖਮੀ ਹੋ ਗਏ। ਇਹ ਲੋਕ ਖੁਰਾਲਗੜ੍ਹ ਸਾਹਿਬ ਤੋਂ ਚਰਨਛੋਹ ਗੰਗਾ ਵੱਲ ਜਾ ਰਹੇ ਸਨ। ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਸਲਾਣਾ ਦੂਲਾ ਸਿੰਘ ਵਾਲਾ ਤੋਂ ਆ ਰਿਹਾ ਟਰੱਕ ਢਲਾਨ ’ਤੇ ਬੇਕਾਬੂ ਹੋ ਕੇ ਇਨ੍ਹਾਂ ’ਤੇ ਚੜ੍ਹ ਗਿਆ। ਪੁਲਸ ਨੂੰ ਸ਼ੱਕ ਹੈ ਕਿ ਟਰੱਕ ਦੀਆਂ ਬਰੇਕਾਂ ਫੇਲ੍ਹ ਹੋ ਗਈਆਂ ਸਨ। ਜਾਨ ਗਵਾਉਣ ਵਾਲੇ ਜ਼ਿਆਦਾਤਰ ਲੋਕ ਯੂ ਪੀ ਦੇ ਮੁਜ਼ੱਫਰਨਗਰ ਜ਼ਿਲ੍ਹੇ ਦੇ ਮਸਤਾਨ ਖੇੜਾ ਦੇ ਰਹਿਣ ਵਾਲੇ ਸਨ। ਮਿ੍ਰਤਕਾਂ ਦੀ ਪਛਾਣ ਰਾਹੁਲ, ਸੁਦੇਸ਼ ਪਾਲ, ਸੰਤੋਸ਼, ਅੰਗੂਰੀ, ਕੁੰਤੀ, ਗੀਤਾ ਅਤੇ ਰਾਮੋਹ ਵਜੋਂ ਹੋਈ ਹੈ। ਪੰਜ ਗੰਭੀਰ ਜ਼ਖਮੀਆਂ ਨੂੰ ਪੀ ਜੀ ਆਈ ਰੈਫਰ ਕਰਨਾ ਪਿਆ। ਗੁਰੂ ਰਵਿਦਾਸ ਨਾਲ ਸੰਬੰਧਤ ਧਾਰਮਿਕ ਅਸਥਾਨ ਖੁਰਾਲਗੜ੍ਹ ਸਾਹਿਬ ਵਿਖੇ ਵਿਸਾਖੀ ਦੇ ਤਿਉਹਾਰ ਮੌਕੇ ਕਾਫੀ ਸ਼ਰਧਾਲੂ ਪੁੱਜਦੇ ਹਨ। ਬੁੱਧਵਾਰ ਤੜਕੇ ਵੀ ਟਰੈਕਟਰ-ਟਰਾਲੀ ਖੱਡ ਵਿਚ ਡਿੱਗਣ ਕਾਰਨ ਤਿੰਨ ਸ਼ਰਧਾਲੂਆਂ ਦੀ ਮੌਤ ਹੋ ਗਈ ਸੀ।
ਅਤੀਕ ਦਾ ਮੁੰਡਾ ਤੇ ਸਾਥੀ ਮੁਕਾਬਲੇ ’ਚ ਹਲਾਕ
ਪ੍ਰਯਾਗਰਾਜ : ਯੂ ਪੀ ਪੁਲਸ ਦੇ ਏ ਡੀ ਜੀ ਪੀ (ਲਾਅ ਐਂਡ ਆਰਡਰ) ਪ੍ਰਸ਼ਾਂਤ ਕੁਮਾਰ ਨੇ ਵੀਰਵਾਰ ਦੱਸਿਆ ਕਿ ਪ੍ਰਯਾਗਰਾਜ ’ਚ ਉਮੇਸ਼ ਪਾਲ ਕਤਲ ਕੇਸ ’ਚ ਲੋੜੀਂਦੇ ਸਾਬਕਾ ਸੰਸਦ ਮੈਂਬਰ ਅਤੀਕ ਅਹਿਮਦ ਦੇ ਪੁੱਤਰ ਅਸਦ ਤੇ ਸ਼ੂਟਰ ਗੁਲਾਮ ਨੂੰ ਝਾਂਸੀ ਦੇ ਪਾਰੀਛਾ ਡੈਮ ਕੋਲ ਮੁਕਾਬਲੇ ’ਚ ਮਾਰ ਦਿੱਤਾ ਗਿਆ। ਦੋਹਾਂ ’ਤੇ ਪੰਜ-ਪੰਜ ਲੱਖ ਦਾ ਇਨਾਮ ਸੀ। ਉਹ ਅਤੀਕ ਨੂੰ ਛੁਡਾਉਣ ਲਈ ਕਾਫਲੇ ’ਤੇ ਹਮਲਾ ਕਰਨ ਵਾਲੇ ਸਨ। ਇਸ ਲਈ ਉਨ੍ਹਾਂ ਪਿੱਛੇ ਐੱਸ ਟੀ ਐੱਫ ਲਾਈ ਗਈ ਸੀ। ਜਦੋਂ ਮੁਕਾਬਲਾ ਚੱਲ ਰਿਹਾ ਸੀ, ਅਤੀਕ ਦੀ ਪ੍ਰਯਾਗਰਾਜ ’ਚ ਪੇਸ਼ੀ ਸੀ। ਖਬਰ ਮਿਲਦਿਆਂ ਉਹ ਰੋਣ ਲੱਗਿਆ। ਗਲਾ ਸੁੱਕਿਆ ਤਾਂ ਪਾਣੀ ਮੰਗਿਆ ਤੇ ਸਿਰ ਫੜ ਕੇ ਬੈਠ ਗਿਆ। ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਨੂੰ ਉਮੇਸ਼ ਪਾਲ ਕਤਲ ਕੇਸ ’ਚ ਪ੍ਰਯਾਗਰਾਜ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੋਵਾਂ ਦਾ 14 ਦਿਨ ਲਈ ਜੁਡੀਸ਼ਲ ਰਿਮਾਂਡ ਦੇ ਦਿੱਤਾ।

