ਜਲੰਧਰ. ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਪ੍ਰਧਾਨ ਅਜਮੇਰ ਸਿੰਘ ਸਮਰਾ ਤੇ ਜਨਰਲ ਸਕੱਤਰ ਪਿਰਥੀਪਾਲ ਸਿੰਘ ਮਾੜੀਮੇਘਾ ਨੇ ਦੱਸਿਆ ਹੈ ਕਿ 21 ਅਪ੍ਰੈਲ ਨੂੰ ਗਦਰ ਪਾਰਟੀ ਦਾ ਸਥਾਪਨਾ ਦਿਵਸ ਦੇਸ਼ ਭਗਤ ਯਾਦਗਾਰ ਕੰਪਲੈਕਸ ਵਿੱਚ ਉਸਰੇ ਵਿਸ਼ਨੂੰ ਗਣੇਸ਼ ਪਿੰਗਲੇ ਹਾਲ ਵਿੱਚ ਮਨਾਇਆ ਜਾ ਰਿਹਾ ਹੈ। ਸਮਾਗਮ ਦੇ ਮੁੱਖ ਬੁਲਾਰੇ ਡਾਕਟਰ ਪਰਮਿੰਦਰ ਸਿੰਘ ਤੇ ਕਮੇਟੀ ਦੇ ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ ਹੋਣਗੇ। ਆਗੂਆਂ ਨੇ ਕਿਹਾ ਕਿ ਗਦਰ ਪਾਰਟੀ ਦੀ ਬਦੌਲਤ ਹੀ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ, ਪਰ ਅੱਜ ਮੋਦੀ ਦੀ ਫਾਸ਼ੀਵਾਦੀ ਹਕੂਮਤ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਦੀ ਗੁਲਾਮ ਬਣਾਉਣ ਦੇ ਰਾਹ ਤੁਰੀ ਹੈ। ਧੜਾਧੜ ਦੇਸ਼ ਦੀ ਜਾਇਦਾਦ ਵੇਚੀ ਜਾ ਰਹੀ ਹੈ। ਸਰਕਾਰੀ ਅਦਾਰੇ ਤਬਾਹ ਕਰ ਦਿੱਤੇ ਹਨ। ਬੇਰੁਜ਼ਗਾਰੀ ਦਾ ਦੈਂਤ ਦਨਦਨਾਉਂਦਾ ਫਿਰ ਰਿਹਾ। ਇਸ ਦੈਂਤ ਤੋਂ ਡਰਦੀ ਜਵਾਨੀ ਵਿਦੇਸ਼ਾਂ ਨੂੰ ਕੂਚ ਕਰੀ ਜਾ ਰਹੀ ਹੈ। ਗਦਰੀ ਬਾਬਿਆਂ ਦੀ ਸੋਚ ਤਾਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਬਰਾਬਰੀ ਤੇ ਭਾਈਚਾਰੇ ਦੀ ਏਕਤਾ ਵਾਲਾ ਰਾਜ ਪ੍ਰਬੰਧ ਕਰਨਾ ਸੀ, ਪਰ ਹੋ ਗਿਆ ਗਦਰੀਆਂ ਦੀ ਸੋਚ ਦੇ ਉਲਟ। ਲੋਕ ਗਰੀਬੀ ਦਾ ਸੰਤਾਪ ਭੋਗ ਰਹੇ ਹਨ। ਉਕਤ ਅਲਾਮਤਾਂ ਤੋਂ ਛੁਟਕਾਰਾ ਪਾ ਕੇ ਖੁਸ਼ਹਾਲ ਸਮਾਜ ਕਿਸ ਤਰ੍ਹਾਂ ਉਸਾਰਿਆ ਜਾ ਸਕਦਾ ਹੈ, ਇਸ ਸਮਾਗਮ ਵਿੱਚ ਅਜਿਹੀ ਵਿਚਾਰ-ਚਰਚਾ ਹੋਵੇਗੀ।




