ਲੁਧਿਆਣਾ. (ਐੱਮ ਐੱਸ ਭਾਟੀਆ/ਰੈਕਟਰ ਕਥੂਰੀਆ) ਭਾਰਤੀ ਕਮਿਊਨਿਸਟ ਪਾਰਟੀ ਦੀ ਜ਼ਿਲ੍ਹਾ ਲੁਧਿਆਣਾ ਇਕਾਈ ਵੱਲੋਂ ਸ਼ੁੱਕਰਵਾਰ ਇੱਥੇ ਭਾਜਪਾ ਹਟਾਓ, ਦੇਸ਼ ਬਚਾਓ, ਲੋਕ ਬਚਾਓ-ਸੰਵਿਧਾਨ ਬਚਾਓ ਨਾਅਰੇ ਤਹਿਤ ਕੌਮੀ ਪੱਧਰ ’ਤੇ ਚਲਾਈ ਜਾ ਰਹੀ ਜਨ ਸੰਪਰਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਪਾਰਟੀ ਦੇ ਆਗੂਆਂ ਅਤੇ ਕਾਰਕੁਨਾਂ ਨੇ ਜਲੰਧਰ-ਬਾਈਪਾਸ ਵਿਖੇ ਸਥਿਤ ਡਾਕਟਰ ਅੰਬੇਦਕਰ ਦੇ ਬੁੱਤ ’ਤੇ ਹਾਰ ਪਾ ਕੇ ਅਤੇ ਰੈਲੀ ਕਰਕੇ ਦੇਸ਼ ਦੇ ਲੋਕਤੰਤਰ ਅਤੇ ਧਰਮ ਨਿਰਪੱਖ ਸੰਵਿਧਾਨ ਦੀ ਰਾਖੀ ਕਰਨ ਦਾ ਪ੍ਰਣ ਲਿਆ। ਜਨ ਸੰਪਰਕ ਮੁਹਿੰਮ ਦੀ ਅਗਵਾਈ ਕਾਮਰੇਡ ਬੰਤ ਸਿੰਘ ਬਰਾੜ ਸੂਬਾ ਸਕੱਤਰ ਸੀ ਪੀ ਆਈ, ਕਾਮਰੇਡ ਡੀ ਪੀ ਮੌੜ ਜ਼ਿਲ੍ਹਾ ਸਕੱਤਰ, ਕਾਮਰੇਡ ਰਮੇਸ਼ ਰਤਨ ਮੈਂਬਰ ਸੂਬਾ ਐਗਜ਼ੈਕਟਿਵ, ਡਾਕਟਰ ਅਰੁਣ ਮਿੱਤਰਾ ਮੈਂਬਰ ਕੌਮੀ ਕੌਂਸਲ, ਕਾਮਰੇਡ ਚਮਕੌਰ ਸਿੰਘ ਸਹਾਇਕ ਸਕੱਤਰ, ਕਾਮਰੇਡ ਐੱਮ ਐੱਸ ਭਾਟੀਆ ਸ਼ਹਿਰੀ ਸਕੱਤਰ, ਕਾਮਰੇਡ ਵਿਜੇ ਕੁਮਾਰ ਅਤੇ ਵਿਨੋਦ ਕੁਮਾਰ ਨੇ ਕੀਤੀ। ਇਸ ਮੌਕੇ ਜ਼ਿਲ੍ਹੇ ਭਰ ਤੋਂ ਆਏ ਸੈਂਕੜੇ ਕਾਰਕੁੰਨ ਮੌਜੂਦ ਸਨ। ਡਾਕਟਰ ਅੰਬੇਡਕਰ ਦੇ ਬੁੱਤ ’ਤੇ ਹਾਰ ਪਾਏ ਗਏ ਅਤੇ ਉਪਰੰਤ ਹੋਈ ਰੈਲੀ ਨੂੰ ਸੰਬੋਧਨ ਕਰਦਿਆਂ ਕਾਮਰੇਡ ਬੰਤ ਸਿੰਘ ਬਰਾੜ ਨੇ ਕਿਹਾ ਕਿ ਦੇਸ਼ ਦੇ ਇਨਕਲਾਬੀਆਂ ਅਤੇ ਆਜ਼ਾਦੀ ਘੁਲਾਟੀਆਂ ਨੇ ਅਨੇਕਾਂ ਸੰਘਰਸ਼ ਕਰਕੇ ਤੇ ਜੀਵਨ ਦੇ ਬਲੀਦਾਨ ਦੇ ਕੇ ਧਰਮ ਨਿਰਪੱਖ ਅਤੇ ਲੋਕਤੰਤਰ ’ਤੇ ਅਧਾਰਤ ਆਜ਼ਾਦ ਭਾਰਤ ਦਾ ਸੰਵਿਧਾਨ ਸਥਾਪਤ ਕੀਤਾ, ਪਰ ਕੇਂਦਰ ਵਿੱਚ ਬੈਠੀ ਭਾਜਪਾ ਸਰਕਾਰ ਵੱਲੋਂ ਇਸ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ ਸਾਰੀਆਂ ਲੋਕਤੰਤਰਿਕ ਸੰਸਥਾਵਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਇੱਥੋਂ ਤੱਕ ਕਿ ਨਿਆਂਪਾਲਿਕਾ ਦੀ ਆਜ਼ਾਦੀ ’ਤੇ ਵੀ ਸਵਾਲ ਖੜੇ ਹੋ ਗਏ ਹਨ। ਸਮੁੱਚੀ ਆਰਥਿਕ ਨੀਤੀ ਕਾਰਪੋਰੇਟ-ਪੱਖੀ ਅਪਣਾਈ ਜਾ ਰਹੀ ਹੈ, ਜਿਸ ਕਰਕੇ ਮਹਿੰਗਾਈ ਵਧਣ ਕਾਰਨ ਰਸੋਈ ਗੈਸ ਤੇ ਹੋਰ ਆਮ ਵਰਤੋਂ ਦੀਆਂ ਵਸਤਾਂ ਦੇ ਭਾਅ ਬਹੁਤ ਵਧ ਗਏ ਹਨ ਤੇ ਲੋਕਾਂ ਦੀ ਜ਼ਿੰੰਦਗੀ ਦੁੱਭਰ ਹੋ ਗਈ ਹੈ। ਪਿਛਲੇ 9 ਸਾਲ ਜਦੋਂ ਤੋਂ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਆਈ ਹੈ, ਭਾਰਤ ਗਰੀਬੀ ਵਿਚ ਤਿਰਾਨਵੇਂ ਤੋਂ 107 ਨੰਬਰ ’ਤੇ ਚਲਾ ਗਿਆ ਹੈ। ਬੇਰੁਜ਼ਗਾਰੀ ਵਿਚ ਵਾਧਾ ਹੋ ਗਿਆ ਹੈ, ਮਹਿੰਗਾਈ ਵਿਚ ਬੇਸ਼ੁਮਾਰ ਵਾਧਾ ਹੋਇਆ, ਜਿਵੇਂ ਕਿ ਗੈਸ ਸਿਲੰਡਰ 400 ਤੋਂ ਗਿਆਰਾਂ ਸੌ ਚਾਲੀ ਰੁਪਏ ਤੱਕ ਚਲਾ ਗਿਆ ਹੈ। ਪੈਟਰੋਲ ਸੱਠ ਰੁਪਏ ਤੋਂ 100 ਰੁਪਏ ਪ੍ਰਤੀ ਲੀਟਰ ਤੱਕ ਚਲਿਆ ਗਿਆ। ਜੇਕਰ 2024 ਵਿੱਚ ਦੁਬਾਰਾ ਭਾਜਪਾ ਸਰਕਾਰ ਆਈ ਤਾਂ ਹਰ ਗੈਸ ਸਿਲੰਡਰ 4 ਹਜ਼ਾਰ ਰੁਪਏ ਅਤੇ ਡੀਜ਼ਲ ਤੇ ਪੈਟਰੋਲ ਢਾਈ ਸੌ ਰੁਪਏ ਤੱਕ ਹੋ ਜਾਣਗੇ। ਭੁੱਖਮਰੀ ਦੇ ਸੂਚਕ ਅੰਕ ਵਿੱਚ ਭਾਰਤ 120 ਦੇਸ਼ਾਂ ’ਚੋਂ 107 ਨੰਬਰ ’ਤੇ ਆ ਗਿਆ ਹੈ।
ਕਾਮਰੇਡ ਡੀ ਪੀ ਮੌੜ ਨੇ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੀਆਂ ਜਿਣਸਾਂ ਦੇ ਘੱਟੋ-ਘੱਟ ਮੁੱਲ ਨਹੀਂ ਮਿਲ ਰਹੇ। ਕਾਮਿਆਂ ਨੂੰ ਘੱਟੋ-ਘੱਟ ਉਜਰਤ ਨਹੀਂ ਮਿਲ ਰਹੀ ਤੇ ਮਨਰੇਗਾ ’ਤੇ ਬਜਟ ਘਟਾ ਦਿੱਤਾ ਗਿਆ ਹੈ ਅਤੇ ਸਿੱਖਿਆ ਤੇ ਸਿਹਤ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੀ ਜਾ ਰਹੀ ਹੈ। ਕਿਤਾਬਾਂ ਵਿੱਚ ਤਬਦੀਲੀ ਕਰਕੇ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਤਾਂ ਜੋ ਬੱਚਿਆਂ ਦੇ ਮਨਾਂ ਵਿਚ ਫਿਰਕੂ ਜ਼ਹਿਰ ਅਤੇ ਦੂਜਿਆਂ ਪ੍ਰਤੀ ਨਫਰਤ ਦੇ ਭਾਵ ਭਰ ਦਿੱਤੇ ਜਾਣ। ਸਾਰੇ ਦੇਸ਼ ਵਿਚ ਇਹ ਮੁਹਿੰਮ ਅੱਜ ਸਫਲਤਾਪੂਰਵਕ ਆਰੰਭ ਕੀਤੀ ਗਈ ਹੈ। ਡਾਕਟਰ ਅਰੁਣ ਮਿੱਤਰਾ ਮੈਂਬਰ ਕੌਮੀ ਕੌਂਸਲ ਨੇ ਦੱਸਿਆ ਕਿ ਇਸ ਮੁਹਿੰਮ ਦੇ ਰਾਹੀਂ ਅਸੀਂ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਾਂਗੇ ਤੇ 2024 ਵਿੱਚ ਭਾਜਪਾ ਨੂੰ ਹਟਾਉਣ ਲਈ ਮਹੌਲ ਤਿਆਰ ਕਰਾਂਗੇ।
ਸ਼ਹਿਰੀ ਸਕੱਤਰ ਕਾਮਰੇਡ ਐੱਮ ਐੱਸ ਭਾਟੀਆ ਨੇ ਦੱਸਿਆ ਕਿ ਜਨ ਸੰਪਰਕ ਮੁਹਿੰਮ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾਏਗੀ ਅਤੇ ਲੋਕਾਂ ਵਿਚ ਜਾ ਕੇ ਜਾਣਕਾਰੀ ਦਿੱਤੀ ਜਾਏਗੀ। ਇਸ ਉਪਰੰਤ ਸਲੇਮਟਾਬਰੀ, ਜੱਸੀਆਂ ਰੋਡ, ਵੱਡੀ ਹੈਬੋਵਾਲ, ਛੋਟੀ ਹੈਬੋਵਾਲ, ਵਾਈ ਬਲਾਕ ਰਿਸ਼ੀ ਨਾਗਰ ਤੇ ਕਪਿਲ ਪਾਰਕ ਤੇ ਬਾੜੇਵਾਲ ਰੋਡ ਵਿਖੇ ਪ੍ਰਦਰਸ਼ਨ ਕੀਤਾ ਗਿਆ। ਇਸ ਮੁਹਿੰਮ ਵਿਚ ਸ਼ਾਮਲ ਸਾਥੀਆਂ ਦੇ ਨਾਂਅ ਹਨ-ਪ੍ਰੀਤਮ ਸਿੰਘ, ਸੁਰਿੰਦਰ, ਬਲਜੀਤ, ਅਵਤਾਰ ਚਿਬੜ, ਰਾਮ ਚੰਦ, ਰਣਧੀਰ ਸਿੰਘ, ਗਗਨਦੀਪ ਕੌਰ, ਸਰਬਜੀਤ ਕੌਰ, ਕਮਲਜੀਤ ਕੌਰ ਰਫੀਕ, ਸਫੀਕ, ਸਰੋਜ, ਜਗਮੋਹਨ ਸ਼ਰਮਾ, ਸੰਜੈ ਕੁਮਾਰ, ਰਾਮ ਖਿਲਾਵਨ, ਡਾਕਟਰ ਗੁਲਜ਼ਾਰ ਪੰਧੇਰ, ਗੁਰਮੇਲ ਸਿੰਘ ਮੇਲਡੇ, ਐੱਸ ਪੀ ਸਿੰਘ, ਕੇਵਲ ਸਿੰਘ ਬਨਵੈਤ, ਅਜੀਤ ਜਵੱਦੀ, ਕਰਤਾਰ ਰਾਮ, ਰਾਏਕੋਟ, ਗੁਰਮੀਤ ਸਿੰਘ ਖੰਨਾ, ਜੋਗਿੰਦਰ ਪਾਲ, ਆਨੋਦ ਕੁਮਾਰ, ਕਰਮਾਲ ਸਿੰਘ, ਸਤਨਾਮ ਸਿੰਘ, ਮਲਕੀਤ ਮਾਲੜਾ, ਮਹਿੰਦਰਪਾਲ ਸਿੰਘ, ਰਾਜਪਾਲ ਵਰਮਾ, ਕੁਲਵੰਤ ਸਿੰਘ, ਅਰਜਨ ਸਿੰਘ, ਸੁਰੇਸ਼ ਕੁਮਾਰ, ਰਾਮ ਸੁਰੇਸ਼ ਸ਼ਰਮਾ, ਕਾਮੇਸ਼ਵਰ ਆਦਿ।





