ਤਲਵੰਡੀ ਸਾਬੋ (ਜਗਦੀਪ ਗਿੱਲ)-ਕੀ ਇਹ ਅਮਿ੍ਰਤਪਾਲ ਦੇ ਵਿਸਾਖੀ ਮੌਕੇ ਪੁਲਸ ਅੱਗੇ ਆਤਮ-ਸਮਰਪਣ ਕਰਨ ਦੀ ਦੰਦ ਕਥਾ ਜਾਂ ਹਾੜ੍ਹੀ ਦੀਆਂ ਵਾਢੀਆਂ ਦੇ ਵਕਤ ਤੋਂ ਕੁਝ ਪਹਿਲਾਂ ਆ ਜਾਣ ਦੀ ਵਜ੍ਹਾ ਸੀ ਕਿ ਦਮਦਮਾ ਸਾਹਿਬ ਵਿਖੇ ਮੇਲਾ ਵਿਸਾਖੀ ਮੌਕੇ ਇਸ ਵਾਰ ਪਿਛਲੇ ਸਾਲਾਂ ਦੇ ਮੁਕਾਬਲੇ ਸੰਗਤਾਂ ਦਾ ਭਾਰੀ ਇਕੱਠ ਵੇਖਣ ਨੂੰ ਨਹੀਂ ਮਿਲਿਆ। ਅੰਮਿ੍ਰਤਪਾਲ ਦੇ ਇਥੇ ਸਰੰਡਰ ਕਰਨ ਦੀ ਭਾਰੀ ਚਰਚਾ ਦੇ ਚਲਦਿਆਂ ਹੀ ਸ਼ਾਇਦ ਇਹ ਵੀ ਪਹਿਲੀ ਵਾਰ ਹੀ ਵਾਪਰਿਆ ਹੈ ਕਿ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਤੇ ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੇਲਾ ਵਿਸਾਖੀ ਮਨਾਉਣ ਲਈ ਕੋਈ ਸਿਆਸੀ ਜਾਂ ਧਾਰਮਕ ਕਾਨਫਰੰਸ ਜਥੇਬੰਦ ਕੀਤੀ ਨਜ਼ਰੀਂ ਪਈ। ਆਮ ਆਦਮੀ ਪਾਰਟੀ ਵੱਲੋਂ ਤਾਂ ਭਾਵੇਂ ਪਹਿਲਾਂ ਵੀ ਮੇਲਾ ਵਿਸਾਖੀ ਮੌਕੇ ਬਹੁਤੀ ਵਾਰ ਕਾਨਫਰੰਸਾਂ ਨਹੀਂ ਕੀਤੀਆਂ ਗਈਆਂ ਪ੍ਰੰਤੂ ਕਾਂਗਰਸ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਸਮੇਤ ਬਹੁਤੇ ਸਿਆਸੀ ਦਲਾਂ ਵੱਲੋਂ ਦੜ ਵੱਟ ਜ਼ਮਾਨਾ ਕੱਟ ਭਲੇ ਦਿਨ ਆਵਣਗੇ ਵਾਲਾ ਫਾਰਮੂਲਾ ਅਪਣਾ ਲਿਆ ਗਿਆ ਜਾਪਦਾ ਹੈ। ਕੁੱਲ ਮਿਲਾ ਕੇ ਅਕਾਲੀ ਦਲ ਅੰਮਿ੍ਰਤਸਰ ਅਤੇ ਬਹੁਜਨ ਸਮਾਜ ਪਾਰਟੀ ਹੀ ਅਜਿਹੇ ਸਿਆਸੀ ਦਲ ਹਨ, ਜਿਨ੍ਹਾਂ ਵੱਲੋਂ ਆਪਣੀਆਂ ਵੱਖਰੀਆਂ ਵੱਖਰੀਆਂ ਸਟੇਜਾਂ ਲਗਾ ਕੇ ਖਾਲਸੇ ਦਾ ਜਨਮ ਦਿਹਾੜਾ ਮੇਲਾ ਵਿਸਾਖੀ ਰਵਾਇਤੀ ਰੂਪ ’ਚ ਮਨਾਇਆ ਗਿਆ। ਉਧਰ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਪਹਿਲਾਂ ਹਰ ਸਾਲ ਜਿਥੇ ਖੁੱਲ੍ਹੀਆਂ ਸਟੇਜਾਂ ਅਤੇ ਪੰਡਾਲ ਲਗਾ ਕਰ ਲੋਕਾਂ ਦੀ ਸੋਚ ਨੂੰ ਵਿਗਿਆਨਕ ਬਣਾਉਣ ਦੇ ਨਜ਼ਰੀਏ ਤੋਂ ਇੱਥੇ ਵਿਸ਼ਾਲ ਸਮਾਗਮ ਕੀਤੇ ਜਾਂਦੇ ਰਹੇ ਹਨ, ਉਨ੍ਹਾਂ ਭਾਵੇਂ ਮੇਲਾ ਵਿਸਾਖੀ ਮੌਕੇ ਆਪਣਾ ਸਮਾਗਮ ਤਾਂ ਕੀਤਾ ਪਰ ਪਿਛਲੇ ਸਾਲਾਂ ’ਚ ਕੀਤੇ ਜਾਂਦੇ ਰਹੇ ਸਮਾਗਮਾਂ ਦੇ ਮੁਕਾਬਲਤਨ ਉਨ੍ਹਾਂ ਦਾ ਇਹ ਸਮਾਗਮ ਵੀ ਕੁਝ ਊਣਾ ਪਾਉਣਾ ਹੀ ਸੀ। ਕੁੱਲ ਮਿਲਾ ਕੇ ਭਾਵੇਂ ਮੇਲਾ ਵਿਸਾਖੀ ਮੌਕੇ ਇਸ ਵਾਰ ਸੰਗਤਾਂ ਸਿਰਾਂ ਦੀ ਗਿਣਤੀ ਪੱਖੋਂ ਕੁਝ ਘੱਟ ਦਿਖਾਈ ਦਿੱਤੀਆਂ ਪਰ ਫਿਰ ਵੀ ਸੈਂਕੜੇ ਸਾਲਾਂ ਤੋਂ ਲਗਦੇ ਆ ਰਹੇ ਇਸ ਜੋੜ ਮੇਲੇ ਦਾ ਵਿਚਕਾਰਲਾ ਉਹ ਖਾਸ ਦਿਨ (14 ਅਪ੍ਰੈਲ) ਸੁੱਖੀ ਸਾਂਦੀ ਲੰਘ ਗਿਆ ।





