ਘਟਦਾ ਤੇਜ

0
259

ਅਮਰੀਕਾ ਦਾ ਸੰਸਾਰ ਪ੍ਰਸਿੱਧ ‘ਟਾਈਮ’ ਮੈਗਜ਼ੀਨ ਹਰ ਸਾਲ ਦੁਨੀਆ ਦੇ 100 ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਛਾਪਦਾ ਹੈ। ਇਸ ਵਾਰ ਇਸ ’ਚ ਭਾਰਤ ਦੀਆਂ ਦੋ ਫਿਲਮੀ ਹਸਤੀਆਂ ਸ਼ਾਹਰੁਖ ਖਾਨ ਤੇ ਐੱਸ ਐੱਸ ਰਾਜਾਮੌਲੀ ਦੇ ਨਾਂਅ ਸ਼ਾਮਲ ਕੀਤੇ ਗਏ ਹਨ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਹੀਂ, ਜਦਕਿ ਭਾਜਪਾ ਵਾਲੇ ਉਨ੍ਹਾ ਨੂੰ ਦੁਨੀਆ ਦੇ ਸਭ ਤੋਂ ਵੱਧ ਪ੍ਰਭਾਵਸ਼ਾਲੀ ਆਗੂ ਵਜੋਂ ਪ੍ਰਚਾਰਦੀ ਹੈ। 2021 ਦੀ ਸੂਚੀ ਵਿੱਚ ਮੋਦੀ ਦਾ ਨਾਂਅ ਸ਼ਾਮਲ ਸੀ। ਉਨ੍ਹਾ ਦਾ ਪ੍ਰੋਫਾਈਲ ਪ੍ਰਸਿੱਧ ਪੱਤਰਕਾਰ ਫਰੀਦ ਜ਼ਕਰੀਆ ਨੇ ਲਿਖਿਆ ਸੀ। ਜ਼ਕਰੀਆ ਨੇ ਲਿਖਿਆ ਸੀ ਕਿ ਜਵਾਹਰ ਲਾਲ ਨਹਿਰੂ ਤੇ ਇੰਦਰਾ ਗਾਂਧੀ ਦੇ ਬਾਅਦ ਭਾਰਤੀ ਸਿਆਸਤ ਨੂੰ ਸਭ ਤੋਂ ਵੱਧ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਭਾਵਤ ਕੀਤਾ ਹੈ। ਜ਼ਕਰੀਆ ਨੇ ਮੋਦੀ ਬਾਰੇ ਇਹ ਵੀ ਲਿਖਿਆ ਸੀ ਕਿ ਮੋਦੀ ਨੇ 2020 ਵਿੱਚ ਕੋਵਿਡ ਨੂੰ ਸਹੀ ਢੰਗ ਨਾਲ ਹੈਂਡਲ ਨਹੀਂ ਕੀਤਾ। ਉਨ੍ਹਾ ਦੇ ਕਾਰਜਕਾਲ ’ਚ ਭਾਰਤ ਧਰਮ-ਨਿਰਪੱਖਤਾ ਤੋਂ ਹਿੰਦੂ ਰਾਸ਼ਟਰਵਾਦ ਵੱਲ ਵਧ ਗਿਆ। ਮੋਦੀ ਨੇ ਭਾਰਤ ਦੇ ਸੋਸ਼ਲਿਸਟ ਅਤੀਤ ਨੂੰ ਪੂੰਜੀਵਾਦੀ ਭਾਰਤ ਵੱਲ ਮੋੜ ਦਿੱਤਾ। ਉਨ੍ਹਾ ਭਾਰਤੀ ਮੁਸਲਮਾਨਾਂ ਦੇ ਤਮਾਮ ਅਧਿਕਾਰ ਖਤਮ ਕਰ ਦਿੱਤੇ ਅਤੇ ਐਨ ਜੀ ਓਜ਼ ’ਤੇ ਤਰ੍ਹਾਂ-ਤਰ੍ਹਾਂ ਦੀਆਂ ਪਾਬੰਦੀਆਂ ਲਾ ਦਿੱਤੀਆਂ। ਪ੍ਰੈੱਸ ਦੀ ਆਜ਼ਾਦੀ ਖਤਰੇ ਵਿੱਚ ਪੈ ਗਈ। ਮੋਦੀ ਨੂੰ ਇਹ ਤੈਅ ਕਰਨਾ ਪਵੇਗਾ ਕਿ ਉਹ ਆਪਣੇ ਪਿੱਛੇ ਕਿਹੜਾ ਗੌਰਵਸ਼ਾਲੀ ਅਤੀਤ ਛੱਡ ਕੇ ਜਾਣਗੇ।
ਟਾਈਮ ਮੈਗਜ਼ੀਨ ਦੀ 100 ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਜਦੋਂ ਆਉਂਦੀ ਹੈ ਤਾਂ ਉਹ ਹੋਰ ਕਿਤੇ ਚਰਚਾ ਵਿੱਚ ਆਵੇ ਜਾਂ ਨਾ, ਭਾਰਤ ’ਚ ਉਸ ਦੀ ਚਰਚਾ ਜ਼ਰੂਰ ਹੁੰਦੀ ਹੈ। 2019 ਦੀ ਸੂਚੀ ਵਿੱਚ ਮੋਦੀ ਦਾ ਨਾਂਅ ਸ਼ਾਮਲ ਨਾ ਕਰਨ ’ਤੇ ਭਾਜਪਾ ਦੀ ਵਿਚਾਰਧਾਰਾ ਨਾਲ ਜੁੜੇ ਮੀਡੀਆ ਅਦਾਰਿਆਂ ਨੇ ਖੂਬ ਮੁੱਦਾ ਉਛਾਲਿਆ ਸੀ ਤੇ ਮੈਗਜ਼ੀਨ ਦੀ ਨਿੰਦਾ ਤੱਕ ਕਰ ਦਿੱਤੀ ਸੀ। ਹੁਣ ਲਗਾਤਾਰ ਦੋ ਸਾਲ 2022 ਤੇ 2023 ਵਿੱਚ ਮੋਦੀ ਦਾ ਨਾਂਅ ਗਾਇਬ ਹੈ। ਇਸ ਦੌਰਾਨ ‘ਟਾਈਮ’ ਤੋਂ ਇਲਾਵਾ ਵਾਸ਼ਿੰਗਟਨ ਪੋਸਟ, ਨਿਊ ਯਾਰਕ ਟਾਈਮਜ਼ ਤੇ ਗਾਰਡੀਅਨ ਅਖਬਾਰਾਂ ਨੇ ਭਾਰਤ ’ਚ ਮੋਦੀ ਰਾਜ ’ਚ ਘੱਟਗਿਣਤੀਆਂ ’ਤੇ ਵਧਦੇ ਅੱਤਿਆਚਾਰ, ਆਪੋਜ਼ੀਸ਼ਨ ਦੀ ਅਵਾਜ਼ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਤੇ ਅਡਾਨੀ ਗਰੁੱਪ ਦੇ ਵਧਦੇ ਪ੍ਰਭਾਵ ਬਾਰੇ ਕਈ ਕਹਾਣੀਆਂ ਛਾਪੀਆਂ ਹਨ। ਇਨ੍ਹਾਂ ਵਿੱਚੋਂ ਕੁਝ ਭਾਰਤੀ ਪੱਤਰਕਾਰਾਂ ਨੇ ਲਿਖੀਆਂ ਪਰ ਬਹੁਤੀਆਂ ਅਖਬਾਰਾਂ ਜਾਂ ਮੈਗਜ਼ੀਨ ਦੇ ਆਪਣੇ ਸਟਾਫ ਨੇ। ਰਾਹੁਲ ਗਾਂਧੀ ਨੇ ਵੀ ਕੌਮਾਂਤਰੀ ਮੰਚਾਂ ’ਤੇ ਮੋਦੀ ਦੇ ਪਾਜ ਖੋਲ੍ਹੇ। ਇਸ ਦੇ ਨਤੀਜੇ ਵਜੋਂ ਵਿਦੇਸ਼ਾਂ ’ਚ ਮੋਦੀ ਦਾ ਅਕਸ ਵਿਗੜਿਆ ਹੈ। ਦੇਸ਼ ਦੇ ਮੀਡੀਆ ’ਤੇ ਦਬਾਅ ਬਣਾ ਕੇ ਕੋਈ ਵੀ ਹਾਕਮ ਆਪਣੀ ਬੱਲੇ-ਬੱਲੇ ਕਰਵਾ ਸਕਦਾ ਹੈ ਪਰ ਵਿਦੇਸ਼ੀ ਮੀਡੀਆ ਨੂੰ ਸੱਚ ਛਾਪਣ ਤੋਂ ਨਹੀਂ ਰੋਕਿਆ ਜਾ ਸਕਦਾ। ‘ਟਾਈਮ’ ਮੈਗਜ਼ੀਨ ਦੇ ਪਾਠਕਾਂ ਵੱਲੋਂ ਮੋਦੀ ਨੂੰ ਨਜ਼ਰਅੰਦਾਜ਼ ਕਰਨ ਤੋਂ ਲਗਦਾ ਹੈ ਕਿ ਉਹ ਉਨ੍ਹਾ ਦੀਆਂ ਨੀਤੀਆਂ ਨੂੰ ਲੋਕਾਂ ਲਈ ਚੰਗੀਆਂ ਨਹੀਂ ਸਮਝਦੇ।

LEAVE A REPLY

Please enter your comment!
Please enter your name here