ਮਾਨ ਸਮੇਤ ਸਾਰੇ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਵੱਲੋਂ ਕੇਜਰੀਵਾਲ ਦੇ ਸਮਰਥਨ ‘ਚ ਟਵੀਟ

0
231

ਚੰਡੀਗੜ੍ਹ (ਗੁਰਜੀਤ ਬਿੱਲਾ)-‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਸੀ ਬੀ ਆਈ ਵੱਲੋਂ ਪੁੱਛਗਿੱਛ ਲਈ ਬੁਲਾਏ ਜਾਣ ‘ਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਸਖਤ ਪ੍ਰਤੀਕਿਰਿਆ ਦਿੱਤੀ ਹੈ | ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਾਰੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨੇ ਇਸ ਨੂੰ ਕੇਂਦਰ ਸਰਕਾਰ ਦਾ ਤਾਨਾਸ਼ਾਹੀ ਫੈਸਲਾ ਕਰਾਰ ਦਿੰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਇਨਕਲਾਬੀ ਆਗੂ ਹਨ | ਮੋਦੀ ਸਰਕਾਰ ਦੀ ਈ ਡੀ ਅਤੇ ਸੀ ਬੀ ਆਈ ਉਨ੍ਹਾ ਨੂੰ ਦਬਾਅ ਨਹੀਂ ਸਕਦੀ | ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ, ‘ਅਰਵਿੰਦ ਕੇਜਰੀਵਾਲ ਦੀ ਆਵਾਜ਼ ਨੂੰ ਦਬਾਉਣਾ ਬਹੁਤ ਔਖਾ ਹੈ | ਸੱਚ ਬੋਲਣ ਵਾਲੇ ਲੋਕਾਂ ਦੇ ਦਿਲਾਂ ਵਿੱਚ ਥਾਂ ਬਣਾ ਲੈਂਦੇ ਹਨ | ਉਨ੍ਹਾ ਨੂੰ ਲੋਕਾਂ ਦੇ ਦਿਲਾਂ ਵਿੱਚੋਂ ਕੋਈ ਨਹੀਂ ਮਿਟਾ ਸਕਦਾ | ਅਸੀਂ ਚਟਾਨ ਵਾਂਗ ਉਨ੍ਹਾਂ ਦੇ ਨਾਲ ਹਾਂ | ਹਰਪਾਲ ਸਿੰਘ ਚੀਮਾ ਨੇ ਕਿਹਾ—ਅਰਵਿੰਦ ਕੇਜਰੀਵਾਲ ਨੇ ਅਡਾਨੀ ਅਤੇ ਭਾਜਪਾ ਦੇ ਗੱਠਜੋੜ ਨੂੰ ਸਾਬਤ ਕਰ ਦਿੱਤਾ ਹੈ, ਇਸ ਲਈ ਸੀ ਬੀ ਆਈ ਉਨ੍ਹਾਂ ਦੇ ਮਗਰ ਲੱਗੀ ਹੈ | ਸਾਡੇ ਨੇਤਾ ਬਹਾਦਰ ਹਨ | ਕੁਲਤਾਰ ਸਿੰਘ ਸੰਧਵਾਂ ਨੇ ਕਿਹਾ—ਬਾਬਾ ਸਾਹਿਬ ਦੀ ਸੋਚ ‘ਤੇ ਚੱਲਣ ਵਾਲੇ ਇਮਾਨਦਾਰ ਰਾਜਨੀਤੀ ਦੇ ਨਾਇਕ ਅਰਵਿੰਦ ਕੇਜਰੀਵਾਲ ਨੂੰ ਕੇਂਦਰ ਸਰਕਾਰ ਸੀ ਬੀ ਆਈ ਸੰਮਨਾਂ ਰਾਹੀਂ ਡਰਾ-ਧਮਕਾ ਕੇ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਚੁੱਕੇ ਜਾ ਰਹੇ ਕ੍ਰਾਂਤੀਕਾਰੀ ਕਦਮਾਂ ਨੂੰ ਰੋਕ ਨਹੀਂ ਸਕਦੀ | ਡਾ: ਬਲਬੀਰ ਸਿੰਘ ਨੇ ਕਿਹਾ—ਮੈਨੂੰ ਸਪੱਸ਼ਟ ਤੌਰ ‘ਤੇ ਉਹ ਸਮਾਂ ਯਾਦ ਹੈ, ਜਦੋਂ ਅਰਵਿੰਦ ਕੇਜਰੀਵਾਲ ਨੇ ਆ ਕੇ ਸਥਾਪਤ ਰਾਜਨੀਤੀ ਨੂੰ ਹਿਲਾ ਕੇ ਰੱਖ ਦਿੱਤਾ ਸੀ | ਜਦ ਭਾਰਤ ਦੀ ਰਾਜਨੀਤਕ ਪ੍ਰਣਾਲੀ ਨੂੰ ਲੈ ਕੇ ਪੂਰੀ ਤਰ੍ਹਾਂ ਭਰਮ ਅਤੇ ਅਵਿਸ਼ਵਾਸ ਸੀ | ਅਨਮੋਲ ਗਗਨ ਮਾਨ ਨੇ ਕਿਹਾ—ਅਰਵਿੰਦ ਕੇਜਰੀਵਾਲ ਨੂੰ ਰੋਕਣ ਦੀਆਂ ਭਾਜਪਾ ਸਰਕਾਰ ਦੀਆਂ ਕੋਸ਼ਿਸ਼ਾਂ ਸਫਲ ਨਹੀਂ ਹੋਣਗੀਆਂ | ਹਰਜੋਤ ਸਿੰਘ ਬੈਂਸ ਨੇ ਕਿਹਾ—ਅਰਵਿੰਦ ਕੇਜਰੀਵਾਲ ਸਿਰਫ ਇੱਕ ਨਾਂਅ ਨਹੀਂ, ਉਹ ਇੱਕ ਅਜਿਹਾ ਇਨਕਲਾਬ ਹੈ, ਜਿਸ ਨੂੰ ਭਾਰਤ ਵੇਖ ਰਿਹਾ ਹੈ |
ਅਮਨ ਅਰੋੜਾ ਨੇ ਕਿਹਾ—ਅਰਵਿੰਦ ਕੇਜਰੀਵਾਲ ਇੱਕ ਆਮ ਆਦਮੀ ਹੋਣ ਦੇ ਬਾਵਜੂਦ ਸਦੀਆਂ ਪੁਰਾਣੀਆਂ ਤਾਕਤਵਰ ਪਾਰਟੀਆਂ ਤੇ ਸਰਕਾਰਾਂ ਨੂੰ ਚੁਣੌਤੀ ਦੇਣ, ਲੜਨ ਅਤੇ ਡੇਗਣ ਦੀ ਹਿੰਮਤ ਰੱਖਦਾ ਹੈ | ਕੁਲਦੀਪ ਧਾਲੀਵਾਲ ਨੇ ਕਿਹਾ—ਕੇਂਦਰ ਸਰਕਾਰ ਦੀ ਸੀ ਬੀ ਆਈ ਅਰਵਿੰਦ ਕੇਜਰੀਵਾਲ ਦਾ ਕੁਝ ਨਹੀਂ ਵਿਗਾੜ ਸਕੇਗੀ |

LEAVE A REPLY

Please enter your comment!
Please enter your name here