ਮੋਦੀ ਨੇ ਮੈਨੂੰ ‘ਚੁੱਪ’ ਰਹਿਣ ਲਈ ਕਿਹਾ : ਸੱਤਿਆਪਾਲ ਮਲਿਕ

0
188

ਨਵੀਂ ਦਿੱਲੀ : ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਤੇ ਨਿਸ਼ਾਨਾ ਲਾਇਆ ਹੈ | ‘ਦਿ ਵਾਇਰ’ ਨੂੰ ਦਿੱਤੇ ਇੱਕ ਇੰਟਰਵਿਊ ‘ਚ ਮਲਿਕ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਭਿ੍ਸ਼ਟਾਚਾਰ ਤੋਂ ਕੋਈ ਜ਼ਿਆਦਾ ਨਫ਼ਰਤ ਨਹੀਂ ਹੈ | ਮਲਿਕ ਨੇ ਇਹ ਵੀ ਦਾਅਵਾ ਕੀਤਾ ਕਿ ਫਰਵਰੀ 2019 ‘ਚ ਹੋਏ ਪੁਲਵਾਮਾ ਅੱਤਵਾਦੀ ਹਮਲੇ ‘ਚ ਕੇਂਦਰੀ ਗ੍ਰਹਿ ਮੰਤਰਾਲੇ ਦੀ ਬਹੁਤ ਵੱਡੀ ਗਲਤੀ ਸੀ | ਮਲਿਕ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੀ ਗਲਤੀ ਕਾਰਨ ਫਰਵਰੀ 2019 ‘ਚ ਪੁਲਵਾਮਾ ‘ਚ ਫੌਜੀਆਂ ‘ਤੇ ਹਮਲਾ ਹੋਇਆ ਅਤੇ ਉਨ੍ਹਾ ਨੂੰ ਇਸ ਦੇ ਬਾਰੇ ‘ਚ ਬੋਲਣ ਤੋਂ ਮਨ੍ਹਾ ਕੀਤਾ ਗਿਆ ਸੀ | ਸੱਤਿਆਪਾਲ ਮਲਿਕ ਇਸ ਹਮਲੇ ਦੌਰਾਨ ਜੰਮੂ ਕਸ਼ਮੀਰ ਦੇ ਹੀ ਰਾਜਪਾਲ ਸਨ | ਇਸ ਘਟਨਾ ‘ਚ ਸੀ ਆਰ ਪੀ ਐੱਫ ਦੇ 40 ਜਵਾਨ ਸ਼ਹੀਦ ਹੋ ਗਏ ਸਨ | ਸਾਬਕਾ ਰਾਜਪਾਲ ਦਾ ਦੋਸ਼ ਹੈ ਕਿ ਪੁਲਵਾਮਾ ਹਮਲਾ ਗ੍ਰਹਿ ਮੰਤਰਾਲੇ ਦੀ ਲਾਪਰਵਾਹੀ ਦਾ ਨਤੀਜਾ ਸੀ | ਮਲਿਕ ਨੇ ਦਾਅਵਾ ਕੀਤਾ ਕਿ ਸੀ ਆਰ ਪੀ ਐੱਫ ਨੇ ਆਪਣੇ ਲਈ ਜਹਾਜ਼ ਮੰਗਿਆ ਸੀ, ਪਰ ਗ੍ਰਹਿ ਮੰਤਰਾਲੇ ਨੇ ਦੇਣ ਤੋਂ ਇਨਕਾਰ ਕਰ ਦਿੱਤਾ | ਇਸ ਤੋਂ ਬਾਅਦ ਸੀ ਆਰ ਪੀ ਐੱਫ ਨੇ ਜਿਸ ਰਸਤੇ ਜਵਾਨਾਂ ਨੂੰ ਭੇਜਿਆ, ਪਹਿਲਾਂ ਉਸ ਰਸਤੇ ਦੀ ਚੰਗੀ ਤਰ੍ਹਾਂ ਪੜਤਾਲ ਨਹੀਂ ਕੀਤੀ ਗਈ | ਇਸ ਤੋਂ ਵੀ ਮਹੱਤਵਪੂਰਨ ਗੱਲ ਮਲਿਕ ਨੇ ਇਹ ਕਹੀ ਕਿ ਉਨ੍ਹਾ ਨੇ ਸਿੱਧੇ ਪ੍ਰਧਾਨ ਮੰਤਰੀ ਮੋਦੀ ਨੂੰ ਇਸ ਬਾਰੇ ਦੱਸਿਆ, ਜਦ ਉਨ੍ਹਾ ਨੇ (ਮੋਦੀ ਨੇ) ਉਨ੍ਹਾ ਨੂੰ ਪੁਲਵਾਮਾ ਹਮਲੇ ਦੇ ਤੁਰੰਤ ਬਾਅਦ ਕਾਰਬਟ ਪਾਰਕ ਦੇ ਬਾਹਰ ਸੱਦਿਆ ਸੀ | ਉਨ੍ਹਾ ਕਿਹਾ ਕਿ ਪ੍ਰਧਾਨ ਮੰਤਰੀ ਨੇ ਮੈਨੂੰ ਇਸ ਬਾਰੇ ਚੁੱਪ ਰਹਿਣ ਅਤੇ ਕਿਸੇ ਨੂੰ ਕੁਝ ਨਾ ਦੱਸਣ ਲਈ ਕਿਹਾ ਸੀ | ਇਸ ਤੋਂ ਇਲਾਵਾ ਮਲਿਕ ਨੇ ਕਿਹਾ ਕਿ ਐੱਨ ਐੱਸ ਏ ਅਜੀਤ ਡੋਭਾਲ ਨੇ ਵੀ ਮੈਨੂੰ ਚੁੱਪ ਰਹਿਣ ਅਤੇ ਇਸ ਬਾਰੇ ‘ਚ ਗੱਲ ਨਾ ਕਰਨ ਲਈ ਕਿਹਾ ਸੀ | ਮਲਿਕ ਨੇ ਕਿਹਾ, ਮੈਨੂੰ ਇਹ ਅਹਿਸਾਸ ਹੋਇਆ ਕਿ ਇਹ ਸਾਰੀ ਖੇਡ ਪਾਕਿਸਤਾਨ ‘ਤੇ ਦੋਸ਼ ਮੜ੍ਹਨ ਅਤੇ ਸਰਕਾਰ ਅਤੇ ਭਾਜਪਾ ਲਈ ਚੋਣਾਵੀ ਲਾਭ ਲੈਣ ਲਈ ਸੀ | ਮਲਿਕ ਨੇ ਕਿਹਾ ਕਿ ਪੁਲਵਾਮਾ ਘਟਨਾ ‘ਚ ਗੰਭੀਰ ਖੁਫ਼ੀਆ ਨਾਕਾਮੀਆਂ ਸਨ, ਕਿਉਂਕਿ 300 ਕਿਲੋਗ੍ਰਾਮ ਆਰ ਡੀ ਐਕਸ ਲੈ ਜਾਣ ਵਾਲੀ ਕਾਰ ਪਾਕਿਸਤਾਨ ਤੋਂ ਆਈ ਸੀ, ਪਰ ਬਿਨਾਂ ਕਿਸੇ ਦੀ ਨਜ਼ਰ ‘ਚ ਆਏ ਜਾਂ ਜਾਣਕਾਰੀ ਦੇ 10-15 ਦਿਨਾ ਤੱਕ ਜੰਮੂ ਕਸ਼ਮੀਰ ਦੀਆਂ ਸੜਕਾਂ ਅਤੇ ਪਿੰਡਾਂ ‘ਚ ਘੁੰਮ ਰਹੀ ਸੀ |
ਏਨਾ ਹੀ ਨਹੀਂ, ਮਲਿਕ ਦਾ ਦਾਅਵਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਕਸ਼ਮੀਰ ਬਾਰੇ ਕੁਝ ਵੀ ਨਹੀਂ ਪਤਾ | ਉਨ੍ਹਾ ਕਿਹਾ ਕਿ ਪ੍ਰਧਾਨ ਮੰਤਰੀ ਕਸ਼ਮੀਰ ਨੂੰ ਲੈ ਕੇ ਭੁਲੇਖੇ ‘ਚ ਹੈ ਅਤੇ ਉਨ੍ਹਾ ਨੂੰ ਕਸ਼ਮੀਰ ਬਾਰੇ ਕੋਈ ਗਿਆਨ ਨਹੀਂ | ਜੰਮੂ ਕਸ਼ਮੀਰ ਦੇ ਆਖਰੀ ਰਾਜਪਾਲ ਰਹੇ ਸੱਤਿਆਪਾਲ ਮਲਿਕ ਨੇ ਕਿਹਾ, ‘ਮੈਂ ਸਾਫ਼ ਤੌਰ ‘ਤੇ ਕਹਿ ਸਕਦਾ ਹਾਂ ਪ੍ਰਧਾਨ ਮੰਤਰੀ ਨੂੰ ਭਿ੍ਸ਼ਟਾਚਾਰ ਤੋਂ ਬਹੁਤੀ ਨਫ਼ਰਤ ਨਹੀਂ ਹੈ |’
ਮਲਿਕ ਨੇ ਇਸ ਇੰਟਰਵਿਊ ‘ਚ ਦੱਸਿਆ ਕਿ ਕਿਸ ਤਰ੍ਹਾਂ ਜਦ ਉਹ ਜੰਮੂ ਕਸ਼ਮੀਰ ਦੇ ਰਾਜਪਾਲ ਸਨ, ਤਾਂ ਭਾਜਪਾ ਆਰ ਐੱਸ ਐੱਸ ਨੇਤਾ ਰਾਮ ਮਾਧਵ ਨੇ ਇੱਕ ਪਣ ਬਿਜਲੀ ਪ੍ਰੋਜੈਕਟ ਅਤੇ ਇੱਕ ਰਿਲਾਇੰਸ ਬੀਮਾ ਯੋਜਨਾ ਨੂੰ ਮਨਜ਼ੂਰੀ ਦੇਣ ਲਈ ਮੇਰੇ ਨਾਲ ਸੰਪਰਕ ਕੀਤਾ ਸੀ, ਪਰ ਉਨ੍ਹਾ ਨੇ ਇਹ ਕਹਿੰਦੇ ਹੋਏ ਇਨਕਾਰ ਕਰ ਦਿੱਤਾ ਸੀ ਕਿ ‘ਮੈਂ ਗਲਤ ਕੰਮ ਨਹੀਂ ਕਰਾਂਗਾ |’ ਮਲਿਕ ਨੇ ਆਪਣੀ ਗੱਲ ਇਹ ਕਹਿੰਦੇ ਹੋਏ ਖ਼ਤਮ ਕੀਤੀ ਕਿ ਪ੍ਰਧਾਨ ਮੰਤਰੀ ਬਾਰੇ ਆਪਣੇ ਕਹੇ ਹਰ ਸ਼ਬਦ ਦੇ ਨਾਲ ਮੈਂ ਖੜਾ ਹਾਂ ਅਤੇ ਇਸ ਦਾ ਕੀ ਨਤੀਜਾ ਹੋਵੇਗਾ, ਉਸ ਦੀ ਪਰਵਾਹ ਨਹੀਂ ਕਰਦਾ |

LEAVE A REPLY

Please enter your comment!
Please enter your name here