ਜਲੰਧਰ : ਪੰਜਾਬ ਨੂੰ ਲੂ ਨੇ ਆਪਣੀ ਲਪੇਟ ‘ਚ ਲੈਣਾ ਸ਼ੁਰੂ ਕਰ ਦਿੱਤਾ ਹੈ | ਮਾਝਾ-ਦੋਆਬਾ ‘ਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ, ਜਦਕਿ ਮਾਲਵਾ ਲਈ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ | ਉਥੇ ਹੀ ਅੰਮਿ੍ਤਸਰ, ਜਲੰਧਰ ਅਤੇ ਲੁਧਿਆਣਾ ‘ਚ ਅੱਜ ਤਾਪਮਾਨ 40 ਡਿਗਰੀ ਦੇ ਪਾਰ ਚਲਾ ਗਿਆ | ਐਤਵਾਰ ਵੀ ਮੌਸਮ ਖੁਸ਼ਕ ਰਹਿਣ ਦਾ ਅਨੁਮਾਨ ਲਾਇਆ ਗਿਆ ਹੈ | ਮੌਸਮ ਵਿਭਾਗ ਵੱਲੋਂ ਦੱਸਿਆ ਗਿਆ ਕਿ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ ਸ਼ਨੀਵਾਰ 40 ਦੇ ਪਾਰ ਚਲਾ ਗਿਆ | ਪਠਾਨਕੋਟ, ਗੁਰਦਾਸਪੁਰ, ਅੰਮਿ੍ਤਸਰ, ਜਲੰਧਰ, ਹੁਸ਼ਿਆਰਪੁਰ ‘ਚ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ, ਜਦਕਿ ਮਾਲਵਾ ਦੇ ਇਲਾਕੇ ‘ਚ ਵੀ ਲੂ ਦਾ ਅਸਰ ਦਿਖਾਈ ਦੇ ਰਿਹਾ ਹੈ | ਇੱਥੇ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ | ਬੀਤੇ ਦਿਨੀਂ ਫਰੀਦਕੋਟ ਦਾ ਤਾਪਮਾਨ 40.9 ਅਤੇ ਲੁਧਿਆਣਾ ਦਾ ਤਾਪਮਾਨ 40.7 ਡਿਗਰੀ ਦਰਜ ਕੀਤਾ ਗਿਆ ਸੀ | ਮੌਸਮ ਵਿਭਾਗ ਨੇ ਦੱਸਿਆ ਕਿ 17-18 ਅਪ੍ਰੈਲ ਨੂੰ ਪੂਰੇ ਪੰਜਾਬ ‘ਚ ਬਾਰਿਸ਼ ਹੋ ਸਕਦੀ ਹੈ | ਇਸੇ ਤਰ੍ਹਾਂ ਝਾਰਖੰਡ ਦੇ ਡਾਲਟਨਗੰਜ ‘ਚ ਤਾਪਮਾਨ 42.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਜਮਸ਼ੇਦਪੁਰ ਦਾ 42 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਇਸੇ ਤਰ੍ਹਾਂ ਮੱਧ ਪ੍ਰਦੇਸ਼ ਦਾ ਰਾਜਗੜ੍ਹ ‘ਚ 41.4 ਡਿਗਰੀ ਦੇ ਨਾਲ ਸੂਬੇ ਦਾ ਸਭ ਤੋਂ ਗਰਮ ਜ਼ਿਲ੍ਹਾ ਰਿਹਾ | ਦਿੱਲੀ ‘ਚ ਪਾਰਾ 42 ਡਿਗਰੀ ਸੈਲਸੀਅਸ ਦੇ ਨੇੜੇ ਪਹੁੰਚ ਗਿਆ | ਮੌਸਮ ਵਿਭਾਗ ਨੇ ਸ਼ਨੀਵਾਰ ਨੂੰ ਕੁਝ ਵੱਖ-ਵੱਖ ਥਾਵਾਂ ‘ਤੇ ਲੂ ਚੱਲਣ ਦਾ ਖਦਸ਼ਾ ਪ੍ਰਗਟਾਇਆ |




