ਪਿਛਲੇ ਦਿਨੀਂ ਨਿਤੀਸ਼ ਕੁਮਾਰ ਵੱਲੋਂ ਦਿੱਲੀ ਵਿੱਚ ਆ ਕੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਤੇ ਰਾਹੁਲ ਗਾਂਧੀ ਨਾਲ ਵਿਰੋਧੀ ਦਲਾਂ ਨੂੰ ਇੱਕਮੁੱਠ ਕਰਨ ਲਈ ਮੀਟਿੰਗ ਕੀਤੀ ਗਈ ਸੀ। ਉਨ੍ਹਾ ਨਾਲ ਰਾਸ਼ਟਰੀ ਜਨਤਾ ਦਲ ਆਗੂ ਤੇਜਸਵੀ ਯਾਦਵ ਵੀ ਸਨ। ਇਸ ਤੋਂ ਬਾਅਦ ਉਨ੍ਹਾ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨਾਲ ਵੀ ਮੀਟਿੰਗ ਕੀਤੀ ਸੀ। ਇਸੇ ਦੌਰਾਨ ਅਡਾਨੀ ਮੁੱਦੇ ਉੱਤੇ ਵੱਖਰੀ ਰਾਏ ਰੱਖਣ ਵਾਲੇ ਐੱਨ ਸੀ ਪੀ ਪ੍ਰਧਾਨ ਸ਼ਰਦ ਪਵਾਰ ਨੇ ਵੀ ਖੜਗੇ ਤੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਵਿਰੋਧੀ ਦਲਾਂ ਵਿੱਚ ਫੁੱਟ ਦੀਆਂ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਉੱਤੇ ਰੋਕ ਲਾ ਦਿੱਤੀ ਸੀ। ਇਨ੍ਹਾਂ ਉਪਰੋਥਲੀ ਦੀਆਂ ਕਾਰਵਾਈਆਂ ਨੇ ਇਹ ਆਸ ਬੰਨ੍ਹਾਈ ਹੈ ਕਿ ਭਾਜਪਾ ਦੇ ਮੁਕਾਬਲੇ ਲਈ ਵਿਰੋਧੀ ਪਾਰਟੀਆਂ ਇੱਕ ਮੰਚ ਤਿਆਰ ਕਰਨ ਲਈ ਕਾਫ਼ੀ ਸੰਜੀਦਾ ਹਨ। ਇਸ ਸਮੇਂ ਵਿਰੋਧੀ ਪਾਰਟੀਆਂ ਨੂੰ ਇੱਕ ਸੂਤਰ ਵਿੱਚ ਪਰੋਣ ਦੀ ਜ਼ਿੰਮੇਵਾਰੀ ਨਿਤੀਸ਼ ਕੁਮਾਰ ਨੇ ਓਟੀ ਹੋਈ ਹੈ। ਇਹ ਵੀ ਸਾਫ਼ ਹੋ ਗਿਆ ਹੈ ਕਿ ਨਿਤੀਸ਼ ਨੂੰ ਮਿਲੀ ਇਸ ਜ਼ਿੰਮੇਵਾਰੀ ਉੱਤੇ ਕਾਂਗਰਸ ਨੇ ਵੀ ਮੋਹਰ ਲਾ ਦਿੱਤੀ ਹੈ।
ਇਸ ਸਮੇਂ ਵਿਰੋਧੀ ਪਾਰਟੀਆਂ ਵਿੱਚ ਇਹ ਸਮਝ ਬਣ ਚੁੱਕੀ ਹੈ ਕਿ ਜੇਕਰ ਹੁਣ ਇਕੱਠੇ ਨਾ ਹੋਏ ਤਾਂ ਫਿਰ ਕਦੇ ਮੌਕਾ ਨਹੀਂ ਮਿਲੇਗਾ। ਜੇਕਰ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਜਿੱਤ ਜਾਂਦੀ ਹੈ ਤਾਂ ਫਿਰ ਚੋਣਾਂ ਵਾਲੇ ਲੋਕਤੰਤਰ ਦਾ ਭੋਗ ਪੈਣ ਨੂੰ ਰੋਕਿਆ ਨਹੀਂ ਜਾ ਸਕੇਗਾ। ਪਿਛਲੀ ਦਿਨੀਂ ਵਾਪਰੀਆਂ ਉਤੋੜਿਤੀ ਕੁਝ ਘਟਨਾਵਾਂ ਨੇ ਇਸ ਸਮਝ ਉੱਤੇ ਮੋਹਰ ਲਾਈ ਹੈ। ਇਹ ਹਨ, ਸੱਤਾਧਾਰੀ ਧਿਰ ਵੱਲੋਂ ਸੰਸਦ ਨੂੰ ਜਾਮ ਕਰਨਾ, ਮਾਣਹਾਨੀ ਮਾਮਲੇ ਵਿੱਚ ਰਾਹੁਲ ਗਾਂਧੀ ਨੂੰ ਸਜ਼ਾ ਤੇ ਉਸ ਦੀ ਸਾਂਸਦ ਵਜੋਂ ਅਯੋਗਤਾ, ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਗਿ੍ਰਫ਼ਤਾਰੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੀ ਬੀ ਆਈ ਦਾ ਨੋਟਿਸ, ਤੇਲੰਗਾਨਾ ਦੇ ਮੁੱਖ ਮੰਤਰੀ ਦੀ ਬੇਟੀ ਕਵਿਤਾ ਉੱਤੇ ਗਿ੍ਰਫ਼ਤਾਰੀ ਦੀ ਤਲਵਾਰ ਤੇ ਸਭ ਤੋਂ ਖ਼ਤਰਨਾਕ ਰਾਮ ਨੌਮੀ ਦੇ ਮੌਕੇ ਉੱਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਦੰਗੇ ਭੜਕਾਉਣ ਦੀ ਸਾਜ਼ਿਸ਼।
ਹਰ ਜਮਹੂਰੀਅਤਪਸੰਦ ਨਾਗਰਿਕ ਚਾਹੁੰਦਾ ਹੈ ਕਿ ਤਾਨਾਸ਼ਾਹੀ ਵਿਰੁੱਧ ਸਭ ਸੈਕੂਲਰ ਧਿਰਾਂ ਇਕੱਠੀਆਂ ਹੋਣ, ਪਰ ਇਸ ਵਿੱਚ ਕੁਝ ਸਮੱਸਿਆਵਾਂ ਵੀ ਹਨ। ਵਿਰੋਧੀ ਪਾਰਟੀਆਂ ਦੀਆਂ ਕਈ ਪਰਤਾਂ ਹਨ। ਕੁਝ ਪਾਰਟੀਆਂ, ਜਿਨ੍ਹਾਂ ਵਿੱਚ ਡੀ ਐੱਮ ਕੇ, ਰਾਜਦ, ਜਨਤਾ ਦਲ (ਯੂ), ਝਾਰਖੰਡ ਮੁਕਤੀ ਮੋਰਚਾ, ਐੱਨ ਸੀ ਪੀ, ਇੰਡੀਅਨ ਯੂਨੀਅਨ ਮੁਸਲਿਮ ਲੀਗ, ਸ਼ਿਵ ਸੈਨਾ ਠਾਕਰੇ, ਨੈਸ਼ਨਲ ਕਾਨਫ਼ਰੰਸ ਤੇ ਕੁਝ ਹੋਰ ਛੋਟੀਆਂ ਪਾਰਟੀਆਂ ਕਾਂਗਰਸ ਦੇ ਯੂਨਾਈਟਿਡ ਪ੍ਰੋਗਰੈਸਿਵ ਅਲਾਇੰਸ (ਯੂ ਪੀ ਏ) ਵਿੱਚ ਸ਼ਾਮਲ ਹਨ। ਇਸ ਤੋਂ ਇਲਾਵਾ ਖੱਬੇ ਪਾਰਟੀਆਂ ਭਾਵੇਂ ਯੂ ਪੀ ਏ ਦਾ ਹਿੱਸਾ ਨਹੀਂ, ਪਰ ਭਾਜਪਾ ਦੀਆਂ ਕੱਟੜ ਵਿਰੋਧੀ ਹੋਣ ਕਾਰਨ ਸੰਭਾਵਤ ਤਾਨਾਸ਼ਾਹੀ ਵਿਰੁੱਧ ਮੋਰਚੇ ਦਾ ਹਿੱਸਾ ਹੋਣਗੀਆਂ।
ਦੂਜੀ ਪਰਤ ਉਨ੍ਹਾਂ ਪਾਰਟੀਆਂ ਦੀ ਹੈ, ਜਿਹੜੀਆਂ ਕਾਂਗਰਸ ਦੀਆਂ ਵਿਰੋਧੀ ਹਨ, ਪਰ ਭਾਜਪਾ ਦੀਆਂ ਉਸ ਤੋਂ ਵੀ ਵੱਧ ਵਿਰੋਧੀ ਹਨ। ਇਨ੍ਹਾਂ ਵਿੱਚ ਸਮਾਜਵਾਦੀ ਪਾਰਟੀ, ਤਿ੍ਰਣਮੂਲ ਕਾਂਗਰਸ, ਆਮ ਆਦਮੀ ਪਾਰਟੀ, ਤੇਲੰਗਾਨਾ ਦੀ ਭਾਰਤੀ ਰਾਸ਼ਟਰੀ ਸੰਮਤੀ ਤੇ ਪੀ ਡੀ ਪੀ ਆਦਿ ਸ਼ਾਮਲ ਹਨ। ਇਸ ਤੋਂ ਅਗਲੀ ਪਰਤ ਉਨ੍ਹਾਂ ਪਾਰਟੀਆਂ ਦੀ ਹੈ, ਜਿਹੜੀਆਂ ਕਾਂਗਰਸ ਤੇ ਭਾਜਪਾ ਤੋਂ ਬਰਾਬਰ ਦੀ ਦੂਰੀ ਰੱਖਦੀਆਂ ਹਨ। ਇਨ੍ਹਾਂ ਵਿੱਚ ਟੀ ਡੀ ਪੀ, ਜਨਤਾ ਦਲ ਸੈਕੂਲਰ, ਰਾਸ਼ਟਰੀ ਲੋਕਤੰਤਰਿਕ ਪਾਰਟੀ ਤੇ ਬਸਪਾ ਸ਼ਾਮਲ ਹਨ। ਦੋ ਪਾਰਟੀਆਂ ਓਡੀਸ਼ਾ ਦੀ ਬੀ ਜੇ ਡੀ ਤੇ ਆਂਧਰਾ ਦੀ ਵਾਈ ਐੱਸ ਕਾਂਗਰਸ ਭਾਜਪਾ ਨਾਲੋਂ ਕਾਂਗਰਸ ਦੀਆਂ ਵੱਧ ਵਿਰੋਧੀ ਹਨ।
ਇਸ ਤਰ੍ਹਾਂ ਵਿਰੋਧੀ ਪਾਰਟੀਆਂ ਨੂੰ ਇੱਕ ਪਲੇਟਫਾਰਮ ਉੱਤੇ ਲਿਆਉਣ ਲਈ ਅਜਿਹੇ ਆਗੂ ਦੀ ਲੋੜ ਸੀ, ਜਿਹੜਾ ਸਭ ਨੂੰ ਮਨਜ਼ੂਰ ਹੋਵੇ। ਇਸੇ ਲੋੜ ਵਿੱਚੋਂ ਨਿਤੀਸ਼ ਕੁਮਾਰ ਅੱਗੇ ਆਏ ਹਨ। ਉਨ੍ਹਾ ਦੇ ਸਭ ਪਾਰਟੀਆਂ ਨਾਲ ਚੰਗੇ ਸੰਬੰਧ ਹਨ। ਜਿਹੜੀਆਂ ਪਾਰਟੀਆਂ ਦੇ ਆਗੂ ਕਾਂਗਰਸ ਨਾਲ ਗੱਲ ਕਰਨਾ ਨਹੀਂ ਚਾਹੁੰਦੇ, ਉਹ ਵੀ ਨਿਤੀਸ਼ ਨਾਲ ਗੱਲ ਕਰਨ ਲਈ ਤਿਆਰ ਹੋ ਸਕਦੇ ਹਨ।
ਇਸ ਵੇਲੇ ਇਨ੍ਹਾਂ ਸਭ ਪਾਰਟੀਆਂ ਦੇ ਸਾਹਮਣੇ ਇੱਕੋ ਏਜੰਡਾ ਹੈ ਕਿ ਜਿੱਥੋਂ ਤੱਕ ਵੀ ਸੰਭਵ ਹੋ ਸਕੇ ਭਾਜਪਾ ਦੇ ਮੁਕਾਬਲੇ ਲਈ ਇੱਕ ਹੀ ਉਮੀਦਵਾਰ ਖੜ੍ਹਾ ਕੀਤਾ ਜਾਵੇ। ਹਰ ਥਾਂ ਉੱਤੇ ਭਾਵੇਂ ਇਹ ਸੰਭਵ ਨਾ ਹੋਵੇ, ਪਰ ਦੋ-ਚਾਰ ਰਾਜਾਂ ਨੂੰ ਛੱਡ ਕੇ ਬਾਕੀ ਥਾਵਾਂ ਉੱਤੇ ਇਹ ਹੋ ਸਕਦਾ ਹੈ।
ਇਸ ਸਮੇਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦੀ ਇਹ ਟਿੱਪਣੀ ਅਰਥ-ਭਰਪੂਰ ਹੈ ਕਿ ਅਸੀਂ ਕੌਮੀ ਪੱਧਰ ਉੱਤੇ ਵਿਕਾਸ ਕਰਨਾ ਚਾਹੁੰਦੇ ਹਾਂ, ਪਰ ਇਸ ਸਮੇਂ ਇਸ ਸਰਕਾਰ ਤੋਂ ਦੇਸ਼ ਨੂੰ ਬਚਾਉਣ ਦੀ ਜ਼ਰੂਰਤ ਹੈ। ਅਸੀਂ ਵੱਖ-ਵੱਖ ਰਾਜਾਂ ਵਿੱਚ ਭਾਜਪਾ ਤੇ ਕਾਂਗਰਸ ਦਾ ਬਦਲ ਬਣਨ ਦੀਆਂ ਕੋਸ਼ਿਸ਼ਾਂ ਜਾਰੀ ਰੱਖਾਂਗੇ, ਪਰ ਕੌਮੀ ਪੱਧਰ ਉੱਤੇ ਅਸੀਂ ਇਕਜੁੱਟ ਹੋਣ ਨੂੰ ਤਿਆਰ ਹਾਂ। ਇਹੋ ਸਮਝ ਬਾਕੀ ਖੇਤਰੀ ਪਾਰਟੀਆਂ ਨੂੰ ਵੀ ਅਪਣਾਉਣੀ ਪਵੇਗੀ, ਤਦ ਹੀ ‘ਭਾਜਪਾ ਭਜਾਓ, ਦੇਸ਼ ਬਚਾਓ’ ਦਾ ਸੰਕਲਪ ਪੂਰਾ ਹੋ ਸਕਦਾ ਹੈ।
-ਚੰਦ ਫਤਿਹਪੁਰੀ