ਅੰਮਿ੍ਰਤਸਰ (ਜਸਬੀਰ ਸਿੰਘ ਪੱਟੀ)
ਚਿਹਰੇ ’ਤੇ ਤਿਰੰਗੇ ਦਾ ਸਟਿੱਕਰ ਲਾਈ ਕੁੜੀ ਨੂੰ ਹਰਿਮੰਦਰ ਸਾਹਿਬ ’ਚ ਜਾਣ ਤੋਂ ਰੋਕਣ ਦੇ ਮਾਮਲੇ ਨੇ ਚਰਚਾ ਛੇੜ ਦਿੱਤੀ ਹੈ। ਇਸ ਸੰਬੰਧੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਇਸ ਮਾਮਲੇ ਵਿਚ ਕਮੇਟੀ ਦੇ ਸੇਵਾਦਾਰ ਵੱਲੋਂ ਸ਼ਰਧਾਲੂ ਨਾਲ ਬਦਸਲੂਕੀ ਅਤੇ ਇਸ ਸੰਬੰਧੀ ਹੋ ਰਹੀ ਨੁਕਤਾਚੀਨੀ ’ਤੇ ਵੀ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ, ਪਰ ਨਾਲ ਹੀ ਕਿਹਾ ਹੈ ਕਿ ਮਾਮਲੇ ਨੂੰ ਗਲਤ ਰੰਗਤ ਦਿੱਤੀ ਜਾ ਰਹੀ ਹੈ। ਸੇਵਾਦਾਰ ਦੇ ਸਲੂਕ ਕਾਰਨ ਜੇ ਕਿਸੇ ਸ਼ਰਧਾਲੂ ਦਾ ਮਨ ਦੁਖਿਆ ਹੈ ਹੈ ਤਾਂ ਉਸ ਲਈ ਸ਼੍ਰੋਮਣੀ ਕਮੇਟੀ ਅਫਸੋਸ ਦਾ ਪ੍ਰਗਟਾਵਾ ਕਰਦੀ ਹੈ। ਹਰਿਮੰਦਰ ਸਾਹਿਬ ਵਿਖੇ ਚਾਰੋਂ ਦਿਸ਼ਾਵਾਂ ਤੋਂ ਹਰ ਧਰਮ, ਹਰ ਜਾਤ ਅਤੇ ਹਰ ਵਰਗ ਦਾ ਸ਼ਰਧਾਲੂ ਨਤਮਸਤਕ ਹੋਣ ਲਈ ਆ ਸਕਦਾ ਹੈ ਅਤੇ ਇਸ ਸੰਬੰਧ ’ਚ ਕਿਸੇ ’ਤੇ ਕੋਈ ਰੋਕ ਨਹੀਂ, ਜੋ ਲੋਕ ਇਸ ਮਾਮਲੇ ਨੂੰ ਫਿਰਕੂ ਰੰਗਤ ਦੇ ਕੇ ਪੇਸ਼ ਕਰ ਰਹੇ ਹਨ, ਨੂੰ ਉਨ੍ਹਾ ਕਿਹਾ ਕਿ ਇਸ ਤਿਰੰਗੇ ਦਾ ਮਾਣ-ਸਨਮਾਨ ਸਿੱਖਾਂ ਨੇ ਸਭ ਤੋਂ ਵਧੇਰੇ ਵਧਾਇਆ ਹੈ ਅਤੇ ਇਸ ਦੇ ਮਾਣ-ਸਨਮਾਨ ਲਈ ਕਈ ਕੁਰਬਾਨੀਆਂ ਦਿੱਤੀਆਂ ਹਨ। ਕੁਝ ਤਾਕਤਾਂ ਸਿੱਖਾਂ ਨੂੰ ਬਦਨਾਮ ਅਤੇ ਸਿੱਖਾਂ ਦੀ ਸਾਖ ਨੂੰ ਖਰਾਬ ਕਰਨਾ ਚਾਹੁੰਦੀਆਂ ਹਨ, ਅਜਿਹੇ ਯਤਨ ਪਹਿਲਾਂ ਵੀ ਹੋ ਚੁੱਕੇ ਹਨ। ਹਰ ਧਰਮ ਦੇ ਕੁਝ ਸਿਧਾਂਤ ਅਤੇ ਨਿਯਮ ਹਨ, ਜਿਨ੍ਹਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ।
ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ, ਜਦੋਂ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ। ਪਤਾ ਲੱਗਾ ਹੈ ਕਿ ਇਹ ਵੀਡੀਓ ਦੋ ਦਿਨ ਪਹਿਲਾਂ ਦੀ ਹੈ। ਕੁੜੀ ਅਟਾਰੀ ਵਿਖੇ ਰੀਟਰੀਟ ਰਸਮ ਨੂੰ ਦੇਖਣ ਤੋਂ ਬਾਅਦ ਹਰਿਮੰਦਰ ਸਾਹਿਬ ਮੱਥਾ ਟੇਕਣ ਆਉਂਦੀ ਹੈ, ਉਸ ਦੇ ਚਿਹਰੇ ’ਤੇ ਤਿਰੰਗੇ ਵਾਲਾ ਸਟਿੱਕਰ ਲਗਾ ਹੋਇਆ ਹੈ। ਦਰਬਾਰ ਸਾਹਿਬ ਵਿਖੇ ਖੜ੍ਹਾ ਸੇਵਾਦਾਰ ਉਸ ਕੁੜੀ ਨੂੰ ਰੋਕਦਾ ਹੈ ਅਤੇ ਇਹ ਕੁੜੀ ਆਪਣੇ ਕਿਸੇ ਸਮਰਥਕ ਨੂੰ ਨਾਲ ਲੈ ਕੇ ਆਉਂਦੀ ਹੈ। ਇਹ ਵਿਅਕਤੀ ਸੇਵਾਦਾਰ ਨੂੰ ਪੁੱਛਦਾ ਹੈ ਕਿ ਉਸ ਨੇ ਇਸ ਕੁੜੀ ਨੂੰ ਅੰਦਰ ਜਾਣ ਤੋਂ ਕਿਉਂ ਰੋਕਿਆ ਹੈ ਤਾਂ ਉਹ ਕੁੜੀ ਦੇ ਚਿਹਰੇ ’ਤੇ ਤਿਰੰਗੇ ਦੇ ਨਿਸ਼ਾਨ ’ਤੇ ਇਤਰਾਜ਼ ਕਰਦਾ ਹੈ। ਵਿਅਕਤੀ ਉਸ ਨੂੰ ਪੁੱਛਦਾ ਹੈ ਕਿ ਕੀ ਇਹ ਭਾਰਤ ਨਹੀਂ ਹੈ ਤਾਂ ਸੇਵਾਦਾਰ ਕਹਿੰਦਾ ਹੈ : ਨਹੀਂ, ਇਹ ਪੰਜਾਬ ਹੈ। ਇਸ ਤੋਂ ਬਾਅਦ ਤਕਰਾਰ ਹੁੰਦੀ ਹੈ ਅਤੇ ਇਹ ਮਾਮਲਾ ਵਧ ਜਾਂਦਾ ਹੈ। ਮਾਮਲਾ ਉਦੋਂ ਹੋਰ ਭੜਕ ਗਿਆ, ਜਦੋਂ ਕਿਸੇ ਨੇ ਪੋਸਟ ਕਰ ਦਿੱਤਾਦਰਬਾਰ ਸਾਹਿਬ ’ਤੇ ਖਾਲਿਸਤਾਨੀ ਕਾਬਜ਼ ਹੋ ਰਹੇ।
ਇਸੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜੀ ਇਕ ਸ਼ਰਧਾਲੂ ਨੂੰ ਪਹਿਰੇਦਾਰ ਵੱਲੋਂ ਰੋਕ ਕੇ ਮਰਿਆਦਾ ਦਾ ਪਾਲਣ ਕਰਨ ਲਈ ਆਖਣ ’ਤੇ ਦੋਹਾਂ ਵਿਚਕਾਰ ਹੋਈ ਗੱਲਬਾਤ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਸਿੱਖਾਂ ਵਿਰੁੱਧ ਸਿਰਜੇ ਜਾ ਰਹੇ ਬਿਰਤਾਂਤ ਦੀ ਕਰੜੀ ਨਿੰਦਾ ਕੀਤੀ ਹੈ। ਧਾਮੀ ਨੇ ਕਿਹਾ ਕਿ ਮਹਿਜ਼ ਇਕ ਘਟਨਾ ਨੂੰ ਲੈ ਕੇ ਸਿੱਖਾਂ ਦਾ ਅਕਸ ਖਰਾਬ ਕਰਨ ਅਤੇ ਸੰਸਥਾ ਦੇ ਪ੍ਰਬੰਧਾਂ ਨੂੰ ਬਦਨਾਮ ਕਰਨ ਲਈ ਸੋਸ਼ਲ ਮੀਡੀਆ ’ਤੇ ਮਨਘੜਤ ਅਤੇ ਬੇਬੁਨਿਆਦ ਟਿੱਪਣੀਆਂ ਕਰਨੀਆਂ ਠੀਕ ਨਹੀਂ ਹਨ। ਕਿਸੇ ਵੀ ਘਟਨਾ ’ਤੇ ਗਲਤ ਪ੍ਰਾਪੇਗੰਡਾ ਕਰਨਾ ਭਾਈਚਾਰਕ ਸਾਂਝ ਨੂੰ ਤੋੜਨ ਵਾਲੀ ਕਾਰਵਾਈ ਹੈ, ਜਿਸ ਤੋਂ ਬਚਣਾ ਚਾਹੀਦਾ ਹੈ। ਕੁੜੀ ਨੂੰ ਪਹਿਰੇਦਾਰ ਨੇ ਮਰਿਆਦਾ ਦੀ ਪਾਲਣਾ ਲਈ ਕਿਹਾ ਸੀ। ਹਾਲਾਂਕਿ ਸ਼੍ਰੋਮਣੀ ਕਮੇਟੀ ਨੇ ਇਸ ਮਾਮਲੇ ਨੂੰ ਲੈ ਕੇ ਜਾਂਚ ਵੀ ਆਰੰਭ ਦਿੱਤੀ ਹੈ, ਪਰੰਤੂ ਫਿਰ ਵੀ ਮਾਮਲੇ ਨੂੰ ਕੁਝ ਲੋਕ ਜਾਣਬੁਝ ਕੇ ਗਲਤ ਦਿਸ਼ਾ ਵਿਚ ਵਧਾ ਰਹੇ ਹਨ। ਕਈ ਵਾਰ ਕੁਝ ਲੋਕ ਜਾਣਬੁਝ ਕੇ ਮਰਿਆਦਾ ਵਿਰੁੱਧ ਕਾਰਵਾਈਆਂ ਕਰ ਦਿੰਦੇ ਹਨ, ਜਿਸ ਕਰਕੇ ਪਹਿਰੇਦਾਰ ਅਤੇ ਸੇਵਾਦਾਰ ਸ਼ਰਧਾਲੂਆਂ ਨੂੰ ਸੁਚੇਤ ਕਰਦੇ ਰਹਿੰਦੇ ਹਨ। ਉਨ੍ਹਾ ਸੰਗਤ ਨੂੰ ਅਪੀਲ ਕੀਤੀ ਕਿ ਗੁਰੂ ਘਰਾਂ ਅੰਦਰ ਪੁੱਜਣ ਸਮੇਂ ਮਰਿਆਦਾ ਦਾ ਖਿਆਲ ਰੱਖਿਆ ਜਾਵੇ, ਤਾਂ ਜੋ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।




