ਜਲੰਧਰ (ਸ਼ੈਲੀ, ਉੱਭੀ,
ਸੁਰਿੰਦਰ ਕੁਮਾਰ)
ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਜਲੰਧਰ ਜ਼ਿਮਨੀ ਚੋਣ ਲਈ ਸੋਮਵਾਰ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਾਲ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਨਾਮਜ਼ਦਗੀ ਭਰਨ ਤੋਂ ਪਹਿਲਾਂ ਮਾਨ ਨੇ ਰਿੰਕੂ ਦੇ ਸਮਰਥਨ ’ਚ ਰੋਡ ਸ਼ੋਅ ਕੀਤਾ, ਜਿੱਥੇ ਹਜ਼ਾਰਾਂ ਦੀ ਗਿਣਤੀ ’ਚ ‘ਆਪ’ ਦੇ ਵਰਕਰਾਂ ਅਤੇ ਸਮਰਥਕਾਂ ਨੇ ਇਕੱਠੇ ਹੋ ਕੇ ਪਾਰਟੀ ਉਮੀਦਵਾਰ ਦੇ ਹੱਕ ’ਚ ਨਾਅਰੇਬਾਜ਼ੀ ਕੀਤੀ।
ਇਸ ਰੋਡ ਸ਼ੋਅ ਵਿੱਚ ਮਾਨ ਅਤੇ ਰਿੰਕੂ ਦੇ ਨਾਲ ਵਿਧਾਇਕ ਸੀਤਲ ਅੰਗੁਰਾਲ, ਵਿਧਾਇਕ ਬਲਕਾਰ ਸਿੰਘ, ਦਿਨੇਸ਼ ਢੱਲ, ਰਾਜਵਿੰਦਰ ਕੌਰ ਥਿਆੜਾ, ਜੀਤ ਰਾਮ ਭੱਟੀ, ਰਤਨ ਸਿੰਘ, ਪ੍ਰੇਮ ਕੁਮਾਰ, ਵਿਧਾਇਕ ਇੰਦਰਜੀਤ ਕੌਰ, ਜਗਬੀਰ ਬਰਾੜ, ਮਹਿੰਦਰ ਭਗਤ, ਸੁਰਿੰਦਰ ਸੋਢੀ ਅਤੇ ਹਰਚੰਦ ਸਿੰਘ ਬਰਸਟ ਵੀ ਸਨ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਹੈ, ਜਲੰਧਰ ਦੇ ਕੌਂਸਲਰ ‘ਆਪ’ ਨੂੰ ਸਮਰਥਨ ਦੇ ਰਹੇ ਹਨ ਅਤੇ ਸੁਸ਼ੀਲ ਰਿੰਕੂ ਨੂੰ ਲੋਕਾਂ ਵੱਲੋਂ ਆਪਣਾ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਸ਼ਹਿਰ ਵਿੱਚ ਵੱਧ ਤੋਂ ਵੱਧ ਵਿਕਾਸ ਕਾਰਜ ਕਰਵਾਏ ਜਾਣਗੇ। ਮਾਨ ਨੇ ਕਿਹਾ ਕਿ ਜਲੰਧਰ ਦੇ ਲੋਕ ਇਤਿਹਾਸ ਰਚਣਗੇ ਅਤੇ ਜਦ ਇਹ ਲਿਖਿਆ ਜਾਵੇਗਾ ਕਿ ਇਹ ਕ੍ਰਾਂਤੀ ਪੂਰੇ ਦੇਸ਼ ਵਿੱਚ ਫੈਲੀ, ਇਸ ਦੀ ਸ਼ੁਰੂਆਤ 2022 ਵਿੱਚ ਪੰਜਾਬ ਵਿਚ ਹੋਈ ਸੀ, ਜਲੰਧਰ ਇਸ ਕ੍ਰਾਂਤੀ ਦੇ ਸ਼ੁਰੂਆਤੀ ਕੇਂਦਰਾਂ ’ਚੋਂ ਇੱਕ ਸੀ। ਮਾਨ ਨੇ ਦੱਸਿਆ ਕਿ ਅਰਵਿੰਦ ਕੇਜਰੀਵਾਲ 20 ਅਪ੍ਰੈਲ ਨੂੰ ਰਿੰਕੂ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਜਲੰਧਰ ਪਹੁੰਚਣਗੇ।





