ਚੰਡੀਗੜ੍ਹ : ਭਾਰੀ ਮੀਂਹ, ਤੂਫਾਨ ਤੇ ਗੜੇਮਾਰੀ ਨਾਲ ਫਸਲਾਂ ਤੇ ਹੋਰ ਜਾਇਦਾਦ ਦੀ ਹੋਈ ਤਬਾਹੀ ਸੰਬੰਧੀ ਮੰਗਾਂ ਨੂੰ ਲੈ ਕੇ ਪੰਜਾਬ ’ਚ ਮੰਗਲਵਾਰ ਚਾਰ ਘੰਟਿਆਂ ਲਈ ਕਿਸਾਨ ਜਥੇਬੰਦੀਆਂ ਨੇ ਰੇਲਾਂ ਦਾ ਮੁਕੰਮਲ ਚੱਕਾ ਜਾਮ ਕੀਤਾ। ਇਸ ਦਾ ਸੱਦਾ ਸੰਯੁਕਤ ਕਿਸਾਨ ਮੋਰਚੇ ਨੇ ਕਣਕ ਦੇ ਦਾਗੀ ਤੇ ਪਿਚਕੇ ਦਾਣਿਆਂ ਦੇ ਬਹਾਨੇ ਐੱਮ ਐੱਸ ਪੀ ’ਚ ਕਟੌਤੀ ਕਰਨ ਦੇ ਕੇਂਦਰ ਸਰਕਾਰ ਦੇ ਕਿਸਾਨ ਮਾਰੂ ਫੈਸਲੇ ਨੂੰ ਤੁਰੰਤ ਵਾਪਸ ਕਰਾਉਣ ਲਈ ਦਿੱਤਾ ਸੀ।
ਫਿਲੌਰ ਰੇਲਵੇ ਸਟੇਸ਼ਨ ’ਤੇ ਕਿਸਾਨਾਂ ਨੇ ਕੁਲ ਹਿੰਦ ਕਿਸਾਨ ਸਭਾ, ਕਿਰਤੀ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਤੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਵੱਲੋਂ ਸੁਰਜੀਤ ਸਿੰਘ ਸਮਰਾ, ਕੁਲਜੀਤ ਸਿੰਘ, ਬਲਵਿੰਦਰ ਸਿੰਘ ਸਾਬੀ, ਰਣਜੀਤ ਸਿੰਘ, ਤਰਸੇਮ ਸਿੰਘ ਢਿੱਲੋਂ, ਸਵਰਨ ਸਿੰਘ ਅਕਲਪੁਰੀ ਦੀ ਪ੍ਰਧਾਨਗੀ ਹੇਠ ਧਰਨਾ ਲਗਾ ਕੇ ਚੱਕਾ ਜਾਮ ਕੀਤਾ।
ਸੰਤੋਖ ਸਿੰਘ ਸੰਧੂ, ਇਕਬਾਲ ਸਿੰਘ ਢਾਡੀ, ਸੁਰਿੰਦਰ ਸਿੰਘ ਬੈਂਸ, ਜਸਵੰਤ ਸਿੰਘ ਕਾਹਲੋਂ, ਸੰਤੋਖ ਸਿੰਘ ਬਿਲਗਾ, ਕੁਲਦੀਪ ਫਿਲੌਰ, ਸਰਬਜੀਤ ਸੰਗੋਵਾਲ, ਗੁਰਨਾਮ ਸਿੰਘ ਤੱਗੜ, ਕੇਵਲ ਸਿੰਘ ਤਲਵਣ, ਪਵਿੱਤਰ ਸਿੰਘ ਜੌਹਲ ਤੇ ਗੁਰਕੰਵਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇ ਸਰਕਾਰ ਨੇ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਮੋਰਚੇ ਵੱਲੋਂ ਅਗਲਾ ਵੱਡਾ ਐਕਸ਼ਨ ਐਲਾਨਿਆ ਜਾਵੇਗਾ।
(ਐਕਸ਼ਨ ਦੀਆਂ ਹੋਰ ਖ਼ਬਰਾਂ ਅੰਦਰ ਪੜ੍ਹੋ)





