ਚੰਡੀਗੜ੍ਹ : ਪੰਜਾਬ ਸਰਕਾਰ ਨੇ ਡਰੱਗ ਮਾਫੀਆ ਤੇ ਪੁਲਸ ਵਿਚਾਲੇ ਰਿਸ਼ਤਿਆਂ ਦੀ ਜਾਂਚ ਦਾ ਘੇਰਾ ਵਿਆਪਕ ਕਰਦਿਆਂ ਡੀ ਜੀ ਪੀ ਗੌਰਵ ਯਾਦਵ ਨੂੰ ਕਿਹਾ ਹੈ ਕਿ ਉਹ ਬਰਖਾਸਤ ਇੰਸਪੈਕਟਰ ਇੰਦਰਜੀਤ ਸਿੰਘ ਦੀ ਸਿੱਧੀ ਜਾਂ ਅਸਿੱਧੀ ਪੁਸ਼ਤ-ਪਨਾਹੀ ਕਰਨ ਵਾਲੇ ਹਰ ਅਫਸਰ ਦੀ ਜਾਂਚ ਕਰਾਉਣ, ਭਾਵੇਂ ਉਹ ਕਿੰਨਾ ਵੀ ਵੱਡਾ ਕਿਉ ਨਾ ਹੋਵੇ। ਡੀ ਜੀ ਪੀ ਨੇ ਇਸ ਕੰਮ ਲਈ ਏ ਡੀ ਜੀ ਪੀ ਸ੍ਰੀ ਆਰ ਕੇ ਜੈਸਵਾਲ ਨੂੰ ਲਾ ਦਿੱਤਾ ਹੈ।
ਗ੍ਰਹਿ ਵਿਭਾਗ ਦੇ ਸਪੈਸ਼ਲ ਸੈਕਟਰੀ ਵੱਲੋਂ ਜਾਰੀ ਹੁਕਮਾਂ ਵਿਚ ਡੀ ਜੀ ਪੀ ਨੂੰ ਕਿਹਾ ਗਿਆ ਹੈ ਕਿ ਉਹ ਵੇਲੇ ਦੇ ਏ ਡੀ ਜੀ ਪੀ ਹਰਪ੍ਰੀਤ ਸਿੱਧੂ ਦੀ ਅਗਵਾਈ ਵਾਲੀ ਐੱਸ ਟੀ ਐੱਫ ਵੱਲੋਂ ਡਰੱਗ ਮਾਮਲੇ ’ਚ ਇੰਦਰਜੀਤ ਖਿਲਾਫ 12 ਜੂਨ 2017 ਨੂੰ ਦਰਜ ਕਰਵਾਈ ਗਈ ਐੱਫ ਆਈ ਆਰ ’ਚ ਏ ਆਈ ਜੀ ਰਾਜਜੀਤ ਸਿੰਘ ਨੂੰ ਵੀ ਨਾਮਜ਼ਦ ਕਰਨ। ਰਾਜਜੀਤ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ ’ਤੇ ਬੀਤੇ ਦਿਨੀਂ ਬਰਖਾਸਤ ਕਰ ਦਿੱਤਾ ਗਿਆ ਸੀ। ਡੀ ਜੀ ਪੀ ਨੂੰ ਕਿਹਾ ਗਿਆ ਹੈ ਕਿ ਉਹ ਪੁਲਸ ਥਾਣਾ ਸਪੈਸ਼ਲ ਟਾਸਕ ਫੋਰਸ ਮੁਹਾਲੀ ’ਚ ਦਰਜ ਐੱਫ ਆਈ ਆਰ ਦੀ ਦੀ ਜਾਂਚ ਲਈ ਸੀਨੀਅਰ ਆਈ ਪੀ ਐੱਸ ਅਫਸਰ ਨੂੰ ਤਾਇਨਾਤ ਕਰਨ। ਜਾਂਚ ਕਰਦਿਆਂ ਐੱਸ ਆਈ ਟੀ ਦੀਆਂ ਤਿੰਨਾਂ ਰਿਪੋਰਟਾਂ ਨੂੰ ਧਿਆਨ ਵਿਚ ਰੱਖਿਆ ਜਾਵੇ। ਜਾਂਚ ਇਕ ਮਹੀਨੇ ਵਿਚ ਮੁਕੰਮਲ ਕਰਕੇ ਰਿਪੋਰਟ ਦੇਣ ਲਈ ਕਿਹਾ ਗਿਆ ਹੈ।
ਹੁਕਮਾਂ ਵਿਚ ਸਪੱਸ਼ਟ ਕਿਹਾ ਗਿਆ ਹੈ ਕਿ ਇਹ ਸੰਭਵ ਨਹੀਂ ਕਿ ਛੋਟੇ ਜਿਹੇ ਇੰਸਪੈਕਟਰ ਰੈਂਕ ਦਾ ਅਧਿਕਾਰੀ ਇਕੱਲਾ ਹੀ ਪੈਸੇ ਭੋਟਣ ਤੇ ਡਰੱਗ ਦਾ ਏਨਾ ਵੱਡਾ ਨੈੱਟਵਰਕ ਚਲਾਉਦਾ ਰਿਹਾ ਹੋਵੇ। ਹੁਕਮਾਂ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਸੀਨੀਅਰ ਅਫਸਰਾਂ ਖਿਲਾਫ ਕਾਰਵਾਈ ਕੀਤੀ ਜਾਵੇ, ਜਿਨ੍ਹਾਂ ਰਾਜਜੀਤ ਦੀਆਂ ਇੰਦਰਜੀਤ ਦੀਆਂ ਬਦਲੀਆਂ, ਤਰੱਕੀਆਂ ਤੇ ਲੋਕਲ ਰੈਂਕ ਦੇਣ ਦੀਆਂ ਸਿਫਾਰਸ਼ਾਂ ਨੂੰ ਮਨਜ਼ੂਰੀਆਂ ਦਿੱਤੀਆਂ। ਇਨ੍ਹਾਂ ਸੀਨੀਅਰ ਅਫਸਰਾਂ ਦੀ ਪਛਾਣ ਲਈ ਸੰਬੰਧਤ ਫਾਈਲਾਂ ਵੀਰਵਾਰ ਸ਼ਾਮ ਚਾਰ ਵਜੇ ਤੱਕ ਸਰਕਾਰ ਨੂੰ ਘੱਲੀਆਂ ਜਾਣ।
ਗ੍ਰਹਿ ਸਕੱਤਰ ਨੇ ਇਹ ਵੀ ਕਿਹਾ ਹੈ ਕਿ ਐੱਸ ਆਈ ਟੀ ਵੱਲੋਂ ਕੀਤੀ ਗਈ ਜਾਂਚ ਤੋਂ ਜਾਪਦਾ ਹੈ ਕਿ ਇੰਦਰਜੀਤ ਕਈ ਪੁਲਸ ਅਫਸਰਾਂ ਦੀਆਂ ਅੱਖਾਂ ਦਾ ਤਾਰਾ ਸੀ। ਇਸ ਕਰਕੇ ਤਿੰਨ ਦਿਨਾਂ ਵਿਚ ਦੱਸਿਆ ਜਾਵੇ ਕਿ ਰਾਜਜੀਤ ਤੋਂ ਇਲਾਵਾ ਕਿਸੇ ਹੋਰ ਸੀਨੀਅਰ ਅਫਸਰ ਨੇ ਬੇਨਤੀ ਕੀਤੀ ਸੀ ਕਿ ਇੰਦਰਜੀਤ ਨੂੰ ਉਸ ਦੇ ਨਾਲ ਲਾਇਆ ਜਾਵੇ। ਇਹ ਹੁਕਮ ਮੁੱਖ ਮੰਤਰੀ ਦੀ ਮਨਜ਼ੂਰੀ ਨਾਲ ਜਾਰੀ ਕੀਤੇ ਗਏ ਹਨ।
ਇਸੇ ਦੌਰਾਨ ਮੁੱਖ ਮੰਤਰੀ ਦੇ ਹੁਕਮਾਂ ’ਤੇ ਬੀਤੇ ਦਿਨੀਂ ਬਰਖਾਸਤ ਕੀਤੇ ਗਏ ਏ ਆਈ ਜੀ ਰਾਜਜੀਤ ਸਿੰਘ ਦੇ ਖਿਲਾਫ ਲੁੱਕਆਊਟ ਸਰਕੂਲਰ ਜਾਰੀ ਕੀਤਾ ਗਿਆ ਹੈ। ਵਿਜੀਲੈਂਸ ਬਿਊਰੋ ਨੇ ਉਸ ਦੇ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਹੈ। ਸਰਕਾਰ ਨੇ ਰਾਜਜੀਤ ਸਿੰਘ ਖਿਲਾਫ ਜਾਂਚ ਲਈ ਲੋੜੀਂਦਾ ਪੱਤਰ ਵਿਜੀਲੈਂਸ ਬਿਊਰੋ ਨੂੰ ਭੇਜ ਦਿੱਤਾ ਹੈ। ਰਾਜਜੀਤ ’ਤੇ ਇੰਦਰਜੀਤ ਦੀ ਪੁਸ਼ਤ-ਪਨਾਹੀ ਦਾ ਦੋਸ਼ ਹੈ। ਵਿਜੀਲੈਂਸ ਦੇ ਸੂਤਰਾਂ ਦਾ ਕਹਿਣਾ ਹੈ ਕਿ ਸਰੋਤਾਂ ਨਾਲੋਂ ਵੱਧ ਆਮਦਨ ਮਾਮਲੇ ਵਿਚ ਉਸਦੇ ਸਾਰੇ ਪਰਵਾਰਕ ਮੈਂਬਰਾਂ ਦੀਆਂ ਜਾਇਦਾਦਾਂ, ਬੈਂਕ ਖਾਤਿਆਂ ਤੇ ਹੋਰ ਅਸਾਸਿਆਂ ਦੀ ਜਾਂਚ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਰਾਜਜੀਤ ਸਿੰਘ ਦੀਆਂ ਮੁਹਾਲੀ ਤੇ ਹੋਰ ਥਾਵਾਂ ’ਤੇ ਜਾਇਦਾਦਾਂ ਦਾ ਪਤਾ ਲੱਗਾ ਹੈ। ਇਸ ਵੇਲੇ ਰਾਜਜੀਤ ਸਿੰਘ ਫਰਾਰ ਦੱਸਿਆ ਜਾ ਰਿਹਾ ਹੈ।




