ਬਹਿਰਾਮ/ ਨਵਾਂ ਸ਼ਹਿਰ (ਅਵਤਾਰ ਕਲੇਰ/ ਕੁਲਵਿੰਦਰ ਸਿੰਘ ਦੁਰਗਾਪੁਰੀਆ)-ਭਾਰਤੀ ਕਮਿਊਨਿਸਟ ਪਾਰਟੀ ਨੇ ਭਾਰਤ ਪੱਧਰ ’ਤੇ 2024 ਵਿਚ ਮੋਦੀ ਭਜਾਓ, ਦੇਸ਼ ਬਚਾਓ ਜਨ-ਚੇਤਨਾ ਮੁਹਿੰਮ ਬੱਸ ਸਟੈਂਡ ਰਾਹੋਂ (ਨਵਾਂ ਸ਼ਹਿਰ) ਤੋਂ ਸ਼ੁਰੂ ਕੀਤੀ। ਇਸ ਮੌਕੇ ਸੀ ਪੀ ਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਦੱਸਿਆ ਕਿ ਭਾਜਪਾ ਦੀ ਮੋਦੀ ਸਰਕਾਰ ਲੋਕਾਂ ਨੂੰ ਇਹ ਲਾਰਾ ਲਾ ਕੇ ਸੱਤਾ ਵਿੱਚ ਆਈ ਸੀ ਕਿ ਬਾਹਰ ਤੋਂ ਕਾਲਾ ਧਨ ਵਾਪਸ ਲਿਆ ਕੇ ਹਰ ਇਕ ਭਾਰਤੀ ਦੇ ਖਾਤੇ ਵਿੱਚ 15 ਲੱਖ ਰੁਪਏ ਪਾਏ ਜਾਣਗੇ। ਮੋਦੀ ਦੇ ਰਾਜ ਵਿੱਚ ਭਿ੍ਰਸ਼ਟਾਚਾਰ ਅਤੇ ਫਿਰਕੂ ਦੰਗੇ ਵਧੇ ਹਨ। ਮੋਦੀ ਨੇ ਆਪਣੇ ਮਿੱਤਰਾਂ ਅਡਾਨੀ ਅਤੇ ਅੰਬਾਨੀ ਦੀਆਂ ਕੰਪਨੀਆਂ ਵਿਚ ਲੋਕਾਂ ਦੇ ਫੰਡ ਦੇ ਕਰੋੜਾਂ ਰੁਪਏ ਨਿਵੇਸ਼ ਕਰਵਾਏ ਅਤੇ ਵਿਜੈ ਮਾਲੀਆ, ਨੀਰਵ ਮੋਦੀ, ਲਲਿਤ ਮੋਦੀ ਲੋਕਾਂ ਦੇ ਅਰਬਾਂ ਰੁਪਏ ਡਕਾਰ ਕੇ ਵਿਦੇਸ਼ ਭੱਜ ਗਏ। ਉਹਨਾ ਕਿਹਾ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਅੰਬੇਡਕਰ ਦੇ ਜਨਮ ਦਿਨ ’ਤੇ 14 ਅਪ੍ਰੈਲ ਤੋਂ 15 ਮਈ ਤੱਕ ਪੰਜਾਬ ਦੇ ਹਰ ਪਿੰਡ, ਹਰ ਸ਼ਹਿਰ ਅਤੇ ਹਰ ਘਰ ਵਿੱਚ ਮੋਦੀ ਦੇ ਕਾਲੇ ਕਾਰਨਾਮਿਆਂ ਦੀ ਪੋਲ ਖੋਲ੍ਹਾਂਗੇ। ਉਹਨਾ ਕਿਹਾ ਕਿ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਨਰਿੰਦਰ ਮੋਦੀ ਨੂੰ ਭਜਾਓ ਅਤੇ ਦੇਸ਼ ਬਚਾਓ ਜਨ-ਚੇਤਨਾ ਮੁਹਿੰਮ ਦਾ ਹੋਕਾ ਦੇਵਾਂਗੇ। ਮੋਦੀ ਸਰਕਾਰ ਦੌਰਾਨ ਦਲਿਤਾਂ ਅਤੇ ਘੱਟ ਗਿਣਤੀਆਂ ’ਤੇ ਹਮਲੇ ਹੋ ਰਹੇ ਹਨ ਅਤੇ ਉਹ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹਨ।
ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਜਸਵਿੰਦਰ ਭੰਗਲ, ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਸੁਤੰਤਰ ਕੁਮਾਰ, ਸੂਬਾ ਕਮੇਟੀ ਮੈਂਬਰ ਪਰਵਿੰਦਰ ਮੇਨਕਾ, ਮਹਿੰਦਰਪਾਲ ਮਾਹੀ, ਮੁਕੰਦ ਲਾਲ, ਬਲਜਿੰਦਰ ਸਿੰਘ, ਜਰਨੈਲ ਸਿੰਘ, ਬਲਬੀਰ ਸਿੰਘ, ਜਸਵਿੰਦਰ ਲਾਲ, ਗੁਰਿੰਦਰ ਲਾਲ, ਰਾਜਵੀਰ ਕੌਰ ਤੇ ਵੀਨਾ ਰਾਣੀ ਆਦਿ ਹਾਜ਼ਰ ਸਨ।





