ਚੰਡੀਗੜ੍ਹ (ਗੁਰਜੀਤ ਬਿੱਲਾ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁੱਧਵਾਰ ਕਰਨਾਟਕ ਦੇ ਅਥਾਨੀ ਵਿੱਚ ‘ਆਪ’ ਉਮੀਦਵਾਰਾਂ ਦੇ ਹੱਕ ਵਿੱਚ ਰੋਡ ਸ਼ੋਅ ਕੀਤਾ। ਇਸ ਦੌਰਾਨ ਉਨ੍ਹਾ ਲੋਕਾਂ ਨੂੰ ‘ਆਪ’ ਨੂੰ ਵੋਟ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ‘ਝਾੜੂ’ ਦਾ ਬਟਨ ਦਬਾਉਣ ਦਾ ਮਤਲਬ ਹੈ ਚੰਗੇ ਭਵਿੱਖ ਅਤੇ ਸੁਨਹਿਰੀ ਕਿਸਮਤ ਲਈ ਬਟਨ ਦਬਾਉਣਾ।
ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਕਾਂਗਰਸ ਨੂੰ ਵੋਟ ਪਾਉਣ ਦਾ ਮਤਲਬ ਆਪਣੀ ਵੋਟ ਖਰਾਬ ਕਰਨਾ ਹੈ, ਕਿਉਂਕਿ ਉਨ੍ਹਾਂ ਦੇ ਵਿਧਾਇਕ ਹਮੇਸ਼ਾ ਵਿਕਦੇ ਰਹਿੰਦੇ ਹਨ ਅਤੇ ਭਾਜਪਾ ਨੂੰ ਵੋਟ ਪਾਉਣ ਦਾ ਮਤਲਬ ਹੈ ਆਪਣੀ ਵੋਟ ਝੂਠ ਅਤੇ ‘ਜੁਮਲੇ’ ਨੂੰ ਦੇਣਾ, ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਸਾਡੇ ਵਿੱਚੋਂ ਕਿਸੇ ਨੂੰ ਵੀ ਨਰਿੰਦਰ ਮੋਦੀ ਦੁਆਰਾ ਕੀਤੇ 15 ਲੱਖ ਦੇ ਵਾਅਦੇ ’ਚੋਂ ਹੁਣ ਤੱਕ ਇੱਕ ਪੈਸਾ ਵੀ ਨਹੀਂ ਮਿਲਿਆ।
ਉਨ੍ਹਾ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਅਤੇ ਕਰਨਾਟਕ ਦੀਆਂ ਸਮੱਸਿਆਵਾਂ ਇੱਕੋ ਜਿਹੀਆਂ ਹਨ। ਨੌਜਵਾਨਾਂ ਨੂੰ ਰੁਜ਼ਗਾਰ ਚਾਹੀਦਾ ਹੈ, ਭਿ੍ਰਸ਼ਟਾਚਾਰ ਤੋਂ ਆਜ਼ਾਦੀ ਚਾਹੀਦੀ ਹੈ। ਚੰਗੇ ਸਕੂਲਾਂ, ਕਾਲਜਾਂ ਅਤੇ ਹਸਪਤਾਲਾਂ ਦੀ ਲੋੜ ਹੈ। ਕਾਰੋਬਾਰ ਕਰਨ ਲਈ ਚੰਗੇ ਮਾਹੌਲ ਦੀ ਲੋੜ ਹੈ। ਉਨ੍ਹਾਂ ਨੂੰ ਚੰਗੀਆਂ ਸੜਕਾਂ, ਚੰਗੇ ਬੁਨਿਆਦੀ ਢਾਂਚੇ ਦੀ ਲੋੜ ਹੈ ਅਤੇ ਇਹ ਸਭ ਸਿਰਫ ਆਮ ਆਦਮੀ ਪਾਰਟੀ ਹੀ ਕਰ ਸਕਦੀ ਹੈ।
ਅੰਤ ਵਿੱਚ ਉਨ੍ਹਾ ਕਿਹਾ ਕਿ ਜੇਕਰ ਕਰਨਾਟਕ ਦੇ ਲੋਕਾਂ ਨੇ ਉਨ੍ਹਾ ਨੂੰ ਇੱਕ ਵਾਰ ਮੌਕਾ ਦਿੱਤਾ ਤਾਂ ਉਹ ਮੁੜ ਕਦੇ ਵੀ ਰਵਾਇਤੀ ਪਾਰਟੀਆਂ ਨੂੰ ਵੋਟ ਨਹੀਂ ਦੇਣਗੇ।





