ਕਿਰਤ ਸ਼ਕਤੀ ’ਚ ਘਟਦੀ ਭਾਈਵਾਲੀ

0
184

ਬੇਰੁਜ਼ਗਾਰੀ ਦਰ ਦੇ ਸਰਕਾਰੀ ਤੇ ਨਿੱਜੀ ਅੰਕੜੇ ਦੇਖੀਏ ਤਾਂ ਉਹ ਓਨੀ ਗੰਭੀਰ ਨਜ਼ਰ ਨਹੀਂ ਆਉਦੀ, ਜਿੰਨੀ ਹੈ। ਨਿੱਜੀ ਸੰਸਥਾ ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨਮੀ (ਸੀ ਐੱਮ ਆਈ ਈ) ਮੁਤਾਬਕ ਫਰਵਰੀ 2023 ’ਚ ਬੇਰੁਜ਼ਗਾਰੀ ਦੀ ਦਰ 7.5 ਫੀਸਦੀ ਸੀ, ਜਿਹੜੀ ਮਾਰਚ ਵਿੱਚ ਵਧ ਕੇ 7.8 ਫੀਸਦੀ ਹੋ ਗਈ। ਸਰਕਾਰ ਤੇ ਉਸ ਦੇ ਚਹੇਤੇ ਵਿਸ਼ਲੇਸ਼ਕ ਇੰਪਲਾਈਜ਼ ਪ੍ਰੋਵੀਡੈਂਡ ਫੰਡ ਆਰਗੇਨਾਈਜ਼ੇਸ਼ਨ (ਈ ਪੀ ਐੱਫ ਓ), ਤਾਂ ਕਦੇ ਇੰਪਲਾਈਜ਼ ਸਟੇਟ ਇੰਸ਼ੋਰੈਂਸ (ਈ ਐੱਸ ਆਈ) ਵਿੱਚ ਨਵੇਂ ਜੁੜੇ ਲੋਕਾਂ ਦੇ ਅੰਕੜੇ ਦਿਖਾ ਕੇ ਦੱਸਦੇ ਹਨ ਕਿ ਰੁਜ਼ਗਾਰ ਸਿਰਜਣ ਤੇਜ਼ੀ ਨਾਲ ਹੋ ਰਿਹਾ ਹੈ। 19 ਅਪ੍ਰੈਲ ਨੂੰ ਪ੍ਰਕਾਸ਼ਤ ਹੋਇਆ ਕਿ ਫਰਵਰੀ ਵਿੱਚ ਈ ਐੱਸ ਆਈ ਨਾਲ 16 ਲੱਖ ਲੋਕ ਨਵੇਂ ਜੁੜੇ। ਕਹਿਣ ਦਾ ਮਤਲਬ ਏਨੇ ਹੋਰ ਲੋਕਾਂ ਨੂੰ ਰੁਜ਼ਗਾਰ ਮਿਲਿਆ। ਬੇਰੁਜ਼ਗਾਰੀ ਦੀ ਅਸਲੀ ਸਥਿਤੀ ਦਾ ਪਤਾ ਲਾਉਣ ਲਈ ਕੰਮ ਕਰਨ ਵਾਲਿਆਂ ਦੀ ਉਮਰ, ਕਿਰਤ ਭਾਈਵਾਲੀ ਦਰ, ਰੁਜ਼ਗਾਰ ਦਰ ਤੇ ਬੇਰੁਜ਼ਗਾਰੀ ਦਰ ਦੇ ਅੰਕੜਿਆਂ ਨੂੰ ਸਮਝਣ ਦੀ ਲੋੜ ਹੈ। 2016 ਵਿੱਚ ਨੋਟਬੰਦੀ ਤੋਂ ਪਹਿਲਾਂ ਭਾਰਤ ’ਚ ਕੰਮ ਕਰਨ ਦੀ ਉਮਰ (15-64 ਸਾਲ) ਵਾਲੀ ਆਬਾਦੀ 100 ਕਰੋੜ ਤੋਂ ਕੁਝ ਘੱਟ ਸੀ। ਇਸ ਵਿੱਚ ਕੰਮ ਕਰਨ ਵਾਲੇ ਤੇ ਲੱਭਣ ਵਾਲਿਆਂ ਦੀ ਗਿਣਤੀ 45 ਕਰੋੜ (ਲਗਭਗ 45 ਫੀਸਦੀ) ਸੀ। 2021 ਵਿੱਚ ਇਹ ਘਟ ਕੇ 42 ਕਰੋੜ (ਲਗਭਗ 37 ਫੀਸਦੀ) ਰਹਿ ਗਏ, ਅਰਥਾਤ ਆਬਾਦੀ ਵਧਦੀ ਰਹੀ, ਪਰ ਤਿੰਨ ਕਰੋੜ ਕੰਮ ਦੇ ਲਾਇਕ ਵਿਅਕਤੀ ਕਿਰਤ ਸ਼ਕਤੀ ’ਚੋਂ ਬਾਹਰ ਹੋ ਗਏ। ਨਿਸਚੇ ਹੀ ਪੂੰਜੀਵਾਦੀ ਆਰਥਕ ਸੰਕਟ ਤੇ ਰੁਜ਼ਗਾਰ ਬਾਰੇ ਮੋਦੀ ਸਰਕਾਰ ਦੀਆਂ ਆਰਥਕ ਨੀਤੀਆਂ ਦੇ ਮਾੜੇ ਪ੍ਰਭਾਵਾਂ ਤੋਂ ਇਲਾਵਾ ਕੋਵਿਡ ਲਾਕਡਾਊਨ ਵੀ ਇਸ ਵੱਡੀ ਗਿਰਾਵਟ ਦਾ ਇੱਕ ਕਾਰਨ ਸੀ। ਮਾਰਚ 2023 ਵਿਚ ਸੀ ਐੱਮ ਆਈ ਈ ਮੁਤਾਬਕ ਕਿਰਤ ਭਾਈਵਾਲੀ ਦਰ 39.8 ਫੀਸਦੀ ਹੋ ਗਈ ਤੇ ਰੁਜ਼ਗਾਰ ਦਰ 36.7 ਫੀਸਦੀ ਹੋ ਗਈ। ਕਿਰਤ ਸ਼ਕਤੀ 44.43 ਕਰੋੜ ਹੈ, ਜਿਸ ਵਿੱਚ 41.01 ਕਰੋੜ ਲੋਕ ਕੰਮ ਕਰ ਰਹੇ ਹਨ ਤੇ ਬੇਰੁਜ਼ਗਾਰ 3.69 ਕਰੋੜ ਹਨ। ਸਾਫ ਹੈ ਕਿ ਲਾਕਡਾਊਨ ਖਤਮ ਹੋਣ ਤੋਂ ਬਾਅਦ ਕੋਈ ਦੋ ਕਰੋੜ ਲੋਕ ਕਿਰਤ ਸ਼ਕਤੀ ਵਿੱਚ ਪਰਤੇ ਹਨ, ਪਰ ਇਹ ਗਿਣਤੀ ਅਜੇ ਵੀ ਨੋਟਬੰਦੀ ਤੋਂ ਪਹਿਲੀ ਦਰ ਤੋਂ ਘੱਟ ਹੈ, ਜਦੋਂਕਿ ਆਬਾਦੀ ਵਧਣ ਨਾਲ ਕੰਮ ਕਰਨ ਲਾਇਕ ਉਮਰ ਦੇ ਨਾਗਰਿਕਾਂ ਦੀ ਗਿਣਤੀ 11 ਕਰੋੜ ਵਧ ਗਈ ਹੈ। ਇਹ ਭਾਰਤ ਵਿੱਚ ਰੁਜ਼ਗਾਰ ਦੀ ਘਾਟ ਦੇ ਭਿਆਨਕ ਸੰਕਟ ਦਾ ਸਭ ਤੋਂ ਵੱਡਾ ਸੰਕੇਤ ਹੈ। ਬੇਰੁਜ਼ਗਾਰਾਂ ਦੀ ਫੌਜ ਹਰ ਪੂੰਜੀਵਾਦੀ ਮੁਲਕ ਵਿਚ ਹੁੰਦੀ ਹੈ, ਪਰ ਭਾਰਤੀ ਪੂੰਜੀਵਾਦੀ ਵਿਵਸਥਾ ’ਚ ਇਸ ਦੀ ਗਿਣਤੀ ਕਿਤੇ ਵੱਧ ਹੈ। ਦੁਨੀਆ ਭਰ ਦੇ ਪੂੰਜੀਵਾਦੀ ਦੇਸ਼ਾਂ ਵਿੱਚ ਔਸਤਨ ਕੰਮ ਯੋਗ ਉਮਰ ਦੇ 100 ਵਿੱਚੋਂ 60 ਵਿਅਕਤੀ ਕੰਮ ਕਰ ਰਹੇ ਹਨ, ਜਦਕਿ ਭਾਰਤ ’ਚ ਇਹ ਗਿਣਤੀ ਮਸਾਂ 40 ਫੀਸਦੀ ਹੈ। ਭਾਰਤੀ ਸਰਮਾਏਦਾਰਾਂ ਨੂੰ ਇਹ ਸਥਿਤੀ ਬਹੁਤ ਰਾਸ ਆ ਰਹੀ ਹੈ, ਕਿਉਕਿ ਉਨ੍ਹਾਂ ਨੂੰ ਘੱਟ ਉਜਰਤ ’ਤੇ ਵੀ ਕੰਮ ਕਰਨ ਵਾਲੇ ਬਥੇਰੇ ਮਿਲ ਜਾਂਦੇ ਹਨ। ਏਨੀ ਬੇਰੁਜ਼ਗਾਰੀ ਕਾਰਨ ਉਹ ਮਜ਼ਦੂਰਾਂ ਤੋਂ 8 ਦੀ ਥਾਂ 10-10, 12-12 ਘੰਟਿਆਂ ਦੀ ਦਿਹਾੜੀ ਲੁਆ ਰਹੇ ਹਨ ਅਤੇ ਕਿਰਤ ਕਾਨੂੰਨਾਂ ਦੀ ਕੋਈ ਪ੍ਰਵਾਹ ਨਹੀਂ ਕਰ ਰਹੇ।

LEAVE A REPLY

Please enter your comment!
Please enter your name here