ਅਹਿਮਦਾਬਾਦ : ਵਿਸ਼ੇਸ਼ ਅਦਾਲਤ ਦੇ ਜੱਜ ਐੱਸ ਕੇ ਬਖਸ਼ੀ ਨੇ ਗੁਜਰਾਤ ਦੰਗਿਆਂ ਦੌਰਾਨ ਵਾਪਰੇ ਨਰੋਦਾ ਕਾਂਡ ਦੇ ਸਾਰੇ ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ਦੱਸਦੇ ਹੋਏ ਵੀਰਵਾਰ ਬਰੀ ਕਰ ਦਿੱਤਾ। 28 ਫਰਵਰੀ 2002 ਨੂੰ ਅਹਿਮਦਾਬਾਦ ਸ਼ਹਿਰ ਕੋਲ ਨਰੋਦਾ ’ਚ ਫਿਰਕੂ ਹਿੰਸਾ ’ਚ 11 ਲੋਕ ਮਾਰੇ ਗਏ ਸਨ। ਮਾਮਲੇ ਵਿਚ ਗੁਜਰਾਤ ਦੀ ਸਾਬਕਾ ਮੰਤਰੀ ਤੇ ਭਾਜਪਾ ਆਗੂ ਮਾਇਆ ਕੋਡਨਾਨੀ, ਬਜਰੰਗ ਦਲ ਦੇ ਆਗੂ ਬਾਬੂ ਬਜਰੰਗੀ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਜੈਦੀਪ ਪਟੇਲ ਸਣੇ 86 ਲੋਕਾਂ ਖਿਲਾਫ ਕੇਸ ਦਰਜ ਹੋਇਆ ਸੀ। ਇਨ੍ਹਾਂ ਵਿੱਚੋਂ 18 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਾਰੇ ਮੁਲਜ਼ਮ ਫਿਲਹਾਲ ਜ਼ਮਾਨਤ ’ਤੇ ਸਨ। ਲਗਭਗ 13 ਸਾਲ ਚੱਲੇ ਮਾਮਲੇ ’ਚ 6 ਜੱਜਾਂ ਨੇ ਲਗਾਤਾਰ ਸੁਣਵਾਈ ਕੀਤੀ। 27 ਫਰਵਰੀ ਨੂੰ ਵਾਪਰੇ ਗੋਧਰਾ ਕਾਂਡ ਦੇ ਅਗਲੇ ਦਿਨ ਨਰੋਦਾ ਪਿੰਡ ਵਿਚ ਬੰਦ ਦਾ ਐਲਾਨ ਕੀਤਾ ਗਿਆ ਸੀ। ਇਸੇ ਦੌਰਾਨ ਸਵੇਰੇ ਕਰੀਬ 9 ਵਜੇ ਭੀੜ ਬਾਜ਼ਾਰ ਬੰਦ ਕਰਾਉਣ ਲੱਗੀ ਤੇ ਹਿੰਸਾ ਭੜਕ ਗਈ। ਭੀੜ ਨੇ ਪਥਰਾਅ, ਅਗਜ਼ਨੀ ਤੇ ਭੰਨਤੋੜ ਸ਼ੁਰੂ ਕਰ ਦਿੱਤੀ ਅਤੇ 11 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਦੇ ਬਾਅਦ ਪਾਟੀਆ ਪਿੰਡ ’ਚ ਵੀ ਦੰਗੇ ਫੈਲ ਗਏ। ਦੋਹਾਂ ਇਲਾਕਿਆਂ ’ਚ 97 ਹੱਤਿਆਵਾਂ ਕੀਤੀਆਂ ਗਈਆਂ। ਇਸ ਦੇ ਬਾਅਦ ਪੂਰੇ ਗੁਜਰਾਤ ’ਚ ਦੰਗੇ ਫੈਲ ਗਏ। ਇਸ ਮਾਮਲੇ ਵਿਚ ਵਿਸ਼ੇਸ਼ ਜਾਂਚ ਟੀਮ ਨੇ ਤੱਤਕਾਲੀ ਭਾਜਪਾ ਵਿਧਾਇਕ ਮਾਇਆ ਕੋਡਨਾਨੀ ਨੂੰ ਮੁੱਖ ਮੁਲਜ਼ਮ ਬਣਾਇਆ ਸੀਸ ਹਾਲਾਂਕਿ ਉਹ ਵੀ ਬਰੀ ਹੋ ਗਈ ਹੈ। 2002 ਵਿਚ ਗੋਧਰਾ ਸਟੇਸ਼ਨ ’ਤੇ ਸਾਬਰਮਤੀ ਐੱਕਸਪ੍ਰੱੈਸ ਦੇ ਪੰਜ-ਛੇ ਡੱਬਿਆਂ ਨੂੰ ਅੱਗ ਲਾਉਣ ਕਾਰਨ ਅਯੁੱਧਿਆ ਤੋਂ ਪਰਤ ਰਹੇ 59 ਤੀਰਥ ਯਾਤਰੀ ਮਾਰੇ ਗਏ ਸਨ। ਇਸ ਤੋਂ ਬਾਅਦ ਹੋਏ ਦੰਗਿਆਂ ਵਿਚ ਇਕ ਹਜ਼ਾਰ ਤੋਂ ਵੱਧ ਲੋਕ ਮਾਰੇ ਗਏ ਸਨ, ਜਿਨ੍ਹਾਂ ਵਿਚ 790 ਮੁਸਲਮਾਨ ਤੇ 254 ਹਿੰਦੂ ਸਨ। ਸਥਿਤੀ ’ਤੇ ਕਾਬੂ ਪਾਉਣ ਲਈ ਤੀਜੇ ਦਿਨ ਫੌਜ ਲਾਉਣੀ ਪਈ ਸੀ।





