ਲਾਲੜੂ : ਨੇੜਲੇ ਪਿੰਡ ਜੌਲਾਂ ਕਲਾਂ ਦੇ 29 ਸਾਲਾ ਰਵੀ ਕੁਮਾਰ ਪੁੱਤਰ ਜਸਵੀਰ ਸਿੰਘ ਦੀ ਸੀਵਰੇਜ ਦਾ ਗਟਰ ਸਾਫ ਕਰਨ ਮੌਕੇ ਗੈਸ ਚੜ੍ਹਨ ਕਾਰਨ ਮੌਤ ਹੋ ਗਈ, ਜਦਕਿ ਦੂਜੇ ਨੌਜਵਾਨ ਗੁਰਪ੍ਰੀਤ ਸਿੰਘ ਦੀ ਹਾਲਤ ਵੀ ਗੰਭੀਰ ਬਣੀ ਹੋਈ ਸੀ। ਸ਼ੁੱਕਰਵਾਰ ਪਿੰਡ ਵਿਚ ਸੀਵਰੇਜ ਦੀ ਬੰਦ ਪਾਈਪ ਨੂੰ ਵੱਖ-ਵੱਖ ਥਾਵਾਂ ਤੋਂ ਸਾਫ ਕੀਤਾ ਜਾ ਰਿਹਾ ਸੀ। ਸੀਵਰੇਜ ਦੇ ਗਟਰ ਨੂੰ ਰਵੀ ਕੁਮਾਰ ਅਤੇ ਹੋਰ ਨੌਜਵਾਨ ਸਾਫ ਕਰ ਰਹੇ ਸਨ। ਇਸੇ ਦੌਰਾਨ ਰਵੀ ਕੁਮਾਰ ਗਟਰ ਵਿਚ ਵੜ ਕੇ ਸਫਾਈ ਕਰਦੇ ਸਮੇਂ ਬੇਹੋਸ਼ ਹੋ ਕੇ ਡਿੱਗ ਪਿਆ, ਜਦੋਂ ਗੁਰਪ੍ਰੀਤ ਨੇ ਉਸ ਨੂੰ ਡਿੱਗਦਿਆਂ ਦੇਖਿਆ ਤਾਂ ਉਹ ਉਸ ਨੂੰ ਬਚਾਉਣ ਲਈ ਗਟਰ ਵਿਚ ਵੜਿਆ ਅਤੇ ਰਵੀ ਨੂੰ ਬਾਹਰ ਕੱਢਣ ਲਈ ਜੱਦੋਜਹਿਦ ਕਰਦਾ ਖੁਦ ਗੈਸ ਦੀ ਲਪੇਟ ਆਉਣ ਕਾਰਨ ਬੇਹੋਸ਼ ਹੋ ਗਿਆ। ਤੀਜੇ ਸਾਥੀ ਨੇ ਗੁਰਪ੍ਰੀਤ ਨੂੰ ਕਿਸੇ ਤਰ੍ਹਾਂ ਬਾਹਰ ਕੱਢ ਲਿਆ, ਪਰ ਰਵੀ ਬੁਰੀ ਤਰ੍ਹਾਂ ਫਸਿਆ ਹੋਇਆ ਸੀ। ਸੀਵਰੇਜ ਲਾਈਨ ਦੇ ਹੋਰ ਪੁਆਇੰਟਾਂ ’ਤੇ ਕੰਮ ਕਰਦੇ ਬੰਦੇ ਭੱਜ ਕੇ ਉਥੇ ਪੁੱਜੇ। ਰਵੀ ਨੂੰ ਕਿਸੇ ਤਰ੍ਹਾਂ ਰੱਸਿਆਂ ਨਾਲ ਬੰਨ੍ਹ ਕੇ ਬਾਹਰ ਕੱਢਿਆ। ਦੋਹਾਂ ਨੌਜਵਾਨਾਂ ਨੂੰ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਰਵੀ ਕੁਮਾਰ ਨੂੰ ਡਾਕਟਰਾਂ ਨੇ ਮਿ੍ਰਤਕ ਘੋਸ਼ਿਤ ਕਰ ਦਿੱਤਾ, ਜਦਕਿ ਗੁਰਪ੍ਰੀਤ ਸਿੰਘ ਨੂੰ ਚੰਡੀਗੜ੍ਹ ਦੇ ਸੈਕਟਰ-32 ਦੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਲਈ ਰੈਫਰ ਕਰ ਦਿੱਤਾ।




