ਨਵੀਂ ਦਿੱਲੀ : ਕਾਂਗਰਸ ਨੇ ਸ਼ੁੱਕਰਵਾਰ ਦੋਸ਼ ਲਗਾਇਆ ਕਿ ਅਹਿਮਦਾਬਾਦ ਦੇ ਨਰੋਦਾ ਗਾਮ ’ਚ ਗੋਧਰਾ ਤੋਂ ਬਾਅਦ ਹੋਏ ਦੰਗਿਆਂ ਦੇ ਸਾਰੇ 67 ਮੁਲਜ਼ਮਾਂ ਨੂੰ ਇਸਤਗਾਸਾ ਧਿਰ ਦੀਆਂ ਖਾਮੀਆਂ ਕਾਰਨ ਬਰੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪਾਰਟੀ ਨੇ ਉਮੀਦ ਜਤਾਈ ਕਿ ਇਨਸਾਫ ਮਿਲਣ ’ਚ ਦੇਰੀ ਹੋ ਸਕਦੀ ਹੈ, ਪਰ ਇਸ ਤੋਂ ਇਨਕਾਰ ਨਹੀਂ ਕੀਤਾ ਜਾਵੇਗਾ। ਪਾਰਟੀ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰੇਗੀ ਅਤੇ ਇਸ ਘਿਨਾਉਣੇ ਅਪਰਾਧ ਕਾਰਨ ਜਾਨਾਂ ਗੁਆਉਣ ਵਾਲਿਆਂ ਦੇ ਪਰਵਾਰਾਂ ਨਾਲ ਖੜ੍ਹੀ ਹੋਵੇਗੀ।
ਕਾਂਗਰਸ ਦੇ ਜਨਰਲ ਸਕੱਤਰ (ਸੰਚਾਰ) ਜੈਰਾਮ ਰਮੇਸ਼ ਨੇ ਬਿਆਨ ’ਚ ਕਿਹਾ-ਅਸੀਂ ਬਿਆਨ ਜਾਰੀ ਕਰਨ ਲਈ ਅਦਾਲਤ ਦੇ ਵਿਸਤਿ੍ਰਤ ਫੈਸਲੇ ਦਾ ਇੰਤਜ਼ਾਰ ਕਰਾਂਗੇ, ਪਰ ਇਹ ਸਪੱਸ਼ਟ ਹੈ ਕਿ ਇਸਤਗਾਸਾ ਪੱਖ ਤੋਂ ਸਪੱਸ਼ਟ ਗਲਤੀ ਹੋਈ ਹੈ। ਇਸਤਗਾਸਾ ਪੱਖ ਅਤੇ ਸਰਕਾਰੀ ਵਕੀਲ ਇਸ ਵਿਰੁੱਧ ਤੁਰੰਤ ਅਤੇ ਗੰਭੀਰਤਾ ਨਾਲ ਅੱਗੇ ਅਪੀਲ ਕਰਕੇ ਇਸ ਨੂੰ ਝੂਠਾ ਸਾਬਤ ਕਰ ਸਕਦੇ ਹਨ।


