ਪੁਣਛ ’ਚ ਦਹਿਸ਼ਤਗਰਦਾਂ ਦੀ ਵੱਡੀ ਪੱਧਰ ’ਤੇ ਭਾਲ

0
206

ਸ੍ਰੀਨਗਰ : ਪੁਣਛ ’ਚ ਵੀਰਵਾਰ ਪੰਜ ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਬਾਟਾ-ਡੋਰੀਆ ਖੇਤਰ ਦੇ ਸੰਘਣੇ ਜੰਗਲੀ ਖੇਤਰ ’ਚ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਚਲਾਈ ਹੈ। ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਅਤੇ ਦਹਿਸ਼ਤਗਰਦਾਂ ਦਾ ਪਤਾ ਲਗਾਉਣ ਲਈ ਡਰੋਨ ਤੇ ਸੂਹੀਆ ਕੁੱਤਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਰਾਜੌਰੀ ਅਤੇ ਪੁਣਛ ਦੇ ਸਰਹੱਦੀ ਜ਼ਿਲ੍ਹਿਆਂ ’ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਕੰਟਰੋਲ ਰੇਖਾ ’ਤੇ ਸਖਤ ਚੌਕਸੀ ਰੱਖੀ ਜਾ ਰਹੀ ਹੈ। ਹਮਲੇ ਤੋਂ ਬਾਅਦ ਭਿੰਬਰ ਗਲੀ-ਪੁਣਛ ਰੋਡ ’ਤੇ ਆਵਾਜਾਈ ਰੋਕ ਦਿੱਤੀ ਗਈ ਹੈ ਅਤੇ ਲੋਕਾਂ ਨੂੰ ਮੇਂਢਰ ਦੇ ਰਸਤੇ ਪੁਣਛ ਜਾਣ ਦੀ ਸਲਾਹ ਦਿੱਤੀ ਗਈ ਹੈ। ਜੰਮੂ-ਕਸ਼ਮੀਰ ਵਿਚ ਵੀਰਵਾਰ ਦਹਿਸ਼ਤਗਰਦਾਂ ਦੇ ਹਮਲੇ ਵਿਚ ਸ਼ਹੀਦ ਹੋਣ ਵਾਲੇ ਪੰਜ ਜਵਾਨਾਂ ਵਿੱਚੋਂ ਇਕ ਮੋਗਾ ਦੇ ਪਿੰਡ ਚੜਿੱਕ ਦੀ ਪੱਤੀ ਜੰਗੀਰ ਦਾ ਕੁਲਵੰਤ ਸਿੰਘ ਕਰੀਬ 13 ਸਾਲ ਪਹਿਲਾਂ ਫੌਜ ’ਚ ਭਰਤੀ ਹੋਇਆ ਸੀ। ਉਸ ਦਾ ਦੋ ਸਾਲ ਪਹਿਲਾਂ ਵਿਆਹ ਹੋਇਆ ਅਤੇ ਦੋ ਬੱਚਿਆਂ ਦਾ ਬਾਪ ਸੀ। ਉਸ ਦੀ ਧੀ ਦੀ ਉਮਰ ਕਰੀਬ ਡੇਢ ਸਾਲ ਹੈ ਅਤੇ 3 ਮਹੀਨੇ ਦਾ ਪੁੱਤ ਫ਼ਤਿਹਵੀਰ ਸਿੰਘ ਹੈ। ਉਹ ਤਕਰੀਬਨ 3 ਮਹੀਨੇ ਪਹਿਲਾਂ ਛੁੱਟੀ ਕੱਟ ਕੇ ਗਿਆ ਸੀ। ਕੁਲਵੰਤ ਸਿੰਘ ਦਾ ਪਿਤਾ ਬਲਦੇਵ ਸਿੰਘ ਵੀ ਕਾਰਗਿਲ ਜੰਗ ’ਚ ਸ਼ਹੀਦ ਹੋ ਗਿਆ ਸੀ। ਰਾਮਾ ਮੰਡੀ ਦੇ ਪਿੰਡ ਬਾਘਾ ਦਾ ਗੁਰਸੇਵਕ ਸਿੰਘ (23) ਪੁੱਤਰ ਗੁਰਚਰਨ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਸਾਲ 2018 ਵਿਚ ਫੌਜ ’ਚ ਭਰਤੀ ਹੋਇਆ ਸੀ। ਸਬ ਡਵੀਜ਼ਨ ਪਾਇਲ ਦੇ ਪਿੰਡ ਚਣਕੋਈਆਂ ਕਲਾਂ ਦਾ 39 ਸਾਲਾ ਹੌਲਦਾਰ ਮਨਦੀਪ ਸਿੰਘ ਸਾਬਕਾ ਸਰਪੰਚ ਰੂਪ ਸਿੰਘ ਦਾ ਪੁੱਤਰ ਸੀ। ਮਨਦੀਪ ਸਿੰਘ ਮਾਰਚ ’ਚ ਮਹੀਨੇ ਦੀ ਛੁੱਟੀ ਕੱਟ ਕੇ ਗਿਆ ਸੀ। ਉਹ ਤਿੰਨ ਭਰਾਵਾਂ ਵਿੱਚੋਂ ਸਭ ਤੋ ਵੱਡਾ ਸੀ। ਉਸ ਦੇ ਪਰਵਾਰ ’ਚ ਮਾਂ, ਪਤਨੀ, 11 ਸਾਲਾ ਅਤੇ 8 ਸਾਲਾ ਬੇਟਾ ਹਨ। ਬਟਾਲਾ ਨੇੜਲੇ ਪਿੰਡ ਤਲਵੰਡੀ ਭਾਰਥਵਾਲ ਦਾ ਹਰਕਿ੍ਰਸ਼ਨ ਸਿੰਘ (27) ਪੁੱਤਰ ਮੰਗਲ ਸਿੰਘ 2017 ’ਚ ਭਰਤੀ ਹੋਇਆ ਸੀ। ਉਹ ਆਪਣੇ ਪਿੱਛੇ ਪਤਨੀ ਤੇ 3 ਸਾਲ ਦੀ ਬੇਟੀ ਛੱਡ ਗਿਆ ਹੈ। ਪਤਨੀ ਦਲਜੀਤ ਕੌਰ ਨੇ ਦੱਸਿਆ ਕਿ ਵੀਰਵਾਰ ਨੂੰ ਉਨ੍ਹਾਂ ਦੀ ਵੀਡੀਓ ਕਾਲ ਰਾਹੀਂ ਗੱਲਬਾਤ ਹੋਈ ਸੀ ਅਤੇ ਪਤੀ ਨੇ ਬੇਟੀ ਖੁਸ਼ਪ੍ਰੀਤ ਕੌਰ ਨਾਲ ਵੀ ਗੱਲ ਕੀਤੀ ਸੀ।

LEAVE A REPLY

Please enter your comment!
Please enter your name here