ਨਵੀਂ ਦਿੱਲੀ : ਇਥੇ 50-60 ਕਿਸਾਨ ਯੂਨੀਅਨ ਦੇ ਆਗੂਆਂ ਅਤੇ ਖਾਪ ਪੰਚਾਇਤ ਦੇ ਨੁਮਾਇੰਦਿਆਂ ਸਣੇ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਨੂੰ ਉਦੋਂ ਹਿਰਾਸਤ ‘ਚ ਲੈ ਲਿਆ ਜਦੋਂ ਉਹ ਮਲਿਕ ਨਾਲ ਇਕਜੁੱਟਤਾ ਦਿਖਾਉਣ ਲਈ ਸੋਮ ਵਿਹਾਰ ਆਰ ਕੇ ਪੁਰਮ ਦੇ ਗੇਟ ਨੰਬਰ 2 ਕੋਲੋਂ ਇਕੱਠ ਕਰ ਰਹੇ ਸਨ | ਸੰਯੁਕਤ ਕਿਸਾਨ ਮੋਰਚੇ ਵੱਲੋਂ ਇਸ ਪੁਲਸ ਕਾਰਵਾਈ ਦੀ ਸਖਤ ਨਿੰਦਾ ਕੀਤੀ ਗਈ ਹੈ | ਕਿਸਾਨ ਆਗੂ ਜਗਮੋਹਨ ਸਿੰਘ, ਗੁਰਮੀਤ ਸਿੰਘ ਮਹਿਮਾ, ਰਮਿੰਦਰ ਸਿੰਘ ਪਟਿਆਲਾ ਨੇ ਦੱਸਿਆ ਕਿ ਪੁਲਸ ਹਿਰਾਸਤ ‘ਚ ਲਏ ਨੇਤਾਵਾਂ ਨੂੰ ਪੀਤਮਪੁਰਾ ਤੇ ਵਸੰਤਕੁੰਜ ਥਾਣਿਆਂ ਵਿੱਚ ਲੈ ਗਈ | ਇਸੇ ਦੌਰਾਨ ਦਿੱਲੀ ਪੁਲਸ ਨੇ ਕਿਹਾ ਕਿ ਸਤਿਆਪਾਲ ਨੂੰ ਹਿਰਾਸਤ ‘ਚ ਨਹੀਂ ਸੀ ਲਿਆ, ਉਹ ਖੁਦ ਹੀ ਚੱਲ ਕੇ ਥਾਣੇ ਆਏ ਸਨ | ਇਹ ਇਕੱਠ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਨਾਲ ਇਕਜੁੱਟਤਾ ਦਿਖਾਉਣ ਲਈ ਕੀਤਾ ਗਿਆ ਸੀ ਜਿਨ੍ਹਾਂ ਪਿੱਛੇ ਵੀ ਸਰਕਾਰੀ ਏਜੰਸੀਆਂ ਲਾਏ ਜਾਣ ਦੇ ਦੋਸ਼ ਕਿਸਾਨ ਆਗੂ ਲਗਾ ਰਹੇ ਹਨ | ਕਿਸਾਨ ਆਗੂਆਂ ਮੁਤਾਬਕ ਪੁਲਸ ਨੇ ਇਕੱਠ ਨੂੰ ਇਸ ਲਈ ਰੋਕ ਦਿੱਤਾ ਕਿ ਇਸ ਦੀ ਮਨਜੂਰੀ ਨਹੀਂ ਸੀ ਲਈ ਗਈ | ਹਰਿਆਣਾ ਦੇ ਜੀਂਦ ਜ਼ਿਲ੍ਹੇ ਤੋਂ ਆਏ ਨੌਗਾਮਾ ਖਾਪ ਦੇ ਪ੍ਰਧਾਨ ਦਲਬੀਰ ਸਿੰਘ ਬੀਬੀਪੁਰ ਨੇ ਦੱਸਿਆ, ਕੇਂਦਰ ਸਰਕਾਰ ਜਾਣਬੁੱਝ ਕੇ ਮਲਿਕ ਨੂੰ ਪ੍ਰੇਸ਼ਾਨ ਕਰ ਰਹੀ ਹੈ | ਮਲਿਕ ਨੇ ਪੁਲਵਾਮਾ ਹਮਲੇ ਨੂੰ ਲੈ ਜੋ ਖੁਲਾਸੇ ਕੀਤੇ ਹਨ, ਉਸ ਤੋਂ ਕੇਂਦਰ ਸਰਕਾਰ ਪ੍ਰੇਸ਼ਾਨ ਹੋ ਗਈ ਹੈ | ਸੀ ਆਰ ਪੀ ਐਫ ਦੇ 40 ਜਵਾਨਾਂ ਦੇ ਬਲੀਦਾਨ ਦੀ ਸੱਚਾਈ ਨੂੰ ਦੇਸ਼ ਜਾਨਣਾ ਚਾਹੁੰਦਾ ਹੈ | ਖਾਪ ਨੇ ਕਿਹਾ ਮਲਿਕ ਨੇ ਰਾਜਪਾਲ ਦੇ ਅਹੁਦੇ ‘ਤੇ ਰਹਿੰਦੇ ਹੋਏ ਕਿਸਾਨਾਂ ਦੇ ਸਮਰਥਨ ‘ਚ ਆਵਾਜ਼ ਬੁਲੰਦ ਕੀਤੀ ਸੀ |
ਉਸ ਤੋਂ ਬਾਅਦ ਉਹ ਲਗਾਤਾਰ ਕਿਸਾਨਾਂ ਦੇ ਹੱਕ ‘ਚ ਬੋਲਦੇ ਰਹੇ | ਇਹ ਗੱਲਾਂ ਕੇਂਦਰ ਸਰਕਾਰ ਅਤੇ ਭਾਜਪਾ ਨੂੰ ਰਾਸ ਨਹੀਂ ਆ ਰਹੀਆਂ | ਕੇਂਦਰ ਸਰਕਾਰ, ਆਪਣੇ ਵਿਰੋਧੀ ਨੇਤਾਵਾਂ ਦੇ ਪਿੱਛੇ ਈ ਡੀ ਅਤੇ ਸੀ ਬੀ ਨੂੰ ਲਾ ਦਿੰਦੀ ਹੈ | ਹੁਣ ਉਹੀ ਕੰਮ ਮਲਿਕ ਦੇ ਨਾਲ ਹੋ ਰਿਹਾ ਹੈ | ਕਿਸਾਨ ਵਰਗ, ਮਲਿਕ ਦੇ ਨਾਲ ਮੋਢੇ ਨਾਲ ਮੋਢਾ ਜੋੜ ਖੜਾ ਹੈ |
ਸਰਕਾਰ ਨੇ ਮਲਿਕ ਨੂੰ ਲੈ ਕੇ ਕੋਈ ਵੀ ਗਲਤ ਕਦਮ ਚੁੱਕਿਆ ਤਾਂ ਦੇਸ਼ ਭਰ ‘ਚ ਕਿਸਾਨ, ਕੇਂਦਰ ਖਿਲਾਫ ਅੰਦੋਲਨ ਕਰਨ ਤੋਂ ਪਿੱਛੇ ਨਹੀਂ ਹਟਣਗੇ |