ਅਹਿਮਦਾਬਾਦ : ਨਰੋਦਾ ਗਾਮ ਦੰਗਾ ਕੇਸ ’ਚ ਸਾਰੇ ਮੁਲਜ਼ਮਾਂ ਨੂੰ ਬਰੀ ਕਰਨ ਦੇ ਫੈਸਲੇ ਨੂੰ ਸੁਪਰੀਮ ਕੋਰਟ ਦੀ ਵਿਸ਼ੇਸ਼ ਜਾਂਚ ਟੀਮ (ਸਿਟ) ਵੱਲੋਂ ਗੁਜਰਾਤ ਹਾਈ ਕੋਰਟ ’ਚ ਚੁਣੌਤੀ ਦਿੱਤੀ ਜਾਵੇਗੀ।
ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਅਹਿਮਦਾਬਾਦ ਦੀ ਵਿਸ਼ੇਸ਼ ਜਾਂਚ ਟੀਮ ਨਾਲ ਸੰਬੰਧਤ ਕੇਸਾਂ ਦੀ ਸੁਣਵਾਈ ਕਰਨ ਵਾਲੀ ਅਦਾਲਤ ਦੇ ਵਿਸ਼ੇਸ਼ ਜੱਜ ਐੱਸ ਕੇ ਬਕਸ਼ੀ ਨੇ 20 ਅਪਰੈਲ ਨੂੰ ਨਰੋਦਾ ਗਾਮ ਕੇਸ ਦੇ ਸਾਰੇ 67 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਸੀ। ਇਨ੍ਹਾਂ ’ਚ ਗੁਜਰਾਤ ਦੀ ਸਾਬਕਾ ਮੰਤਰੀ ਮਾਇਆ ਕੋਡਨਾਨੀ ਤੇ ਬਜਰੰਗ ਦਲ ਦੇ ਸਾਬਕਾ ਆਗੂ ਬਾਬੂ ਬਜਰੰਗੀ ਵੀ ਸ਼ਾਮਲ ਹਨ। ਸਾਲ 2002 ’ਚ ਗੋਧਰਾ ਕਾਂਡ ਮਗਰੋਂ ਭੜਕੀ ਹਿੰਸਾ ਦੌਰਾਨ ਅਹਿਮਦਾਬਾਦ ਦੇ ਨਰੋਦਾ ਗਾਮ ਇਲਾਕੇ ’ਚ ਘੱਟਗਿਣਤੀ ਭਾਈਚਾਰੇ ਦੇ 11 ਮੈਂਬਰਾਂ ਦੀ ਸਮੂਹਕ ਹੱਤਿਆ ਕਰ ਦਿੱਤੀ ਗਈ ਸੀ। ਸਿਟ ਦੇ ਇੱਕ ਸੂਤਰ ਨੇ ਦੱਸਿਆ-ਸਿੱਟ ਵੱਲੋਂ ਨਰੋਦਾ ਗਾਮ ਕੇਸ ’ਚ ਹੇਠਲੀ ਅਦਾਲਤ ਦੇ ਆਦੇਸ਼ ਖਿਲਾਫ ਹਾਈ ਕੋਰਟ ਵਿੱਚ ਅਪੀਲ ਦਾਇਰ ਕੀਤੀ ਜਾਵੇਗੀ।
ਵਿਸ਼ੇਸ਼ ਅਦਾਲਤ ਦੇ ਫੈਸਲੇ ਦੀ ਕਾਪੀ ਦੀ ਉਡੀਕ ਹੈ। ਇਸ ਫੈਸਲੇ ਦਾ ਅਧਿਐਨ ਕਰਨ ਮਗਰੋਂ ਅੰਤਿਮ ਫੈਸਲਾ ਲਿਆ ਜਾਵੇਗਾ। ਨਰੋਦਾ ਗਾਮ ਕਤਲੇਆਮ ਮਾਮਲਾ ਸਾਲ 2002 ’ਚ ਫਿਰਕੂ ਦੰਗਿਆਂ ਦੇ ਨੌਂ ਵੱਡੇ ਕੇਸਾਂ ਵਿੱਚੋਂ ਇੱਕ ਸੀ।
ਇਨ੍ਹਾਂ ਕੇਸਾਂ ਦੀ ਜਾਂਚ ਸੁਪਰੀਮ ਕੋਰਟ ਵੱਲੋਂ ਨਿਯੁਕਤ ਵਿਸ਼ੇਸ਼ ਜਾਂਚ ਟੀਮਾਂ ਨੇ ਕੀਤੀ ਹੈ ਅਤੇ ਵਿਸ਼ੇਸ਼ ਅਦਾਲਤਾਂ ਵੱਲੋਂ ਸੁਣਵਾਈ ਕੀਤੀ ਜਾ ਰਹੀ ਹੈ। ਸਿਟ ਨੇ ਸਾਲ 2008 ’ਚ ਗੁਜਰਾਤ ਪੁਲਸ ਕੋਲੋਂ ਇਹ ਕੇਸ ਆਪਣੇ ਹੱਥ ਲੈਣ ਮਗਰੋਂ 30 ਤੋਂ ਵੱਧ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਸੀ।