ਫੌਜੀਆਂ ਦੀ ਸ਼ਹਾਦਤ ਲਈ ਭਾਜਪਾ ਸਰਕਾਰ ਜ਼ਿੰਮੇਵਾਰ : ਸੀ ਪੀ ਆਈ

0
263

ਚੰਡੀਗੜ੍ਹ : ਪੁਣਛ ਵਿਖੇ ਸ਼ਹੀਦ ਹੋਏ ਫੌਜੀ ਜਵਾਨਾਂ ਨੂੰ ਭਾਵਭਿੰਨੀ ਸ਼ਰਧਾਂਜ਼ਲੀ ਭੇਟ ਕਰਦਿਆਂ ਸੀ ਪੀ ਆਈ ਨੇ ਇਸ ਲਈ ਸੋਮਵਾਰ ਕੇਂਦਰ ਦੀ ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਪੀੜਤ ਪਰਵਾਰਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ।
ਪਾਰਟੀ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਸਾਰੇ ਪੰਜੇ ਨੌਜਵਾਨ ਹੀ 30-35 ਸਾਲਾਂ ਦੀ ਉਮਰ ਤੋਂ ਵੀ ਛੋਟੇ ਸਨ ਤੇ ਆਪਣੇ ਪਿੱਛੇ ਛੋਟੇ-ਛੋਟੇ ਮਾਸੂਮ ਬੱਚੇ ਅਤੇ ਨੌਜਵਾਨ ਵਿਧਵਾ ਪਤਨੀਆਂ ਛੱਡ ਗਏ ਹਨ। ਵਿਲ੍ਹਕਦੇ ਬੱਚੇ ਅਤੇ ਪਰਵਾਰਾਂ ਨੂੰ ਵੇਖਦਿਆਂ ਹਰ ਇਕ ਵਿਅਕਤੀ ਦੀਆਂ ਅੱਖਾਂ ਵਿਚੋਂ ਹੰਝੂ ਆ ਜਾਂਦੇ ਹਨ।
ਸਾਥੀ ਬਰਾੜ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਜੰਮੂ-ਕਸ਼ਮੀਰ ਵਿਚ ਚੱਪੇ-ਚੱਪੇ ’ਤੇ ਕੇਂਦਰੀ ਬਲਾਂ ਤੋਂ ਇਲਾਵਾ ਖੁਫੀਆ ਏਜੰਸੀਆਂ ਅਤੇ ਪ੍ਰਾਂਤਿਕ ਪੁਲਸ ਮੌਜੂਦ ਹੋਣ ਦੇ ਬਾਵਜੂਦ ਅਜਿਹੀਆਂ ਘਟਨਾਵਾਂ ਕਿਉਂ ਵਾਪਰ ਰਹੀਆਂ ਹਨ? ਇਹ ਸਪੱਸ਼ਟ ਤੌਰ ’ਤੇ ਏਜੰਸੀਆਂ ਦੀ ਅਸਫਲਤਾ ਹੈ। ਉਹਨਾ ਆਖਿਆ ਕਿ ਜਦੋਂ ਜੰਮੂ-ਕਸ਼ਮੀਰ ਵਿਚੋਂ ਗੈਰ-ਜਮਹੂਰੀ ਅਤੇ ਗੈਰ-ਸੰਵਿਧਾਨਕ ਤਰੀਕੇ ਨਾਲ ਧਾਰਾ-370 ਅਤੇ 35-ਏ ਇਕੋ ਝਟਕੇ ਨਾਲ ਖਤਮ ਕਰ ਦਿੱਤੀ ਸੀ ਤਾਂ ਮੋਦੀ ਸਰਕਾਰ ਨੇ ਬੜੇ ਦਮਗਜ਼ੇ ਮਾਰੇ ਸਨ ਕਿ ਹੁਣ ਅੱਤਵਾਦ ਖਤਮ ਕਰ ਦਿੱਤਾ ਗਿਆ ਹੈ, ਬਣਾਈਆਂ ਗਈਆਂ 2 ਯੂ ਟੀ ਆਈਜ਼ ਵਿਚ ਜ਼ੋਰਦਾਰ ਵਿਕਾਸ ਕੀਤਾ ਜਾਵੇਗਾ ਅਤੇ ਪੂਰਨ ਅਮਨ ਕਾਇਮ ਹੋ ਜਾਵੇਗਾ। ਉਹਨਾ ਦੋਸ਼ ਲਾਇਆ ਕਿ ਫੌਜੀ ਰਾਜ ਕਾਇਮ ਕਰਨ ਅਤੇ ਜਮਹੂਰੀ ਅਧਿਕਾਰ ਖਤਮ ਕਰਨ ਦੇ ਬਾਵਜੂਦ ਹਿੰਸਾਤਮਕ ਘਟਨਾਵਾਂ ਵਧ ਰਹੀਆਂ ਹਨ, ਜਿਹੜੀਆਂ ਸਪੱਸ਼ਟ ਤੌਰ ’ਤੇ ਮੋਦੀ ਸਰਕਾਰ ਦੀਆਂ ਫਿਰਕੂ ਅਤੇ ਫਾਸ਼ੀ ਨੀਤੀਆਂ ਦਾ ਨਤੀਜਾ ਹਨ। ਉਹਨਾ ਆਖਿਆ ਕਿ ਪਿਛਲੇ ਸਾਲਾਂ ਦੌਰਾਨ ਵੀ ਅਜਿਹੀਆਂ ਅਨੇਕਾਂ ਘਟਨਾਵਾਂ ਵਾਪਰੀਆਂ, ਜਿਨ੍ਹਾਂ ਵਿਚ ਪੁਲਵਾਮਾ ਕਾਂਡ ਵੀ ਸ਼ਾਮਲ ਹੈ, ਜਿਸ ਵਿਚ ਇਸੇ ਪ੍ਰਕਾਰ 40 ਫੌਜੀ ਅੱਤਵਾਦੀਆਂ ਵੱਲੋਂ ਸ਼ਹੀਦ ਕੀਤੇ ਗਏ ਸਨ, ਜਦੋਂ ਕੇਂਦਰ ਸਰਕਾਰ ਨੇ ਫੌਜੀਆਂ ਨੂੰ ਹੈਲੀਕਾਪਟਰਾਂ ਰਾਹੀਂ ਲਿਜਾਣ ਤੋਂ ਇਨਕਾਰ ਕਰ ਦਿੱਤਾ ਸੀ। ਉਹਨਾ ਆਖਿਆ ਕਿ ਭਾਰਤੀ ਕਮਿਊਨਿਸਟ ਪਾਰਟੀ ਅਤੇ ਦੂਜੀਆਂ ਖੱਬੀਆਂ ਪਾਰਟੀਆਂ ਇਸ ਸੋਚ ਦੀਆਂ ਹਨ ਕਿ 2024 ਵਿਚ ਇਹ ਫਿਰਕੂ ਅਤੇ ਫਾਸ਼ੀ ਮੋਦੀ ਸਰਕਾਰ ਅਵੱਸ਼ ਤੌਰ ਹਰਾਈ ਜਾਣੀ ਚਾਹੀਦੀ ਹੈ, ਤਾਂ ਕਿ ਜੰਮੂ-ਕਸ਼ਮੀਰ ਵਰਗੇ ਪ੍ਰਾਂਤ ਦਾ ਸੰਬੰਧਤ ਧਿਰਾਂ ਰਾਹੀਂ ਪੁਰਅਮਨ ਢੰਗ ਨਾਲ ਸਥਾਈ ਹੱਲ ਲੱਭਿਆ ਜਾਵੇ ਅਤੇ ਅਨੇਕਾਂ ਪਰਵਾਰ ਬਰਬਾਦੀ ਤੋਂ ਬਚਾਏ ਜਾਣ ਅਤੇ ਛੋਟੇ-ਛੋਟੇ ਬੱਚੇ ਪਿਤਾਵਾਂ ਦੀਆਂ ਛਾਂਵਾਂ ਮਾਣ ਸਕਣ।

LEAVE A REPLY

Please enter your comment!
Please enter your name here