ਸੇਵਾਦਾਰ ਵੱਲੋਂ ਬਾਬੇ ਦੇ ਰਿਵਾਲਵਰ ਨਾਲ ਖੁਦਕੁਸ਼ੀ

0
282

ਪਾਤੜਾਂ (ਭੁਪਿੰਦਰਜੀਤ ਮੌਲਵੀਵਾਲਾ)-ਨਾਨਕਸਰ ਸੰਪਰਦਾਇ ਅਧੀਨ ਸ਼ਹਿਰ ਦੀ ਜਾਖਲ ਰੋਡ ਉੱਤੇ ਪਿੰਡ ਸੇਲਵਾਲਾ ਨਜ਼ਦੀਕ ਬਣੇ ਗੁਰਦੁਆਰਾ ਨਾਨਕਸਰ ਠਾਠ ਸੇਲਵਾਲਾ ਪਾਤੜਾਂ ਦੇ ਮੁਖੀ ਬਾਬਾ ਬਲਜੀਤ ਸਿੰਘ ਦੇ ਸੇਵਾਦਾਰ ਵੱਲੋਂ ਉਸ ਦੇ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਇਸ ਦਾ ਪਤਾ ਮੰਗਲਵਾਰ ਦੇਰ ਸ਼ਾਮ ਉਦੋਂ ਲੱਗਾ, ਜਦੋਂ ਬਾਬੇ ਦੇ ਸੇਵਾਦਾਰ ਵੱਲੋਂ ਦਰਵਾਜ਼ਾ ਨਾ ਖੋਲੇ੍ਹ ਜਾਣ ’ਤੇ ਦੂਜੇ ਸਾਥੀਆਂ ਵੱਲੋਂ ਖਿੜਕੀ ਤੋੜ ਕੇ ਦੇਖਿਆ ਗਿਆ। ਸੂਚਨਾ ਮਿਲਦੇ ਹੀ ਡੀ ਐੱਸ ਪੀ ਪਾਤੜਾਂ ਗੁਰਦੀਪ ਸਿੰਘ ਦਿਓਲ ਅਤੇ ਥਾਣਾ ਮੁਖੀ ਹਰਮਨਪ੍ਰੀਤ ਸਿੰਘ ਚੀਮਾ ਮੌਕੇ ’ਤੇ ਪਹੁੰਚੇ। ਥਾਣਾ ਮੁਖੀ ਨੇ ਦੱਸਿਆ ਕਿ ਮਿ੍ਰਤਕ ਨੌਜਵਾਨ ਗੁਰਬਾਜ ਬਾਬਾ ਬਲਜੀਤ ਸਿੰਘ ਦਾ ਨਜ਼ਦੀਕੀ ਸੀ ਅਤੇ ਉਨ੍ਹਾ ਦੀ ਗੈਰ-ਹਾਜ਼ਰੀ ਵਿੱਚ ਉਹ ਹੀ ਗੁਰਦੁਆਰਾ ਸਾਹਿਬ ਦੀ ਸੇਵਾ-ਸੰਭਾਲ ਦੀ ਡਿਊਟੀ ਨਿਭਾਉਂਦਾ ਸੀ। ਹੁਣ ਵੀ ਬਾਬਾ ਬਲਜੀਤ ਸਿੰਘ ਹਜ਼ੂਰ ਸਾਹਿਬ ਗਏ ਹੋਏ ਸਨ, ਜਿਸ ਦੇ ਚਲਦਿਆਂ ਗੁਰਬਾਜ ਸਿੰਘ ਦੇਖ-ਰੇਖ ਕਰ ਰਿਹਾ ਸੀ। ਮੰਗਲਵਾਰ ਦੇਰ ਸ਼ਾਮ ਅੱਠ ਵਜੇ ਦੇ ਕਰੀਬ ਸੂਚਨਾ ਮਿਲੀ ਕਿ ਗੁਰਬਾਜ ਸਿੰਘ (19) ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ।
ਸੀ ਸੀ ਟੀ ਵੀ ਦੀ ਫੁਟੇਜ਼ ਤੋਂ ਸਾਹਮਣੇ ਆਇਆ ਕਿ ਸੇਵਾਦਾਰ ਨੇ ਦੁਪਿਹਰ 12 ਵਜੇ ਦੇ ਕਰੀਬ ਬਾਬਾ ਬਲਜੀਤ ਸਿੰਘ ਦੇ ਕਮਰੇ ਵਿੱਚੋਂ ਉਨ੍ਹਾ ਦਾ 32 ਬੋਰ ਲਾਇਸੈਂਸੀ ਰਿਵਾਲਵਰ ਲੈ ਕੇ ਦੂਜੇ ਕਮਰੇ ਵਿਚ ਜਾ ਕੇ ਆਪਣੀ ਪੁੜਪੜੀ ਵਿਚ ਗੋਲੀ ਮਾਰ ਲਈ। ਮੁਢਲੀ ਕਾਰਵਾਈ ਤਹਿਤ ਧਾਰਾ 174 ਦੀ ਕਾਰਵਾਈ ਕਰਕੇ ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ। ਮੌਤ ਦੇ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਗੁਰਬਾਜ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਜਲਾਲਪੁਰ ਥਾਣਾ ਅਤੇ ਜ਼ਿਲ੍ਹਾ ਬਿਜਨੌਰ (ਉਤਰਾਖੰਡ) ਦਾ ਸੀ।

LEAVE A REPLY

Please enter your comment!
Please enter your name here