ਮੋਗਾ (ਅਮਰਜੀਤ ਬੱਬਰੀ)-ਜੰਮੂ ਦੇ ਪੁਣਛ ’ਚ ਹੋਏ ਅੱਤਵਾਦੀ ਹਮਲੇ ’ਚ ਲਾਂਸ ਨਾਇਕ ਕੁਲਵੰਤ ਸਿੰਘ ਸ਼ਹਾਦਤ ਦਾ ਜਾਮ ਪੀ ਗਏ ਸਨ। ਬੁੱਧਵਾਰ ਜ਼ਿਲ੍ਹਾ ਮੋਗਾ ਦੇ ਪਿੰਡ ਚੜਿੱਕ ਵਿਖੇ ਸ਼ਹੀਦ ਕੁਲਵੰਤ ਸਿੰਘ ਦੇ ਘਰ ਜਾ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿੱਥੇ ਪਰਵਾਰ ਨਾਲ ਦੁੱਖ ਸਾਂਝਾ ਕੀਤਾ, ਉੱਥੇ ਪਰਵਾਰ ਨੂੰ ਇਕ ਕਰੋੜ ਦਾ ਚੈੱਕ ਭੇਟ ਕੀਤਾ। ਇਸ ਮੌਕੇ ਉਹਨਾ ਨਾਲ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਤੇ ਮੋਗਾ ਤੋਂ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵੀ ਸਨ।
ਮਾਨ ਨੇ ਐਲਾਨ ਕੀਤਾ ਕਿ ਇੱਥੋਂ ਦੇ ਸਰਕਾਰੀ ਸਕੂਲ ਨੂੰ ਅਪਗ੍ਰੇਡ ਕਰਕੇ ਇਸ ਦਾ ਨਾਂਅ ਸ਼ਹੀਦ ਲਾਂਸ ਨਾਇਕ ਕੁਲਵੰਤ ਸਿੰਘ ਦੇ ਨਾਂਅ ਉਤੇ ਰੱਖਿਆ ਜਾਵੇਗਾ। ਮੁੱਖ ਮੰਤਰੀ ਨੇ ਪਿੰਡ ਵਿਖੇ ਖੇਡ ਮੈਦਾਨ ਦਾ ਨਿਰਮਾਣ ਕਰਨ ਦਾ ਵੀ ਐਲਾਨ ਕੀਤਾ। ਉਨ੍ਹਾ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਲਾਂਸ ਨਾਇਕ ਕੁਲਵੰਤ ਸਿੰਘ ਇਸ ਪਰਵਾਰ ਤੋਂ ਦੂਜੀ ਪੀੜ੍ਹੀ ਦਾ ਸ਼ਹੀਦ ਹੈ, ਜਦਕਿ ਇਸ ਤੋਂ ਪਹਿਲਾਂ ਉਨ੍ਹਾ ਦੇ ਪਿਤਾ ਹਵਾਲਦਾਰ ਬਲਦੇਵ ਸਿੰਘ ਨੇ ਵੀ ਦੇਸ਼ ਦੀ ਰਾਖੀ ਕਰਦੇ ਹੋਏ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਉਹਨਾ ਕਿਹਾ ਕਿ ਦੋਵਾਂ ਸ਼ਹੀਦਾਂ ਦੇ ਬੁੱਤ ਅਪਗ੍ਰੇਡ ਕੀਤੇ ਸਕੂਲ ਦੇ ਕੈਂਪਸ ਵਿਚ ਸਥਾਪਤ ਕੀਤੇ ਜਾਣਗੇ।
ਉਨ੍ਹਾ ਕਿਹਾ ਕਿ ਆਸ਼ਰਿਤ ਨੂੰ ਨੌਕਰੀ ਦੇਣ ਦੀ ਨੀਤੀ ਦੇ ਆਧਾਰ ਉਤੇ ਫੌਜ ਨਾਲ ਵਿਚਾਰ-ਵਟਾਂਦਰੇ ਮਗਰੋਂ ਸ਼ਹੀਦ ਦੇ ਪਰਵਾਰਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇਗੀ। ਉਹਨਾ ਉਮੀਦ ਜ਼ਾਹਰ ਕੀਤੀ ਕਿ ਸੂਬੇ ਦਾ ਇਹ ਉਪਰਾਲਾ ਜਿੱਥੇ ਪਰਵਾਰ ਲਈ ਮਦਦਗਾਰ ਹੋਵੇਗਾ, ਉਥੇ ਉਨ੍ਹਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਵਿੱਚ ਸਹਾਈ ਹੋਵੇਗਾ।
ਡੇਰਾ ਬਾਬਾ ਨਾਨਕ, ਧਾਰੀਵਾਲ (ਤਲਵੰਡੀ ਭਰਥ), (ਰਮੇਸ਼ ਸ਼ਰਮਾ, ਮਨਦੀਪ ਸਿੰਘ ਵਿੱਕੀ)-ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਸਿਪਾਹੀ ਹਰਕਿ੍ਰਸ਼ਨ ਸਿੰਘ ਦੇ ਪਰਵਾਰ ਨੂੰ ਮਾਲੀ ਸਹਾਇਤਾ ਵਜੋਂ ਇਕ ਕਰੋੜ ਰੁਪਏ ਦਾ ਚੈੱਕ ਸੌਂਪਿਆ। ਪਰਵਾਰ ਨਾਲ ਦੁੱਖ ਸਾਂਝਾ ਕਰਦਿਆਂ ਉਨ੍ਹਾ ਕਿਹਾ ਕਿ ਸਮੁੱਚਾ ਦੇਸ਼ ਸਿਪਾਹੀ ਹਰਕਿ੍ਰਸ਼ਨ ਸਿੰਘ ਦਾ ਕਰਜ਼ਦਾਰ ਹੈ, ਜਿਸ ਨੇ ਦੇਸ਼ ਤੇ ਲੋਕਾਂ ਦੀ ਸੁਰੱਖਿਆ ਕਰਦਿਆਂ ਆਪਣਾ ਜੀਵਨ ਕੁਰਬਾਨ ਕਰ ਦਿੱਤਾ।
ਮਾਨ ਨੇ ਐਲਾਨ ਕੀਤਾ ਕਿ ਪਿੰਡ ਦੇ ਸਰਕਾਰੀ ਸਕੂਲ ਦਾ ਨਾਂਅ ਸ਼ਹੀਦ ਦੇ ਨਾਂਅ ਉਤੇ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਪਿੰਡ ਦੀ ਧਰਮਸ਼ਾਲਾ ਨੂੰ ਨਵਾਂ ਰੂਪ ਦੇਣ ਅਤੇ ਸਟੇਡੀਅਮ ਦੇ ਨਿਰਮਾਣ ਉਤੇ 73.50 ਲੱਖ ਰੁਪਏ ਖ਼ਰਚੇ ਜਾਣਗੇ। ਉਨ੍ਹਾ ਕਿਹਾ ਕਿ ਇਸ ਕੰਮ ਲਈ ਤਖ਼ਮੀਨੇ ਤਿਆਰ ਹਨ ਅਤੇ ਛੇਤੀ ਹੀ ਕੰਮ ਸ਼ੁਰੂ ਹੋ ਜਾਵੇਗਾ। ਇਸ ਮੌਕੇ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਿਧਾਇਕ ਬਟਾਲਾ ਵੀ ਮੌਜੂਦ ਸਨ।
ਤਲਵੰਡੀ ਸਾਬੋ/ ਬਠਿੰਡਾ, (ਜਗਦੀਪ ਗਿੱਲ/ ਪਰਵਿੰਦਰਜੀਤ ਸਿੰਘ)-ਮੁੱਖ ਮੰਤਰੀ ਮਾਨ ਨੇ ਸਿਪਾਹੀ ਸੇਵਕ ਸਿੰਘ ਦੇ ਪਰਵਾਰ ਨੂੰ ਵਿੱਤੀ ਮਦਦ ਤਹਿਤ ਇਕ ਕਰੋੜ ਰੁਪਏ ਦਾ ਚੈੱਕ ਸੌਂਪਿਆ। ਇਸ ਤੋਂ ਪਹਿਲਾਂ ਉਨ੍ਹਾ ਸ਼ਹੀਦ ਸੇਵਕ ਸਿੰਘ ਦੀ ਤਸਵੀਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸਲਿਊਟ ਵੀ ਕੀਤਾ। ਸ਼ਹੀਦ ਦੇ ਜੱਦੀ ਪਿੰਡ ਬਾਘਾ ਵਿਖੇ ਉਸ ਦੇ ਘਰ ਪੁੱਜੇ ਮੁੱਖ ਮੰਤਰੀ ਨੇ ਪਰਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਸਮੁੱਚਾ ਦੇਸ਼ ਸ਼ਹੀਦ ਸਿਪਾਹੀ ਸੇਵਕ ਸਿੰਘ ਦਾ ਕਰਜ਼ਦਾਰ ਹੈ, ਜਿਨ੍ਹਾਂ ਦੇਸ਼ ਤੇ ਲੋਕਾਂ ਦੀ ਰਾਖੀ ਲਈ ਆਪਣੇ ਜੀਵਨ ਦਾ ਬਲੀਦਾਨ ਦਿੱਤਾ। ਮਾਨ ਨੇ ਐਲਾਨ ਕੀਤਾ ਕਿ ਪਿੰਡ ਦੇ ਸਰਕਾਰੀ ਸਕੂਲ ਦਾ ਨਾਂਅ ਸ਼ਹੀਦ ਸਿਪਾਹੀ ਸੇਵਕ ਸਿੰਘ ਦੇ ਨਾਂਅ ਉਤੇ ਕੀਤਾ ਜਾਵੇਗਾ ਅਤੇ ਪਿੰਡ ਵਿੱਚ ਮੌਜੂਦ ਸਟੇਡੀਅਮ ਨੂੰ ਨਵਾਂ ਮੁਹਾਂਦਰਾ ਦਿੱਤਾ ਜਾਵੇਗਾ। ਇਸ ਵਿੱਚ ਸ਼ਹੀਦ ਦਾ ਬੁੱਤ ਸਥਾਪਤ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾ ਪਿੰਡ ਵਾਸੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਇਸ ਦੌਰਾਨ ਵਿਧਾਇਕ ਤਲਵੰਡੀ ਸਾਬੋ ਪ੍ਰੋ: ਬਲਜਿੰਦਰ ਕੌਰ ਵੀ ਮੌਜੂਦ ਸਨ।





