ਬਠਿੰਡਾ (ਪਰਮਿੰਦਰਜੀਤ ਸਿੰਘ)-ਮਲੋਟ ਰੋਡ ‘ਤੇ ਸਕੂਟਰੀ ‘ਤੇ ਹਾਦਸੇ ਦੌਰਾਨ ਮਾਰੇ ਗਏ ਆਮ ਵਿਅਕਤੀ ਦੇ ਮਾਮਲੇ ਵਿਚ ਬਠਿੰਡਾ ਪੁਲਸ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਹੈ | ਜਾਂਚ ਦੌਰਾਨ ਸਾਹਮਣੇ ਆਇਆ ਕਿ ਸਕੇ ਫੁੱਫੜ ਵੱਲੋਂ ਹੀ ਆਪਸੀ ਤਕਰਾਰ ਦੇ ਚਲਦੇ ਉਸ ਨੂੰ ਮੌਤ ਦੇ ਘਾਟ ਉਤਾਰ ਕੇ ਉਸ ਨੂੰ ਐਕਸੀਡੈਂਟ ਬਣਾਉਣ ਦੀ ਕੋਸ਼ਿਸ਼ ਕੀਤੀ ਗਈ | ਪੁਲਸ ਨੇ ਮੁਲਜ਼ਮਾਂ ਨੂੰ ਕਾਬੂ ਕਰਕੇ ਵਾਰਦਾਤ ਸਮੇਂ ਵਰਤਿਆ ਟਰਾਲਾ ਅਤੇ ਲੋਹੇ ਦੀ ਰਾਡ ਵੀ ਬਰਾਮਦ ਕਰ ਲਈ ਹੈ | ਮਲੋਟ ਰੋਡ ‘ਤੇ 9 ਮਾਰਚ ਨੂੰ ਇਕ ਵਿਅਕਤੀ ਦੀ ਲਾਸ਼ ਸਕੂਟਰੀ ਦੇ ਨਾਲ ਬਰਾਮਦ ਹੋਈ ਸੀ | ਪੁਲਸ ਨੇ ਥਾਣਾ ਥਰਮਲ ਵਿਖੇ ਨਾਮਾਲੂਮ ਵਹੀਕਲ ਅਤੇ ਡਰਾਈਵਰ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ | ਪੋਸਟਮਾਰਟਮ ਦੌਰਾਨ ਸਾਹਮਣੇ ਆਇਆ ਕਿ ਵਿਅਕਤੀ ਦੀ ਮੌਤ ਹਾਦਸੇ ਨਾਲ ਨਹੀਂ, ਸਗੋਂ ਸਿਰ ਵਿਚ ਰਾਡ ਮਾਰਨ ਨਾਲ ਹੋਈ ਹੈ | ਜਾਂਚ ‘ਚ ਸਾਹਮਣੇ ਆਇਆ ਕਿ ਮਿ੍ਤਕ ਲਖਵੀਰ ਸਿੰਘ ਦਾ ਮੁਲਜ਼ਮ ਅਤੇ ਉਸ ਦੇ ਫੁੱਫੜ ਜਸਵਿੰਦਰ ਸਿੰਘ ਨਾਲ ਤਕਰਾਰ ਚੱਲ ਰਿਹਾ ਸੀ | ਲਖਵੀਰ ਸਿੰਘ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਨਾਲ ਉਸ ਦੇ ਫੁੱਫੜ ਜਸਵਿੰਦਰ ਸਿੰਘ ਦੇ ਸਬੰਧ ਹਨ, ਜਿਸ ਕਰਕੇ ਦੋਹਾਂ ਵਿਚ ਕਈ ਵਾਰ ਤਕਰਾਰ ਵੀ ਹੋਈ ਸੀ | ਇਸ ਦੇ ਚਲਦਿਆਂ ਜਸਵਿੰਦਰ ਸਿੰਘ ਨੇ ਆਪਣੇ ਇਕ ਰਿਸ਼ਤੇਦਾਰ ਜਤਿੰਦਰ ਸਿੰਘ, ਜਿਸ ਪਾਸ ਟਰਾਲੇ ਘੋੜੇ ਹਨ, ਨਾਲ ਮਿਲ ਕੇ ਲਖਵੀਰ ਸਿੰਘ ਨੂੰ ਮਾਰਨ ਦੀ ਸਾਜ਼ਿਸ਼ ਰਚੀ |




