ਸ੍ਰੀ ਫ਼ਤਹਿਗੜ੍ਹ ਸਾਹਿਬ (ਪ੍ਰਮੋਦ ਭਾਰਦਵਾਜ)-4 ਦਿਨ ਪਹਿਲਾਂ ਸਰਹਿੰਦ ਤੋਂ ਲਾਪਤਾ ਹੋਏ 11ਵੀਂ ਜਮਾਤ ਦੇ ਵਿਦਿਆਰਥੀ ਅਰਮਾਨਦੀਪ ਸਿੰਘ (15) ਦੀ ਲਾਸ਼ ਘਨੌਰ ਥਾਣੇ ਦੀ ਹੱਦ ‘ਚ ਪੈਂਦੇ ਪਿੰਡ ਸਰਾਲਾ ਕਲਾਂ ਨੇੜਿਓਾ ਲੰਘਦੀ ਨਹਿਰ ‘ਚੋਂ ਮਿਲਣ ਦਾ ਸਮਾਚਾਰ ਹੈ | ਸਿਵਲ ਹਸਪਤਾਲ ਵਿਖੇ ਮਿ੍ਤਕ ਦੀ ਲਾਸ਼ ਦਾ ਪੋਸਟਮਾਰਟਮ ਕਰਾਉਣ ਪਹੁੰਚੇ ਥਾਣਾ ਸਰਹਿੰਦ ਦੇ ਸਹਾਇਕ ਥਾਣੇਦਾਰ ਬਲਵੀਰ ਸਿੰਘ ਨੇ ਦੱਸਿਆ ਕਿ ਅਰਮਾਨਦੀਪ ਸਿੰਘ 24 ਅਪ੍ਰੈਲ ਦੀ ਸ਼ਾਮ ਨੂੰ ਘਰੋਂ ਜਿੰਮ ‘ਚ ਕਸਰਤ ਕਰਨ ਲਈ ਗਿਆ ਸੀ, ਦੇ ਜਦੋਂ ਉਹ ਰਾਤ ਨੂੰ ਘਰ ਵਾਪਸ ਨਾ ਮੁੜਿਆ ਤਾਂ ਉਸਦੀ ਭਾਲ ਸ਼ੁਰੂ ਕੀਤੀ ਗਈ, ਜਿਸ ਦੌਰਾਨ ਉਸਦਾ ਮੋਟਰਸਾਈਕਲ ਪਿੰਡ ਤਰਖਾਣਮਾਜਰਾ ਨੇੜਿਓਾ ਲੰਘਦੀ ਭਾਖੜਾ ਨਹਿਰ ਦੀ ਪਟੜੀ ‘ਤੇ ਖੜਾ ਮਿਲਿਆ, ਜਿਸ ਤੋਂ ਬਾਅਦ ਗੋਤਾਖੋਰਾਂ ਦੀ ਮੱਦਦ ਨਾਲ ਕੀਤੀ ਜਾ ਰਹੀ ਭਾਲ ਦੌਰਾਨ ਅਰਮਾਨਦੀਪ ਸਿੰਘ ਦੀ ਲਾਸ਼ ਸਰਾਲਾ ਕਲਾਂ ਨੇੜਿਓਾ ਨਹਿਰ ‘ਚੋਂ ਮਿਲੀ | ਉਨ੍ਹਾਂ ਦੱਸਿਆ ਕਿ ਮਿ੍ਤਕ ਦੇ ਪਿਤਾ ਨੇ ਬਿਆਨ ਦਿੱਤੇ ਹਨ ਕਿ ਅਰਮਾਨਦੀਪ ਸਿੰਘ ਦੀ ਮੌਤ ਸਬੰਧੀ ਉਨ੍ਹਾਂ ਨੂੰ ਕਿਸੇ ‘ਤੇ ਕੋਈ ਸ਼ੱਕ ਨਹੀਂ, ਜਿਸ ‘ਤੇ ਪੋਸਟਮਾਰਟਮ ਕਰਾਉਣ ਉਪਰੰਤ ਲਾਸ਼ ਨੂੰ ਵਾਰਿਸਾਂ ਹਵਾਲੇ ਕਰ ਦਿੱਤਾ ਜਾਵੇਗਾ |




