ਮਹਾਂਗੱਠਜੋੜ ਦੇ ਵਧਦੇ ਕਦਮ

0
210

ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਵਿਰੁੱਧ ਮਹਾਂਗੱਠਜੋੜ ਬਣਾਉਣ ਦੀ ਕਵਾਇਦ ਨੂੰ ਲਗਾਤਾਰ ਤਾਕਤ ਮਿਲ ਰਹੀ ਹੈ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਦਿੱਲੀ ਵਿੱਚ ਕਾਂਗਰਸ ਪਾਰਟੀ ਦੇ ਆਗੂਆਂ ਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਨੇ ਇਸ ਦਾ ਮੁੱਢ ਬੰਨ੍ਹ ਦਿੱਤਾ ਸੀ।
ਬੀਤੇ ਸੋਮਵਾਰ ਨੂੰ ਨਿਤੀਸ਼ ਕੁਮਾਰ ਨੇ ਬੰਗਾਲ ਦੀ ਮੁੱਖ ਮੰਤਰੀ ਤੇ ਟੀ ਐਮ ਸੀ ਮੁਖੀ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ। ਉਪਰੰਤ ਉਹ ਯੂ ਪੀ ਦੇ ਸਾਬਕਾ ਮੁੱਖ ਮੰਤਰੀ ਤੇ ਸਪਾ ਮੁਖੀ ਅਖਿਲੇਸ਼ ਯਾਦਵ ਨੂੰ ਮਿਲੇ। ਮੁਲਾਕਾਤ ਤੋਂ ਬਾਅਦ ਮਮਤਾ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਵਿਜ਼ਨ ਤੇ ਮਿਸ਼ਨ ਸਾਫ਼ ਹੈ ਤਾਂ ਅਸੀਂ ਮਿਲ ਕੇ ਲੜਾਂਗੇ। ਸਾਡਾ ਕੋਈ ਵਿਅਕਤੀਗਤ ਹੰਕਾਰ ਨਹੀਂ ਹੈ। ਅਸੀਂ ਰਲ ਕੇ ਕੰਮ ਕਰਨਾ ਚਾਹੁੰਦੇ ਹਾਂ। ਅਖਿਲੇਸ਼ ਯਾਦਵ ਨੇ ਵੀ ਭਾਜਪਾ ਨੂੰ ਰੋਕਣ ਲਈ ਵਿਰੋਧੀਆਂ ਦੀ ਇੱਕਜੁਟਤਾ ਦੀ ਹਾਮੀ ਭਰੀ ਹੈ।
ਇਸੇ ਦੌਰਾਨ ਤੇਲੰਗਾਨਾ ਦੇ ਮੁੱਖ ਮੰਤਰੀ ਤੇ ਬੀ ਆਰ ਐਸ ਦੇ ਮੁਖੀ ਚੰਦਰ ਸ਼ੇਖਰ ਰਾਓ ਨੇ ਬਿਆਨ ਦਿੱਤਾ ਹੈ ਕਿ ਉਹ ਕਾਂਗਰਸ ਦੇ ਨਾਲ ਗੱਠਜੋੜ ਵਿੱਚ ਸ਼ਾਮਲ ਹੋ ਸਕਦੇ ਹਨ। ਉਕਤ ਤਿੰਨੇ ਆਗੂਆਂ ਦਾ ਭਾਜਪਾ ਵਿਰੁੱਧ ਮਹਾਂਗੱਠਜੋੜ ਬਣਾਉਣ ਬਾਰੇ ਅਖਤਿਆਰ ਕੀਤਾ ਨਵਾਂ ਪੈਂਤੜਾ ਅਤੀ ਮਹੱਤਵਪੂਰਨ ਹੈ। ਇਸ ਤੋਂ ਪਹਿਲਾਂ ਇਹ ਤਿੰਨੇ ਆਗੂ ਹੀ ਭਾਜਪਾ ਤੇ ਕਾਂਗਰਸ ਤੋਂ ਬਰਾਬਰ ਦੂਰੀ ਦੇ ਨਾਂਅ ’ਤੇ ਤੀਜਾ ਮੋਰਚਾ ਬਣਾਉਣ ਲਈ ਜਤਨਸ਼ੀਲ ਸਨ। ਮਮਤਾ ਨੇ ਤਾਂ ਇਹ ਸਪੱਸ਼ਟ ਐਲਾਨ ਕਰ ਦਿੱਤਾ ਸੀ ਉਹ 2024 ਦੀਆਂ ਲੋਕ ਸਭਾ ਚੋਣਾਂ ਆਪਣੇ ਦਮ ਉੱਤੇ ਲੜੇਗੀ। ਅਸਲ ਵਿੱਚ ਮਮਤਾ ਤੇ ਚੰਦਰ ਸ਼ੇਖਰ ਰਾਓ ਦੀ ਮੁਸ਼ਕਲ ਇਹ ਹੈ ਕਿ ਬੰਗਾਲ ਵਿੱਚ ਟੀ ਐਮ ਸੀ ਦਾ ਮੁਕਾਬਲਾ ਭਾਜਪਾ ਦੇ ਨਾਲ ਕਾਂਗਰਸ-ਕਮਿਊਨਿਸਟ ਗੱਠਜੋੜ ਨਾਲ ਵੀ ਹੈ ਤੇ ਤੇਲੰਗਾਨਾ ਵਿੱਚ ਬੀ ਆਰ ਐਸ ਦਾ ਵੀ ਸਿੱਧੇ ਤੌਰ ’ਤੇ ਕਾਂਗਰਸ ਨਾਲ ਮੁਕਾਬਲਾ ਹੈ। ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰੀ ਰੱਦ ਹੋਣ ਤੋਂ ਬਾਅਦ ਪ੍ਰਸਥਿਤੀਆਂ ਬਦਲ ਚੁੱਕੀਆਂ ਹਨ। ਉਕਤ ਸਾਰੀਆਂ ਪਾਰਟੀਆਂ ਦੇ ਆਗੂ ਇੱਕ-ਇੱਕ ਕਰਕੇ ਕੇਂਦਰੀ ਏਜੰਸੀਆਂ ਦੇ ਨਿਸ਼ਾਨੇ ’ਤੇ ਹਨ। ਈ ਡੀ ਤੇ ਸੀ ਬੀ ਆਈ ਦੇ ਡੰਡੇ ਨਾਲ ਖੇਤਰੀ ਪਾਰਟੀਆਂ ਦੇ ਵਿਧਾਇਕਾਂ ਨੂੰ ਖਰੀਦਣ ਤੇ ਤੋੜਨ ਦੀ ਭਾਜਪਾ ਕਦੋਂ ਮੁਹਿੰਮ ਛੇੜ ਦੇਵੇ, ਇਸ ਦਾ ਡਰ ਹਰ ਪਾਰਟੀ ਨੂੰ ਸਤਾ ਰਿਹਾ ਹੈ। ਹੁਣ ਤੱਕ ਮੁੱਖ ਮੰਤਰੀ ਚੰਦਰ ਸ਼ੇਖਰ ਰਾਓ ਭਾਜਪਾ ਪ੍ਰਤੀ ਉਲਾਰ ਪਹੁੰਚ ਰੱਖਦੇ ਸਨ। ਬੀ ਆਰ ਐਸ ਦੇ ਸਾਂਸਦਾਂ ਨੇ ਹਮੇਸ਼ਾ ਸਰਕਾਰੀ ਬਿੱਲਾਂ ਦੀ ਹਮੈਤ ਕੀਤੀ ਤੇ ਕੇਂਦਰ ਸਰਕਾਰ ਵੀ ਉਸ ਨੂੰ ਮੂੰਹ ਮੰਗੀ ਸਹਾਇਤਾ ਦਿੰਦੀ ਰਹੀ ਹੈ।
ਜਦੋਂ ਤੋਂ ਚੰਦਰ ਸ਼ੇਖਰ ਰਾਓ ਦੀ ਬੇਟੀ ਕਵਿਤਾ ਨੂੰ ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਫਸਾਇਆ ਗਿਆ ਹੈ, ਉਸ ਨੂੰ ਭਾਜਪਾ ਦੀ ਹਕੀਕਤ ਸਮਝ ਆਉਣ ਲੱਗ ਪਈ ਹੈ। ਬੀ ਆਰ ਐਸ ਵੱਲੋਂ ਮੀਡੀਆ ਨੂੰ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, ‘‘ਜਿਸ ਤਰ੍ਹਾਂ ਕੇਂਦਰੀ ਹਾਕਮਾਂ ਵੱਲੋਂ ਕੇਂਦਰੀ ਏਜੰਸੀਆਂ ਰਾਹੀਂ ਵਿਰੋਧੀ ਧਿਰ ਦੇ ਆਗੂਆਂ ਨੂੰ ਦਬਾਇਆ ਜਾ ਰਿਹਾ ਹੈ, ਇਹ ਭਾਰਤ ਨੂੰ ਪਾਕਿਸਤਾਨ ਬਣਾ ਦੇਣਗੇ। ਜਦੋਂ ਪਾਕਿਸਤਾਨ ਵਿੱਚ ਇਮਰਾਨ ਦਾ ਰਾਜ ਸੀ ਤਾਂ ਵਿਰੋਧੀ ਆਗੂ ਦੇਸ਼ ਛੱਡ ਕੇ ਭੱਜ ਰਹੇ ਸਨ ਤੇ ਅੱਜ ਇਮਰਾਨ ਖਾਨ ਜਾਨ ਬਚਾਉਣ ਲਈ ਲੁਕੇ ਫਿਰਦੇ ਹਨ। ਇਸ ਗੰਭੀਰ ਸਥਿਤੀ ਵਿੱਚ ਸਾਰਿਆਂ ਨੂੰ ਇੱਕਮੁੱਠ ਹੋਣਾ ਪਵੇਗਾ। ਸਾਨੂੰ ਆਪਸੀ ਮਤਭੇਦ ਭੁਲਾ ਕੇ ਦੇਸ਼ ਨੂੰ ਬਚਾਉਣ ਲਈ ਭਾਜਪਾ ਨੂੰ ਹਰਾਉਣਾ ਮੁੱਖ ਨਿਸ਼ਾਨਾ ਬਣਾਉਣਾ ਪਵੇਗਾ। ਕਾਂਗਰਸ ਬਾਰੇ ਸਾਡਾ ਏਨਾ ਹੀ ਕਹਿਣਾ ਹੈ ਕਿ ਉਹ ਆਪਣੀ ਕੌਮੀ ਤਾਕਤ ਦਾ ਅਹਿਸਾਸ ਕਰੇ। ਜਿੱਥੇ ਖੇਤਰੀ ਪਾਰਟੀਆਂ ਮਜ਼ਬੂਤ ਹਨ, ਉੱਥੇ ਉਹ ਉਨ੍ਹਾਂ ਨਾਲ ਗੱਲ ਕਰੇ ਤੇ ਜਿਥੇ ਕਾਂਗਰਸ ਮਜ਼ਬੂਤ ਹੈ, ਉਥੇ ਉਸ ਨੂੰ ਉਸ ਦਾ ਬਣਦਾ ਹਿੱਸਾ ਮਿਲੇ।’’
ਬੀ ਆਰ ਐਸ ਦੇ ਬਦਲੇ ਪੈਂਤੜੇ ਤੋਂ ਬਾਅਦ ਹੁਣ ਸਿਰਫ਼ ਓਡੀਸ਼ਾ ਦੇ ਮੁੱਖ ਮੰਤਰੀ ਬਿਜੂ ਪਟਨਾਇਕ ਹੀ ਹਨ, ਜਿਹੜੇ ਵਿਰੋਧੀ ਦਲਾਂ ਦੀ ਏਕਤਾ ਤੋਂ ਦੂਰ ਹਨ। ਦੇਰ-ਸਵੇਰੇ ਉਨ੍ਹਾ ਨੂੰ ਵੀ ਅੜੀ ਛੱਡਣੀ ਪਵੇਗੀ, ਨਹੀਂ ਤਾਂ ਭਾਜਪਾ ਉਨ੍ਹਾ ਨੂੰ ਖਾ ਜਾਵੇਗੀ। ਤਜਰਬਾ ਦੱਸਦਾ ਹੈ ਕਿ ਭਾਜਪਾ ਨੇ ਜਿਸ ਵੀ ਪਾਰਟੀ ਨਾਲ ਗੱਠਜੋੜ ਕੀਤਾ ਆਖਰ ਵਿੱਚ ਉਸ ਨੂੰ ਤੋੜ ਕੇ ਖ਼ਤਮ ਕਰ ਦਿੱਤਾ। ਯੂ ਪੀ ਵਿੱਚ ਅਪਨਾ ਦਲ, ਬਿਹਾਰ ਵਿੱਚ ਪਾਸਵਾਨ ਦੀ ਪਾਰਟੀ, ਮਹਾਰਾਸ਼ਟਰ ਵਿੱਚ ਸ਼ਿਵ ਸੈਨਾ, ਆਂਧਰਾ ਪ੍ਰਦੇਸ਼ ਵਿੱਚ ਤੇਲਗੂ ਦੇਸ਼ਮ ਤੇ ਤਾਮਿਲਨਾਡੂ ਵਿੱਚ ਅੰਨਾ ਡੀ ਐਮ ਕੇ ਇਸ ਦੀਆਂ ਮਿਸਾਲਾਂ ਹਨ। ਮਾਇਆਵਤੀ ਨੂੰ ਵੀ ਇਹ ਸੋਚਣਾ ਪੈਣਾ ਕਿ ਉਸ ਨੇ ਬਸਪਾ ਦਾ ਭੋਗ ਪਾਉਣਾ ਹੈ ਜਾਂ ਸਿਆਸੀ ਪਿੜ ਵਿੱਚ ਜ਼ਿੰਦਾ ਰਹਿਣਾ ਹੈ।
-ਚੰਦ ਫਤਿਹਪੁਰੀ

LEAVE A REPLY

Please enter your comment!
Please enter your name here