ਅੱਠਵੀਂ ‘ਚ ਪਹਿਲੇ ਦੋ ਸਥਾਨ ਬੁਢਲਾਡਾ ਸਕੂਲ ਦੀਆਂ ਕੁੜੀਆਂ ਦੇ ਨਾਂਅ

0
356

ਐੱਸ ਏ ਐੱਸ ਨਗਰ (ਗੁਰਜੀਤ ਬਿੱਲਾ)-ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਠਵੀਂ ਸ਼੍ਰੇਣੀ ਦਾ ਨਤੀਜਾ ਸ਼ੁੱਕਰਵਾਰ ਐਲਾਨ ਦਿੱਤਾ | ਇਸ ਸਾਲ ਕੁੱਲ 298127 ਪ੍ਰੀਖਿਆਰਥੀ ਹਾਜ਼ਰ ਹੋਏ, ਜਿਨ੍ਹਾਂ ਵਿੱਚੋਂ 292206 ਪ੍ਰੀਖਿਆਰਥੀ ਪਾਸ ਹੋਏ ਹਨ ਅਤੇ ਨਤੀਜੇ ਦੀ ਪਾਸ ਪ੍ਰਤੀਸ਼ਤਤਾ 98.01 ਰਹੀ ਹੈ |
ਮੋਹਰੀਆਂ ਵਿੱਚੋਂ ਪਹਿਲਾ ਸਥਾਨ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਬੁਢਲਾਡਾ ਜ਼ਿਲ੍ਹਾ ਮਾਨਸਾ ਦੀ ਵਿਦਿਆਰਥਣ ਲਵਪ੍ਰੀਤ ਕੌਰ ਪੁੱਤਰੀ ਕੁਲਵਿੰਦਰ ਸਿੰਘ ਨੇ ਸ਼ਤ ਪ੍ਰਤੀਸ਼ਤ ਅੰਕ ਲੈ ਕੇ ਪ੍ਰਾਪਤ ਕੀਤਾ |
ਇਸੇ ਸਕੂਲ ਦੀ ਵਿਦਿਆਰਥਣ ਗੁਰਅੰਕਿਤ ਕੌਰ ਪੁੱਤਰੀ ਸੁਖਵਿੰਦਰ ਸਿੰਘ ਵੀ 100 ਪ੍ਰਤੀਸ਼ਤ ਅੰਕਾਂ ਨਾਲ ਦੂਸਰੇ ਸਥਾਨ ‘ਤੇ ਰਹੀ ਅਤੇ 99.67 ਅੰਕ ਲੈ ਕੇ ਤੀਸਰਾ ਸਥਾਨ ਸਮਰਪ੍ਰੀਤ ਕੌਰ ਪੁੱਤਰੀ ਜਗਦੇਵ ਸਿੰਘ, ਜੋ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ ਜ਼ਿਲ੍ਹਾ ਲੁਧਿਆਣਾ ਦੀ ਵਿਦਿਆਰਥਣ ਹੈ, ਨੇ ਪ੍ਰਾਪਤ ਕੀਤਾ |
ਜੇ ਆਰ ਮਹਿਰੋਕ ਕੰਟਰੋਲਰ ਪ੍ਰੀਖਿਆਵਾਂ ਮੁਤਾਬਕ ਜਿਹੜੇ ਪ੍ਰੀਖਿਆਰਥੀ ਇਸ ਪ੍ਰੀਖਿਆ ਵਿੱਚੋਂ ਪਾਸ ਨਹੀਂ ਹੋ ਸਕੇ, ਉਹਨਾਂ ਲਈ ਦੋ ਮਹੀਨੇ ਤੱਕ ਸਪਲੀਮੈਂਟਰੀ ਪ੍ਰੀਖਿਆ ਕਰਵਾਈ ਜਾਵੇਗੀ | ਇਸ ਸਪਲੀਮੈਂਟਰੀ ਪ੍ਰੀਖਿਆ ਲਈ ਪ੍ਰੀਖਿਆਰਥੀ ਵੱਖਰੇ ਤੌਰ ‘ਤੇ ਫ਼ਾਰਮ ਭਰਨਗੇ | ਇਸ ਸਪਲੀਮੈਂਟਰੀ ਪ੍ਰੀਖਿਆ ਦੀਆਂ ਮਿਤੀਆਂ ਸੰਬੰਧੀ ਸਕੂਲਾਂ ਦੀ ਲਾਗ-ਇਨ ਆਈ.ਡੀ ਅਤੇ ਵੱਖ-ਵੱਖ ਅਖ਼ਬਾਰਾਂ ਰਾਹੀਂ ਸੂਚਿਤ ਕੀਤਾ ਜਾਵੇਗਾ | ਕੰਟਰੋਲਰ ਪ੍ਰੀਖਿਆਵਾਂ ਨੇ ਇਹ ਵੀ ਕਿਹਾ ਕਿ ਅੱਠਵੀਂ ਸ਼੍ਰੇਣੀ ਦੀ ਇਸ ਪ੍ਰੀਖਿਆ ਵਿੱਚ ਅਸਫ਼ਲ ਰਹਿਣ ਵਾਲੇ ਪ੍ਰੀਖਿਆਰਥੀ ਆਰਜ਼ੀ ਤੌਰ ਤੇ ਨੌਂਵੀਂ ਸ਼੍ਰੇਣੀ ਵਿੱਚ ਦਾਖਲਾ ਲੈ ਸਕਦੇ ਹਨ | ਸਪਲੀਮੈਂਟਰੀ ਪ੍ਰੀਖਿਆ ਵਿੱਚ ਜਿਹੜੇ ਪ੍ਰੀਖਿਆਰਥੀ ਪਾਸ ਹੋ ਜਾਣਗੇ, ਉਹਨਾਂ ਦਾ ਨਤੀਜਾ ‘ਪ੍ਰਮੋਟਿਡ’ ਅਤੇ ਅਸਫ਼ਲ ਪ੍ਰੀਖਿਆਰਥੀਆਂ ਦਾ ਨਤੀਜਾ ‘ਨਾਟ ਪ੍ਰਮੋਟਿਡ’ ਐਲਾਨਿਆ ਜਾਵੇਗਾ, ਭਾਵ ਉਹ ਦੁਬਾਰਾ ਅੱਠਵੀਂ ਸ਼੍ਰੇਣੀ ਵਿੱਚ ਹੀ ਦਾਖਲੇ ਦੇ ਯੋਗ ਹੋਣਗੇ | ਨਤੀਜੇ ਸੰਬੰਧੀ ਪੂਰੇ ਵੇਰਵੇ ਅਤੇ ਨਤੀਜਾ 29 ਅਪਰੈਲ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ‘ਤੇ ਉਪਲੱਬਧ ਹੋਵੇਗਾ | ਨਤੀਜੇ ਸੰਬੰਧੀ ਇਹ ਵੇਰਵੇ ਕੇਵਲ ਵਿਦਿਆਰਥੀਆਂ ਦੀ ਸੂਚਨਾ ਹਿੱਤ ਹੋਣਗੇ |

LEAVE A REPLY

Please enter your comment!
Please enter your name here