ਨਵੀਂ ਦਿੱਲੀ : ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਸੋਮਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੰਤਰ-ਮੰਤਰ ਜਾ ਕੇ ਪ੍ਰਦਰਸ਼ਨਕਾਰੀ ਮਹਿਲਾ ਪਹਿਲਵਾਨਾਂ ਦੀ ‘ਮਨ ਕੀ ਬਾਤ’ ਸੁਣਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਕਦਮ ਨਾਲ ਇਹ ਸਾਬਤ ਹੋਵੇਗਾ ਕਿ ਪ੍ਰਧਾਨ ਮੰਤਰੀ ਉਨ੍ਹਾਂ ਦੇ ਦਰਦ ਨੂੰ ਸਮਝਣ ਲਈ ਤਿਆਰ ਹਨ। ਸੀਨੀਅਰ ਵਕੀਲ ਸਿੱਬਲ ਪਹਿਲਵਾਨਾਂ ਵੱਲੋਂ ਸੁਪਰੀਮ ਕੋਰਟ ’ਚ ਪੈਰਵੀ ਕਰ ਰਹੇ ਹਨ। ਉਨ੍ਹਾ ਦੀ ਇਹ ਟਿੱਪਣੀ ਮੋਦੀ ਦੇ ‘ਮਨ ਕੀ ਬਾਤ’ ਰੇਡੀਓ ਪ੍ਰੋਗਰਾਮ ਦੀ 100ਵੀਂ ਕੜੀ ਦੇ ਪ੍ਰਸਾਰਣ ਤੋਂ ਇਕ ਦਿਨ ਬਾਅਦ ਆਈ ਹੈ। ਸਿੱਬਲ ਨੇ ਟਵੀਟ ਕੀਤਾ-ਮੋਦੀ ਜੀ : ਤੁਹਾਡੇ 100ਵੇਂ ‘ਮਨ ਕੀ ਬਾਤ’ ਪ੍ਰੋਗਰਾਮ ਲਈ ਵਧਾਈ। ਮੋਦੀ ਜੀ, ਜੇ ਤੁਹਾਡੇ ਕੋਲ ਸਮਾਂ ਹੋਵੇ ਤਾਂ ਕਿ੍ਰਪਾ ਕਰਕੇ ਜੰਤਰ-ਮੰਤਰ ਜਾਓ ਅਤੇ ਪ੍ਰਦਰਸ਼ਨਕਾਰੀ ਮਹਿਲਾ ਪਹਿਲਵਾਨਾਂ ਦੀ ‘ਮਨ ਕੀ ਬਾਤ’ ਸੁਣੋ। ਇਹ ਦਿਖਾਏਗਾ ਕਿ ਸਾਡੇ ਪ੍ਰਧਾਨ ਮੰਤਰੀ ਉਨ੍ਹਾਂ ਦੇ ਦਰਦ ਨੂੰ ਸਮਝਣ ਨੂੰ ਤਿਆਰ ਹਨ।