ਲੁਧਿਆਣਾ (ਐੱਮ ਐੱਸ ਭਾਟੀਆ)
ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ) ਲੁਧਿਆਣਾ ਵੱਲੋਂ ਸੋਮਵਾਰ ਬੱਸ ਸਟੈਂਡ ਵਿਖੇ ਮਈ ਦਿਵਸ ਮਨਾਇਆ ਗਿਆ, ਜਿਸ ਵਿੱਚ ਏਟਕ ਨਾਲ ਸੰਬੰਧਤ ਸਾਰੀਆਂ ਯੂਨੀਅਨਾਂ ਅਤੇ ਆਜ਼ਾਦ ਫੈਡਰੇਸ਼ਨਾਂ ਅਤੇ ਐਸੋਸੀਏਸ਼ਨਾਂ ਨੇ ਹਿੱਸਾ ਲਿਆ। ਰੈਲੀ ਦੇ ਸ਼ੁਰੂ ਵਿਚ 30 ਅਪ੍ਰੈਲ ਨੂੰ ਗਿਆਸਪੁਰਾ ਵਿਖੇ ਗੈਸ ਲੀਕ ਹੋਣ ਨਾਲ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਦੋ ਮਿੰਟ ਦਾ ਮੌਨ ਰੱਖਿਆ ਗਿਆ। ਰੈਲੀ ਨੂੰ ਸੰਬੋਧਨ ਕਰਦਿਆਂ ਟਰੇੇਡ ਯੂਨੀਅਨ ਆਗੂਆਂ ਨੇ ਕਿਹਾ ਕਿ ਲੋਕਾਂ ਦੇ ਮਸਲੇ ਹੱਲ ਕਰਨ ਵਿੱਚ ਅਸਫਲ, ਕੇਂਦਰ ਵਿੱਚ ਆਰ ਐੱਸ ਐੱਸ ਦੀ ਹੱਥ ਠੋਕਾ ਮੋਦੀ ਸਰਕਾਰ ਲੋਕਾਂ ਦਾ ਧਿਆਨ ਹਟਾਉਣ ਲਈ ਫਿਰਕਾਪ੍ਰਸਤੀ ਦਾ ਸਹਾਰਾ ਲੈ ਰਹੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਸੰਸਦ ਵਿਚ ਪੇਸ਼ ਕੀਤਾ ਗਿਆ ਬੱਜਟ ਲੋਕ ਵਿਰੋਧੀ ਅਤੇ ਦੇਸ਼ ਵਿਰੋਧੀ ਹੈ। ਇਹ ਕਾਰਪੋਰੇਟਾਂ ਦਾ ਪੱਖ ਪੂਰਦਾ ਹੈ। ਕਿਰਤੀ ਲੋਕਾਂ ਦੇ ਕਿਸੇ ਵੀ ਅਸਲ ਮੁੱਦੇ ਨੂੰ ਸੰਬੋਧਿਤ ਨਹੀਂ ਕੀਤਾ ਗਿਆ, ਜਿਵੇਂ ਕਿ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨਾ, ਸਭ ਨੂੰ ਸਮਾਜਿਕ ਸੁਰੱਖਿਆ, ਸਾਰਿਆਂ ਨੂੰ ਪੈਨਸ਼ਨ, ਸਕੀਮ ਵਰਕਰਾਂ ਨੂੰ ਰੈਗੂਲਰ ਕਰਨਾ, ਅਸੰਗਠਿਤ/ਗੈਰ-ਰਸਮੀ, ਸਨਅਤੀ ਅਤੇ ਖੇਤ ਮਜ਼ਦੂਰਾਂ ਲਈ ਘੱਟੋ-ਘੱਟ ਉਜਰਤਾਂ ਵਿੱਚ ਵਾਧਾ, ਕੇਂਦਰ ਅਤੇ ਰਾਜਾਂ ਵਿੱਚ ਮਨਜ਼ੂਰਸ਼ੁਦਾ ਅਸਾਮੀਆਂ ਨੂੰ ਭਰਨਾ ਆਦਿ। ਦੇਸ਼ ਦੀ 94% ਗੈਰ ਰਸਮੀ ਆਰਥਿਕਤਾ ਦੀ ਕਾਰਜ ਸ਼ਕਤੀ ਜੋ ਜੀ ਡੀ ਪੀ ਵਿੱਚ 60% ਯੋਗਦਾਨ ਪਾਉਂਦੀ ਹੈ, ਨੂੰ ਪੂਰੀ ਤਰ੍ਹਾਂ ਅਣਗੌਲਿਆ ਗਿਆ ਹੈ।
ਸਾਰੀਆਂ ਨੌਕਰੀਆਂ ਨੂੰ ਸੀਮਤ ਸਮੇਂ ਲਈ ਠੇਕੇ ’ਤੇ ਦਿੱਤਾ ਜਾ ਰਿਹਾ ਹੈ ਜਿਵੇਂ ਕਿ ਫੌਜ ਵਿਚ ਅਗਨੀਵੀਰਾਂ ਦੀ 4 ਸਾਲ ਲਈ ਭਰਤੀ ਕੀਤੀ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ 1886 ਵਿਚ 8 ਘੰਟੇ ਦੀ ਦਿਹਾੜੀ ਪ੍ਰਾਪਤ ਕਰਨ ਲਈ ਸ਼ਿਕਾਗੋ ਵਿਖੇ ਸ਼ਹੀਦਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਸਨ, ਪਰ ਸਾਡੇ ਦੇਸ਼ ਵਿਚ 150 ਸਾਲਾਂ ਦੇ ਸੰਘਰਸ਼ ਨਾਲ ਪ੍ਰਾਪਤ ਕੀਤੇ 44 ਕਿਰਤ ਕਾਨੂੰਨਾਂ ਨੂੰ ਖਤਮ ਕਰਕੇ 4 ਕੋਡ ਬਣਾਉਣ ਨਾਲ ਇਕ ਪਾਸੇ ਮਜ਼ਦੂਰਾਂ ਤੋਂ ਯੂਨੀਅਨ ਬਣਾਉਣ ਦਾ ਹੱਕ ਖੋਹਿਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਦਿਹਾੜੀ 12 ਘੰਟੇ ਦੀ ਕੀਤੀ ਜਾ ਰਹੀ ਹੈ ਅਤੇ ਦਿਹਾੜੀ ਦੀ ਕੀਮਤ 178 ਰੁਪਏ ਕਰ ਦਿੱਤੀ ਗਈ ਹੈ।
ਇਹ ਸਰਕਾਰ ਵਿਦੇਸ਼ੀ ਅਤੇ ਭਾਰਤੀ ਕਾਰਪੋਰੇਟ ਪੱਖੀ ਹੈ ਅਤੇ ਇਹ ਉਸ ਸਵੈ-ਨਿਰਭਰ ਆਰਥਿਕ ਮਾਡਲ ਨੂੰ ਉਲਟਾ ਰਹੀ ਹੈ, ਜਿਸ ਨੂੰ ਦੇਸ਼ ਨੇ ਆਜ਼ਾਦੀ ਤੋਂ ਬਾਅਦ ਅਪਣਾਇਆ ਸੀ। ਮੌਜੂਦਾ ਸਰਕਾਰ ਦੀਆਂ ਇਹਨਾਂ ਨੀਤੀਆਂ ਦੇ ਨਤੀਜੇ ਵਜੋਂ ਲੋਕਾਂ ਦੇ ਜੀਵਨ ਪੱਧਰ ਵਿੱਚ ਪਾੜੇ ਵਧੇ ਹਨ, ਉਹਨਾਂ ਦਾ ਜਿਊਣਾ ਹੋਰ ਵੀ ਦੁੱਭਰ ਹੋ ਗਿਆ ਹੈ। ਆਰਥਿਕਤਾ ਹੋਰ ਵਿਗੜ ਰਹੀ ਹੈ। ਜ਼ਰੂਰੀ ਵਸਤਾਂ, ਅਨਾਜ, ਦਾਲਾਂ, ਕਣਕ ਦਾ ਆਟਾ, ਚੌਲ, ਤੇਲ, ਰਸੋਈ ਗੈਸ (ਜੋ 2014 ਵਿੱਚ 400/- ਦਾ ਮਿਲਦਾ ਸੀ, ਹੁਣ 1150 ਰੁਪਏ ਪ੍ਰਤੀ ਸਿਲੰਡਰ), ਪੈਟਰੋਲ ਅਤੇ ਡੀਜ਼ਲ ਆਦਿ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਲੋਕਾਂ ਦਾ ਸਿੱਖਿਆ ਅਤੇ ਸਿਹਤ ਸੇਵਾਵਾਂ ’ਤੇ ਖਰਚ ਵਿੱਚ ਵਾਧਾ ਹੋ ਰਿਹਾ ਹੈ, ਜਦੋਂ ਕਿ ਆਮਦਨ/ਉਜਰਤ ਵਿੱਚ ਵਾਧਾ ਨਹੀਂ ਹੋ ਰਿਹਾ, ਹਰ ਗੁਜ਼ਰਦੇ ਦਿਨ ਦੇ ਨਾਲ ਗਰੀਬ ਕਿਰਤੀ ਜਨਤਾ ਨੂੰ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੁੰਦਾ ਜਾ ਰਿਹਾ ਹੈ। ਆਕਸਫੈਮ ਇੰਡੀਆ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਉਪਰਲੀ ਸਿਰਫ 5 ਫੀਸਦੀ ਵਸੋਂ 60 ਫੀਸਦੀ ਤੋਂ ਵੱਧ ਦੌਲਤ ਦੀ ਮਾਲਕ ਹੈ, ਜਦੋਂ ਕਿ ਹੇਠਲੇ 50 ਫੀਸਦੀ ਲੋਕਾਂ ਕੋਲ ਸਿਰਫ 3 ਫੀਸਦੀ ਦੌਲਤ ਹੈ।
ਭਾਰਤ ਦਾ ਭੁੱਖਮਰੀ ਸੂਚਕ ਅੰਕ ਹੋਰ ਵੀ ਖਰਾਬ ਹੋ ਗਿਆ ਹੈ ਅਤੇ ਦੇਸ਼ 122 ਦੇਸ਼ਾਂ ਵਿੱਚੋਂ 107ਵੇਂ ਸਥਾਨ ’ਤੇ ਹੈ। ਮਹਾਂਮਾਰੀ ਤੋਂ ਪਹਿਲਾਂ 2019 ਵਿੱਚ ਕੇਂਦਰ ਸਰਕਾਰ ਨੇ ਕਾਰਪੋਰੇਟ ਟੈਕਸ ਸਲੈਬਾਂ ਨੂੰ 30 ਪ੍ਰਤੀਸ਼ਤ ਤੋਂ ਘਟਾ ਕੇ 22 ਪ੍ਰਤੀਸ਼ਤ ਕਰ ਦਿੱਤਾ ਸੀ, ਜਿਸ ਵਿੱਚ ਨਵੀਆਂ ਸ਼ਾਮਲ ਕੰਪਨੀਆਂ 15 ਪ੍ਰਤੀਸ਼ਤ ਦਾ ਭੁਗਤਾਨ ਕਰਦੀਆਂ ਸਨ। ਇਸ ਨਵੀਂ ਟੈਕਸ ਨੀਤੀ ਦੇ ਨਤੀਜੇ ਵਜੋਂ ਕੁੱਲ 1.84 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ।
ਰੈਲੀ ਨੂੰ ਏਟਕ ਪੰਜਾਬ ਦੇ ਪ੍ਰਧਾਨ ਕਾਮਰੇਡ ਬੰਤ ਬਰਾੜ, ਜੁਆਇੰਟ ਕੌਂਸਲ ਆਫ ਟਰੇਡ ਯੂਨੀਅਨ ਦੇ ਜਨਰਲ ਸਕੱਤਰ ਡੀ ਪੀ ਮੌੜ ਨੇ ਸੰਬੋਧਨ ਕੀਤਾ। ਏਟਕ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਰਮੇਸ਼ ਰਤਨ ਅਤੇ ਜਨਰਲ ਸਕੱਤਰ ਵਿਜੇ ਕੁਮਾਰ ਨੇ ਮੰਗ ਕੀਤੀ ਕਿ ਗਿਆਸਪੁਰਾ ਵਿਖੇ ਗੈਸ ਲੀਕ ਕਾਂਡ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਅਤੇ ਮਾਰੇ ਗਏ ਲੋਕਾਂ ਨੂੰ 20-20 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ। ਇਕ ਮਤਾ ਪਾਸ ਕਰਕੇ ਦਿੱਲੀ ਜੰਤਰ-ਮੰਤਰ ’ਤੇ ਧਰਨੇ ’ਤੇ ਬੈਠੇ ਪਹਿਲਵਾਨਾਂ ਦੀ ਮੰਗ ਦਾ ਸਮਰਥਨ ਕੀਤਾ ਅਤੇ ਫੈਡਰੇਸ਼ਨ ਦੇ ਪ੍ਰਧਾਨ ਨੂੰ ਗਿ੍ਰਫਤਾਰ ਕਰਨ ਦੀ ਮੰਗ ਕੀਤੀ। ਇਕ ਹੋਰ ਮਤੇ ਰਾਹੀਂ ਸੂਬੇ ਦੀਆਂ ਸਾਰੀਆਂ ਖਾਲੀ ਅਸਾਮੀਆਂ ਨੂੰ ਠੇਕੇ ’ਤੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਪੱਕੇ ਕਰਕੇ ਭਰਨ ਦੀ ਮੰਗ ਕੀਤੀ।
ਹੋਰਨਾਂ ਤੋਂ ਇਲਾਵਾ ਜਿਨ੍ਹਾਂ ਆਗੂਆਂ ਨੇ ਇਸ ਰੈਲੀ ਨੂੰ ਸੰਬੋਧਨ ਕੀਤਾ, ਉਨ੍ਹਾਂ ਵਿੱਚ ਚਰਨ ਸਰਾਭਾ, ਗੁਰਮੇਲ ਮੈਲਡੇ, ਐੱਮ ਐੱਸ ਭਾਟੀਆ, ਚਮਕੌਰ ਸਿੰਘ, ਹਰਬੰਸ ਸਿੰਘ, ਕੇਵਲ ਬਣਵੈਤ, ਸੁਰਿੰਦਰ ਸਿੰਘ ਬੈਂਸ, ਐੱਸ ਪੀ ਸਿੰਘ, ਦਲਜੀਤ ਸਿੰਘ, ਕਾਮੇਸ਼ਵਰ ਯਾਦਵ, ਅਰਜਨ ਪ੍ਰਸ਼ਾਦ, ਸਰੋਜ ਕੁਮਾਰ ਅਤੇ ਵਿਨੋਦ ਕੁਮਾਰ ਸ਼ਾਮਲ ਸਨ।
ਪਟਿਆਲਾ : ਪੀ ਆਰ ਟੀ ਸੀ ਵਰਕਰਜ਼ ਯੂਨੀਅਨ ਏਟਕ ਦੇ ਸੂਬਾਈ ਦਫਤਰ ਉਪਰ ਸੈਂਕੜੇ ਵਰਕਰਾਂ ਵੱਲੋਂ ਨਿਰਮਲ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਇਕੱਠੇ ਹੋ ਕੇ ਜਥੇਬੰਦੀ ਦਾ ਝੰਡਾ ਲਹਿਰਾਇਆ ਗਿਆ। ਝੰਡਾ ਲਹਿਰਾਉਣ ਦੀ ਰਸਮ ਜਥੇਬੰਦੀ ਦੇ ਪੁਰਾਣੇ ਬਜ਼ੁਰਗ ਆਗੂ ਰਾਮ ਸਰੂਪ ਅਗਰਵਾਲ ਦੇ ਹੱਥੋਂ ਅਦਾ ਕਰਵਾਈ ਗਈ। ਇਸ ਉਪਰੰਤ ਪੀ ਆਰ ਟੀ ਸੀ ਪਟਿਆਲਾ ਦੇ ਗੇਟ ’ਤੇ ਇਕੱਠੇ ਹੋ ਕੇ ਸੈਂਕੜੇ ਵਰਕਰਾਂ ਦੇ ਇਕੱਠ ਨੇ ਬੜੇ ਉਤਸ਼ਾਹ ਅਤੇ ਜੋਸ਼ ਨਾਲ ਸ਼ਿਕਾਗੋ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਦੀ ਯਾਦ ਨੂੰ ਤਾਜ਼ਾ ਕਰਨ ਵਾਲੇ ਨਾਅਰੇ ਬੁਲੰਦ ਕੀਤੇ।
ਗੇਟ ’ਤੇ ਲਾਲ ਝੰਡਾ ਲਹਿਰਾਉਣ ਦੀ ਰਸਮ ਨਿਰਮਲ ਸਿੰਘ ਧਾਲੀਵਾਲ ਜਨਰਲ ਸਕੱਤਰ ਪੰਜਾਬ ਏਟਕ ਅਤੇ ਜਨਰਲ ਸਕੱਤਰ ਪੀ ਆਰ ਟੀ ਸੀ ਵਰਕਰਜ਼ ਯੂਨੀਅਨ ਏਟਕ ਵੱਲੋਂ ਨਿਭਾਈ ਗਈ। ਟਰਾਂਸਪੋਰਟ ਵਰਕਰਾਂ ਦੀ ਜਥੇਬੰਦੀ ਏਟਕ ਦੇ ਆਗੂਆਂ ਗੁਰਵਿੰਦਰ ਸਿੰਘ ਗੋਲਡੀ, ਕਰਮ ਚੰਦ ਗਾਂਧੀ, ਉਤਮ ਸਿੰਘ ਬਾਗੜੀ, ਰਮੇਸ਼ ਕੁਮਾਰ, ਸੁਖਦੇਵ ਰਾਮ ਸੁੱਖੀ, ਪਰਮਜੀਤ ਸਿੰਘ ਅਤੇ ਲਛਮਣ ਦਾਸ ਨੇ ਇਕੱਠੇ ਹੋਏ ਵਰਕਰਾਂ ਨੂੰ ਲੱਡੂ ਵੰਡੇ ਅਤੇ ਹੋਰ ਪ੍ਰਬੰਧਾਂ ਦੀ ਡਿਊਟੀ ਨਿਭਾਈ ਅਤੇ ਇਕੱਠ ਨੂੰ ਸੰਬੋਧਨ ਵੀ ਕੀਤਾ।
ਇਸ ਮੌਕੇ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆ ਧਾਲੀਵਾਲ ਨੇ ਮਈ ਦਿਹਾੜੇ ਦੇ ਇਤਿਹਾਸ ’ਤੇ ਸੰਖੇਪ ਵਿੱਚ ਚਾਨਣਾ ਪਾਇਆ ਅਤੇ ਸ਼ਿਕਾਗੋ ਦੀ ਹੇਅ ਮਾਰਕੀਟ ਦੀ ਖੂਨੀ ਘਟਨਾ, ਮਜ਼ਦੂਰਾਂ ਦੇ ਅੱਠ ਆਗੂਆਂ ਵਿਰੁੱਧ ਕਤਲਾਂ ਦੇ ਮੁਕੱਦਮੇ ਦਰਜ ਕਰਨੇ, ਮਈ ਦਿਹਾੜੇ ਦੀ ਅਹਿਮੀਅਤ ਅਤੇ ਮਜ਼ਦੂਰ ਆਗੂਆਂ ਅਤੇ ਕਾਰਕੁਨਾਂ ਦੀਆਂ ਸ਼ਹਾਦਤਾਂ / ਕੁਰਬਾਨੀਆਂ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਕਿ ਸਾਡੇ ਮਜ਼ਦੂਰ ਜਮਾਤ ਦੇ ਸ਼ਹੀਦਾਂ ਨੇ ਸਾਨੂੰ ਅਨੇਕਾਂ ਲੇਬਰ ਕਾਨੂੰਨ ਲੈ ਕੇ ਦਿੱਤੇ। ਮਜ਼ਦੂਰ ਜਮਾਤ ਵਿੱਚ ਚੇਤਨਾ ਜਗਾਉਣ ਦਾ ਅਤੇ ਜਥੇਬੰਦ ਕਰਨ ਦਾ ਮਾਰਗ ਦਰਸ਼ਨ ਕੀਤਾ। ਉਹਨਾ ਕਿਹਾ ਕਿ ਅੱਜ ਦੇ ਦੌਰ ਵਿੱਚ ਇਸ ਲੋਕ ਵਿਰੋਧੀ ਮੋਦੀ ਸਰਕਾਰ ਵੱਲੋਂ ਸਾਡੇ ਲੇਬਰ ਕਾਨੂੰਨਾਂ ਨੂੰ ਤੋੜ ਕੇ ਚਾਰ ਕੋਡਜ਼ ’ਚ ਬਦਲ ਕੇ ਮਜ਼ਦੂਰਾਂ ਦੇ ਹੱਕ ਖੋਹੇ ਜਾ ਰਹੇ ਹਨ। ਪਬਲਿਕ ਸੈਕਟਰ, ਸਰਕਾਰੀ ਜ਼ਮੀਨ ਅਤੇ ਹੋਰ ਕੁਦਰਤੀ ਵਸੀਲੇ ਬਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ। ਬੇਰੁਜ਼ਗਾਰੀ, ਮਹਿੰਗਾਈ, ਵਿਦਿਅਕ ਅਤੇ ਸਿਹਤ ਸੇਵਾਵਾਂ, ਕਾਨੂੰਨ ਵਿਵਸਥਾ, ਨਫਰਤੀ ਰਾਜਨੀਤੀ ਦਾ ਪਸਾਰ, ਸੰਵਿਧਾਨਕ ਅਦਾਰਿਆਂ ਨੂੰ ਕੰਟਰੋਲ ਵਿੱਚ ਲੈਣਾ ਆਦਿ ਅਨੇਕਾਂ ਮੁੱਦੇ ਗੰਭੀਰ ਰੂਪ ਧਾਰਦੇ ਜਾ ਰਹੇ ਹਨ। ਉਹਨਾ ਕਿਹਾ ਕਿ ਇਹ ਸਾਰੇ ਚੈਲਿੰਜ ਕਬੂਲ ਕਰਕੇ ਸਾਨੂੰ ਸਖਤ ਸੰਘਰਸ਼ ਕਰਨੇ ਪੈਣਗੇ।
ਧੂਰੀ (ਸੁਖਦੇਵ ਧੂਰੀ) : ਭਾਰਤੀ ਕਮਿਊਨਿਸਟ ਪਾਰਟੀ ਤਹਿਸੀਲ ਧੂਰੀ ਵੱਲੋਂ ਕੌਂਮਾਤਰੀ ਮਜ਼ਦੂਰ ਦਿਵਸ ਮੌਕੇ ਮਈ ਦਿਵਸ ਦੇ ਸ਼ਹੀਦਾਂ ਨੂੰ ਸਮਰਪਿਤ ਸਥਾਨਕ ਬਾਰੂ ਮੱਲ ਧਰਮਸ਼ਾਲਾ ਵਿਖੇ ਕਾਮਰੇਡ ਸੁਖਦੇਵ ਸਿੰਘ ਧਾਲੀਵਾਲ ਹਾਲ ਵਿੱਚ ‘ਲੋਕਾਂ ਦੀ ਆਰਥਿਕਤਾ ਅਤੇ ਰੁਜ਼ਗਾਰ ਦੇ ਸਵਾਲ’ ਵਿਸ਼ੇ ’ਤੇ ਇੱਕ ਵਿਸ਼ੇਸ਼ ਲੈਕਚਰ ਪ੍ਰੋਗਰਾਮ ਕਰਵਾਇਆ ਗਿਆ। ਪਾਰਟੀ ਦੇ ਜ਼ਿਲ੍ਹਾ ਸਕੱਤਰ ਸੁਖਦੇਵ ਸ਼ਰਮਾ, ਤਹਿਸੀਲ ਸਕੱਤਰ ਡਾ: ਮਨਿੰਦਰ ਸਿੰਘ ਧਾਲੀਵਾਲ ਅਤੇ ਲੀਲੇ ਖਾਨ ਅਤੇ ਇੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਏ ਇਸ ਪ੍ਰੋਗਰਾਮ ’ਚ ਮੁੱਖ ਬੁਲਾਰੇ ਵਜੋਂ ਬੋਲਦਿਆਂ ਸੀ ਪੀ ਆਈ ਦੇ ਕੌਮੀ ਕੌਂਸਲ ਦੇ ਮੈਂਬਰ ਅਤੇ ਉੱਘੇ ਮਾਰਕਸੀ ਵਿਦਵਾਨ ਕਾਮਰੇਡ ਜਗਰੂਪ ਨੇ ਕਿਰਤੀਆਂ ਲਈ ਮਈ ਦਿਵਸ ਦੀ ਮਹਾਨਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਸ਼ਿਕਾਗੋ ਦੇ ਸ਼ਹੀਦਾਂ ਦੀ ਸ਼ਹਾਦਤ ਦੀ ਬਦੌਲਤ ਦੁਨੀਆਂ ਪੱਧਰ ’ਤੇ ਕਿਰਤੀਆਂ ਨੂੰ ਅੱਠ ਘੰਟੇ ਕੰਮ ਕਰਨ ਦਾ ਕਾਨੂੰਨੀ ਹੱਕ ਮਿਲਿਆ, ਪਰ ਕਾਰਪੋਰੇਟਾਂ ਤੇ ਸਰਮਾਏਦਾਰਾਂ ਨੇ ਸਰਕਾਰ ਦੀ ਕਥਿਤ ਮਿਲੀਭੁਗਤ ਨਾਲ ਦੇਸ਼ ਅੰਦਰ ਕਿਰਤੀਆਂ ਪਾਸੋਂ ਮੁੜ 12 ਘੰਟੇ ਕੰਮ ਕਰਵਾਉਣ ਦਾ ਕਾਨੂੰਨ ਪਾਸ ਕਰਵਾ ਲਿਆ। ਉਨ੍ਹਾ ਕਿਹਾ ਕਿ ਫਿਰਕੂ ਫਾਸ਼ੀ ਤਾਕਤਾਂ ਦੇ ਉਭਾਰ ਅਤੇ ਪੂੰਜੀਵਾਦੀ ਪ੍ਰਬੰਧ ਦੇ ਸੰਸਾਰ ਵਿਆਪੀ ਸੰਕਟ ਕਾਰਨ ਫਿਰਕੂ ਫਾਸ਼ੀ ਤਾਕਤਾਂ ਵਿਰੁੱਧ ਆਰਥਕ ਮੁਹਾਜ਼ ’ਤੇ ਸਾਂਝੇ ਸੰਘਰਸ਼ ਤੇਜ਼ ਕਰਨ ਦੀ ਲੋੜ ਹੈ। ਉਹਨਾ ਕਿਹਾ ਕਿ ਕਿਰਤੀਆਂ ਦੀ ਜਿਸਮਾਨੀ ਅਤੇ ਕਿਰਤ ਦੀ ਲੁੱਟ ਨੂੰ ਰੋਕਣ ਲਈ ਸਾਨੂੰ ਇਸ ਕਾਨੂੰਨ ਦੀ ਮਿਲ ਕੇ ਵਿਰੋਧਤਾ ਕਰਨ ਦੀ ਲੋੜ ਹੈ।
ਉਹਨਾ ਕਿਹਾ ਕਿ ਬਹੁਕੌਮੀ ਕੰਪਨੀਆਂ ਨੇ ਰੁਜ਼ਗਾਰ ਨੂੰ ਭਾਰੀ ਸੱਟ ਮਾਰੀ ਹੈ ਅਤੇ ਕਿਰਤੀਆਂ ਤੋਂ ਕੰਮ ਲੈਣ ਦੇ ਕਾਨੂੰਨੀ ਘੰਟਿਆਂ ਨੂੰ ਵਧਾ ਕੇ ਕਿਰਤ ਕਰਨ ਵਾਲਿਆਂ ਨੂੰ ਰੁਜ਼ਗਾਰ ’ਚੋਂ ਬਾਹਰ ਕੱਢਿਆ ਜਾ ਰਿਹਾ ਹੈ। ਲੋਕਾਂ ਦੀ ਆਰਥਕ ਦਸ਼ਾ ’ਚ ਸੁਧਾਰ ਲਿਆਉਣ ਲਈ ਅਤੇ ਲੋਕਤੰਤਰ ਨੂੰ ਸਹੀ ਅਰਥਾਂ ’ਚ ਬਹਾਲ ਰੱਖਣ ਲਈ ਬਰਾਬਰੀ ਵਾਲਾ ਸਮਾਜ ਸਿਰਜਣ ਲਈ ਸਾਨੂੰ ਆਰਥਕ ਮੁੱਦਿਆਂ ’ਤੇ ਸਾਂਝੀ ਲੜਾਈ ਲੜਨ ਦੀ ਲੋੜ ਹੈ, ਪਰ ਦੇਸ਼ ਦੇ ਸੱਤਾਧਾਰੀਆਂ ਵੱਲੋਂ ਆਪਣੀ ਸੱਤਾ ਨੂੰ ਕਾਇਮ ਰੱਖਣ ਲਈ ਦੇਸ਼ ਅੰਦਰ ਫਿਰਕੂ ਮਾਹੌਲ ਪੈਦਾ ਕਰਕੇ ਸਾਨੂੰ ਆਪਸ ਵਿੱਚ ਲੜਾਉਣ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ, ਜਿਨ੍ਹਾਂ ਤੋਂ ਸਾਨੂੰ ਲਗਾਤਾਰ ਸੁਚੇਤ ਰਹਿਣ ਦੀ ਲੋੜ ਹੈ। ਇਸ ਮੌਕੇ ਗੁਰਦਿਆਲ ਨਿਰਮਾਣ, ਸਰਬਜੀਤ ਸਿੰਘ ਰਾਜੋਮਾਜਰਾ, ਬਲਵਿੰਦਰ ਬੱਗਾ ਤੇ ਨਵਤੇਜ ਮਿੰਟੂ, ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਸ਼ਰਮਾ, ਜਨਰਲ ਸਕੱਤਰ ਡਾਕਟਰ ਅਮਰਜੀਤ ਸਿੰਘ, ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਜਗਦੀਸ਼ ਚੰਦਰ ਸ਼ਰਮਾ, ਹਰਜਿੰਦਰ ਸਿੰਘ ਢੀਂਡਸਾ, ਹੰਸ ਰਾਜ ਗਰਗ, ਘਮੰਡ ਸਿੰਘ ਸੋਹੀ, ਜਸਵੰਤ ਗਿਰ, ਗਿਰਧਾਰੀ ਲਾਲ, ਹਰਨੇਕ ਸਿੰਘ ਬਮਾਲ, ਜਗਦੇਵ ਸ਼ਰਮਾ ਬੁਗਰਾ, ਰਤਨ ਭੰਡਾਰੀ ਤੇ ਮਨੋਹਰ ਸਿੰਘ ਸੱਗੂ ਆਦਿ ਹਾਜ਼ਰ ਸਨ।
ਅੰਮਿ੍ਰਤਸਰ (ਜਸਬੀਰ ਪੱਟੀ) : ਭਾਰਤੀ ਕਮਿਊਨਿਸਟ ਪਾਰਟੀ ਅਤੇ ਮਜ਼ਦੂਰਾਂ ਦੀ ਪ੍ਰਮੁੱਖ ਜਥੇਬੰਦੀ ਏਟਕ ਦੀ ਅਗਵਾਈ ਵਿੱਚ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਮਜ਼ਦੂਰ ਦਿਵਸ ਮਨਾਇਆ ਗਿਆ। ਛੇਹਰਟਾ, ਹਰੀਪੁਰਾ, ਬਟਾਲਾ ਰੋਡ, ਭਾਈ ਮੰਝ ਰੋਡ, ਮਿਲਕ ਪਲਾਂਟ ਵੇਰਕਾ, ਬੱਸ ਅੱਡਾ ਅੰਮਿ੍ਰਤਸਰ, ਨਗਰ ਨਿਗਮ ਵਰਕਸ਼ਾਪ, ਬਿਜਲੀ ਘਰ ਆਦਿ ਵੱਖ-ਵੱਖ ਥਾਵਾਂ ਉਪਰ ਝੰਡੇ ਝੁਲਾਏ ਗਏ, ਲੱਡੂ ਵੰਡੇ ਗਏ ਅਤੇ ਮਜ਼ਦੂਰਾਂ/ ਮੁਲਾਜ਼ਮਾਂ ਆਦਿ ਦੇ ਭਰਵੇਂ ਇਕੱਠ ਕਰਕੇ ਮਜ਼ਦੂਰ ਦਿਵਸ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਗਿਆ। ਬੁਲਾਰਿਆਂ ਨੇ ਦੱਸਿਆ ਕਿ ਮਜ਼ਦੂਰ ਦਿਵਸ ਦੁਨੀਆ ਭਰ ਦੇ ਮਿਹਨਤਕਸ਼ ਲੋਕਾਂ ਦੀ ਲਹੂਵੀਟਵੀਂ ਜੱਦੋ-ਜਹਿਦ ਦਾ ਪਰਿਣਾਮ ਹੈ। ਉਹਨਾ ਦੱਸਿਆ ਕਿ ਅੱਜ ਦੇ ਦਿਨ ਦੁਨੀਆਂ ਭਰ ਦੇ ਮਜ਼ਦੂਰ ਅਤੇ ਮਜ਼ਦੂਰਾਂ ਦੀਆਂ ਪਾਰਟੀਆਂ ਆਪਣੇ-ਆਪਣੇ ਦੇਸ਼ਾਂ ਵਿੱਚ ਆਪਣੀਆਂ ਸਰਕਾਰਾਂ ਦੇ ਕੰਮਾਂ ਦੀ ਸਮੀਖਿਆ ਕਰਦੀਆਂ ਹਨ। ਉਹਨਾਂ ਕਿਹਾ ਕਿ ਭਾਰਤ ਵਿੱਚ ਕੇਂਦਰ ਦੀ ਭਾਜਪਾ ਸਰਕਾਰ ਮਜ਼ਦੂਰ ਵਿਰੋਧੀ ਨੀਤੀਆਂ ਅਮਲ ਵਿੱਚ ਲਿਆ ਰਹੀ ਹੈ। ਮਜ਼ਦੂਰਾਂ ਦੇ ਅੰਦੋਲਨਾਂ ਨਾਲ ਪ੍ਰਾਪਤ ਕੀਤੇ ਕਨੂੰਨਾਂ ਨੂੰ ਖਤਮ ਕਰਕੇ ਕੇਵਲ 4 ਲੇਬਰ ਕੋਡਾਂ ਵਿੱਚ ਸਮੇਟਿਆ ਜਾ ਰਿਹਾ ਹੈ। ਕਾਰਪੋਰੇਟ ਘਰਾਣਿਆਂ ਨੂੰ ਦੇਸ਼ ਦੀ ਦੌਲਤ ਲੁਟਾਈ ਜਾ ਰਹੀ ਹੈ ਅਤੇ ਆਮ ਲੋਕਾਂ ਦੀ ਜ਼ਿੰਦਗੀ ਦਿਨ-ਬ-ਦਿਨ ਬਦਤਰ ਕੀਤੀ ਜਾ ਰਹੀ ਹੈ। ਪੰਜਾਬ ਦੀ ਮਾਨ ਸਰਕਾਰ ਬਾਰੇ ਚਰਚਾ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਇਹ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਉਪਰ ਪੂਰਾ ਨਹੀਂ ਉਤਰ ਰਹੀ। ਖਾਸ ਕਰਕੇ ਮਜ਼ਦੂਰਾਂ ਦੇ ਨਾਲ ਇਸ ਦਾ ਰਵੱਈਆ ਬਹੁਤ ਹੀ ਬੇਰੁਖੀ ਵਾਲਾ ਹੈ। ਉਹਨਾਂ ਕਿਹਾ ਕਿ ਮਜ਼ਦੂਰਾਂ ਦੇ ਮਸਲਿਆਂ ਨੂੰ ਲੈ ਕੇ ਜਲਦੀ ਹੀ ਪੰਜਾਬ ਦੀਆਂ ਜਥੇਬੰਦੀਆਂ ਵੱਲੋਂ ਮੁਹਾਲੀ ਵਿਖੇ ਲੇਬਰ ਦਫਤਰ ਦੇ ਸਾਹਮਣੇ ਬਹੁਤ ਵੱਡਾ ਇਕੱਠ ਕੀਤਾ ਜਾਵੇਗਾ ਅਤੇ ਮਜ਼ਦੂਰਾਂ ਦੀਆਂ ਮੰਗਾਂ ਮੰਨਣ ਲਈ ਸਰਕਾਰ ਨੂੰ ਮਜਬੂਰ ਕੀਤਾ ਜਾਵੇਗਾ।
ਅੰਮਿ੍ਰਤਸਰ ਸ਼ਹਿਰ ਵਿੱਚ ਕੀਤੇ ਗਏ ਵੱਖ-ਵੱਖ ਇਕੱਠਾਂ ਨੂੰ ਅਮਰਜੀਤ ਸਿੰਘ ਆਸਲ, ਵਿਜੇ ਕੁਮਾਰ, ਦਸਵਿੰਦਰ ਕੌਰ, ਗੁਰਨਾਮ ਕੌਰ, ਅਸ਼ਵਨੀ ਕੁਮਾਰ, ਬਲਦੇਵ ਸਿੰਘ ਵੇਰਕਾ, ਬ੍ਰਹਮ ਦੇਵ ਸ਼ਰਮਾ, ਸੁਰਿੰਦਰ ਕੁਮਾਰ ਟੋਨਾ, ਬਲਦੇਵ ਸਿੰਘ ਬੱਬੂ, ਕੁਲਰਾਜ ਸਿੰਘ ਕੰਗ, ਸੁਖਵੰਤ ਸਿੰਘ, ਸਤਨਾਮ ਸਿੰਘ, ਗੁਰਲਾਲ ਸਿੰਘ, ਪ੍ਰੇਮ ਸਿੰਘ, ਅਸ਼ਵਨੀ ਕੁਮਾਰ ਹਰੀਪੁਰਾ, ਰਾਕੇਸ਼ ਹਾਂਡਾ, ਸੁਰਜੀਤ ਸਿੰਘ ਤੇ ਰਾਮ ਉਜਾਗਰ ਆਦਿ ਨੇ ਸੰਬੋਧਨ ਕੀਤਾ। ਝੰਡਾ ਝੁਲਾਉਣ ਦੀਆਂ ਰਸਮਾਂ ਛੇਹਰਟਾ ਵਿਖੇ ਸੁਖਵੰਤ ਸਿੰਘ, ਹਰੀਪੁਰਾ ਵਿਖੇ ਕੌਸ਼ੱਲਿਆ ਦੇਵੀ, ਬਟਾਲਾ ਰੋਡ ਵਿਖੇ ਬਿਕਾਊ ਸਿੰਘ ਯਾਦਵ, ਵੇਰਕਾ ਮਿਲਕ ਪਲਾਂਟ ਵਿਖੇ ਅਮਰਜੀਤ ਸਿੰਘ ਆਸਲ, ਮੰਝ ਰੋਡ ਵਿਖੇ ਕੰਵਲਜੀਤ ਸਿੰਘ ਲਹਿਰੀ, ਬੱਸ ਅੱਡਾ ਵਿਖੇ ਬਲਦੇਵ ਸਿੰਘ ਬੱਬੂ, ਨਗਰ ਨਿਗਮ ਵਰਕਸ਼ਾਪ ਵਿਖੇ ਸੁਰਿੰਦਰ ਕੁਮਾਰ ਟੋਨਾ ਆਦਿ ਨੇ ਨਿਭਾਈਆਂ।
ਮਾਹਿਲਪੁਰ (ਨਿਰਮਲ ਸਿੰਘ ਮੁੱਗੋਵਾਲ) : ਸੀ ਪੀ ਆਈ ਇਲਾਕਾ ਮਾਹਿਲਪੁਰ ਵੱਲੋਂ ਮਈ ਦਿਵਸ ’ਤੇ ਪਾਰਟੀ ਦਫਤਰ ਮਾਹਿਲਪੁਰ ਵਿਖੇ ਸਾਧੂ ਸਿੰਘ ਭੱਟੀ ਦੀ ਰਹਿਨੁਮਾਈ ਹੇਠ ਝੰਡਾ ਲਹਿਰਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿਰਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਮਈ ਦਿਵਸ ਦਾ ਸੰਦੇਸ਼ ਜਨਤਾ ਨੂੰ ਖੁਸ਼ਹਾਲ ਬਣਾਉਣ ਵਾਲਾ ਹੈ। ਇਸ ਦਿਹਾੜੇ ਦਾ ਮਕਸਦ ਸਿਰਫ ਕਿਰਤੀਆਂ ਦੀ ਦਿਹਾੜੀ ਸਮਾਂ ਘੱਟ ਕਰਨ ਤੱਕ ਸੀਮਤ ਨਹੀਂ ਹੈ ਸਗੋਂ ਕੰਮ ਦਿਹਾੜੀ ਸਮਾਂ ਕਾਨੂੰਨ ਦੁਆਰਾ ਘੱਟ ਨਾਲ ਨਵਿਆਂ ਨੂੰ ਕੰਮ ਮਿਲੇਗਾ ਤੇ ਬੇਰੁਜ਼ਗਾਰੀ ਖਤਮ ਹੋਵੇਗੀ। ਰੁਜ਼ਗਾਰ ਮਿਲਣ ਨਾਲ ਹੁਣ ਘਰਾਂ ਵਿੱਚ ਜਿਹੜਾ ਗਰੀਬੀ ਦਾ ਪਸਾਰਾ ਫੈਲਿਆ ਹੋਇਆ ਹੈ, ਉਸ ਦੀ ਥਾਂ ਖੁਸ਼ਹਾਲੀ ਪਰਤੇਗੀ, ਪਰ ਸਰਮਾਏਦਾਰੀ ਨਿਜ਼ਾਮ ਨੇ ਕੰਮ ਦਿਹਾੜੀ ਸਮਾਂ ਘੱਟ ਕਰਨ ਦੀ ਥਾਂ ਲੱਗਭੱਗ 12 ਘੰਟੇ ਕਰ ਦਿੱਤੀ ਹੈ, ਜਿਸ ਨਾਲ ਕਿਰਤੀਆਂ ਦਾ ਖੂਨ ਚੂਸਿਆ ਜਾ ਰਿਹਾ ਹੈ। ਚਾਹੀਦਾ ਤਾਂ ਇਹ ਸੀ ਕਿ ਅੱਜ ਦੇ ਤੇਜ਼ੀ ਵਾਲੇ ਮਸ਼ੀਨੀ ਯੁੱਗ ਭਾਵ ਕੰਪਿਊਟਰ ਯੁੱਗ ਵਿੱਚ ਕੰਮ ਦਿਹਾੜੀ ਸਮਾਂ 6 ਘੰਟੇ ਕੀਤਾ ਜਾਵੇ। ਅੱਜ ਲੋੜ ਹੈ ਮਜ਼ਦੂਰ, ਮੁਲਾਜ਼ਮ ਤੇ ਕਿਰਤੀ ਕਿਸਾਨ ਜਥੇਬੰਦੀਆਂ ਨੂੰ ਇੱਕ ਮੰਚ ਤੋਂ 6 ਘੰਟੇ ਕੰਮ ਦਿਹਾੜੀ ਦੀ ਪ੍ਰਾਪਤੀ ਲਈ ਘੋਲ ਕੀਤਾ ਜਾਵੇ। ਮੀਟਿੰਗ ਵਿੱਚ ਮਤਾ ਪਾਸ ਕੀਤਾ ਗਿਆ ਕਿ ਬਹਿਰਾਮ ਤੋਂ ਮਾਹਿਲਪੁਰ ਸੜਕ ਫੌਰੀ ਤੌਰ ’ਤੇ ਬਣਾਈ ਜਾਵੇ। ਉਸ ਤੋਂ ਵਹੀਕਲ ਲੰਘਣੇ ਮੁਸ਼ਕਿਲ ਹੋਏ ਪਏ ਹਨ। ਜੇ ਸਰਕਾਰ ਨੇ ਇੱਧਰ ਧਿਆਨ ਨਾ ਦਿੱਤਾ ਤਾਂ ਜਲਦੀ ਹੀ ਕੋਟ ਫਤੂਹੀ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਮੀਟਿੰਗ ਨੂੰ ਰਾਜੇਸ਼ ਕੁਮਾਰ ਚਾਵਲਾ ਕੋਟ ਫਤੂਹੀ, ਹਰਬੰਸ ਸਿੰਘ ਪਥਰਾਲਾ, ਬਲਜੀਤ ਕੁਮਾਰ, ਵਿਜੇ ਕੁਮਾਰ ਤੇ ਰਤਨ ਸਿੰਘ ਮਾਹਿਲਪੁਰ, ਭੀਮ ਸੈਨ ਸਲੇਮਪੁਰ, ਡਾਕਟਰ ਰਵੀ ਕੁਮਾਰ, ਸੁਖਦੇਵ ਸਿੰਘ ਰਾਮਪੁਰ, ਸੰਤੋਖ ਸਿੰਘ ਗੜ੍ਹਸ਼ੰਕਰ, ਤਰਸੇਮ ਸਿੰਘ ਰਾਮਪੁਰ, ਭੁਪਿੰਦਰ ਸਿੰਘ ਭਾਲਟਾ ਤੇ ਨਰਿੰਦਰ ਪਾਲ ਮੰਗੋਪੱਤੀ ਨੇ ਵੀ ਵਿਚਾਰ ਚਰਚਾ ਵਿੱਚ ਹਿੱਸਾ ਲਿਆ।
ਜਲੰਧਰ (ਰਜੇਸ਼ ਥਾਪਾ) : ਜਲੰਧਰ ਏਟਕ ਬਰਾਂਚ ਨੇ ਅੱਜ ਪਾਰਟੀ ਦਫਤਰ ਕਾਮਰੇਡ ਜਸਵੰਤ ਸਿੰਘ ਸਮਰਾ ਯਾਦਗਾਰ ਹਾਲ ਵਿਖੇ ਮਜ਼ਦੂਰ ਕੌਮਾਂਤਰੀ ਦਿਵਸ ਕਾਮਰੇਡ ਰਾਜਿੰਦਰ ਸਿੰਘ ਮੰਡ ਐਡਵੋਕੇਟ, ਬੈਂਕ ਆਗੂ ਰਾਜ ਕੁਮਾਰ ਭਗਤ, ਪੈਨਸ਼ਨ ਯੂਨੀਅਨ ਦੇ ਆਗੂ ਜਗਤਾਰ ਸਿੰਘ ਭੁੰਗਰਨੀ ਅਤੇ ਜ਼ਿਲ੍ਹਾ ਸੀ ਪੀ ਆਈ ਸਕੱਤਰ ਕਾਮਰੇਡ ਰਸ਼ਪਾਲ ਕੈਲੇ ਦੀ ਪ੍ਰਧਾਨਗੀ ਹੇਠ ਮਨਾਇਆ। ਇਸ ਮੌਕੇ ਸ਼ਿਕਾਗੋ ਦੇ ਸ਼ਹੀਦਾਂ ਦੀ ਯਾਦ ਵਿੱਚ ਲਾਲ ਝੰਡਾ ਚੜ੍ਹਾ ਕੇ ਉਨ੍ਹਾ ਨੂੰ ਯਾਦ ਕੀਤਾ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਅੱਜ ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਸਮੁੱਚੇ ਦੇਸ਼ ਵਿੱਚ ਕਿਰਤੀਆਂ, ਖੇਤ ਮਜ਼ਦੂਰਾਂ, ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਕਿਸਾਨਾਂ ਦੀ ਦਿਨੋਂ-ਦਿਨ ਹੋ ਰਹੀ ਦੁਰਦਸ਼ਾ ਨੂੰ ਦੇਖਦਿਆਂ ਸਾਰਿਆਂ ਨੂੰ ਅੱਜ ਇੱਕ ਮੰਚ ’ਤੇ ਇਕੱਤਰ ਹੋਣ ਦੀ ਲੋੜ ਹੈ, ਕਿਉਂਕਿ ਬੇਰੁਜ਼ਗਾਰੀ ਦਿਨੋਂ-ਦਿਨ ਵਧ ਰਹੀ ਹੈ, ਮੁਲਾਜ਼ਮਾਂ ਦੀ ਪੈਨਸ਼ਨ ਬੰਦ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ, ਮਹਿੰਗਾਈ ਦਿਨੋਂ-ਦਿਨ ਵਧ ਰਹੀ ਹੈ। ਕੇਂਦਰ ਅਤੇ ਰਾਜ ਸਰਕਾਰਾਂ ਧੜਾ-ਧੜ ਠੇਕੇਦਾਰੀ ਸਿਸਟਮ ਲਿਆ ਰਹੀਆਂ ਹਨ। ਕਿਸਾਨਾਂ ਦੀਆਂ ਜ਼ਮੀਨਾਂ ਹਥਿਆਉਣ ਦੇ ਕਾਨੂੰਨ ਲਿਆਂਦੇ ਜਾ ਰਹੇ ਹਨ। ਇਸ ਲਈ ਸਮੂਹ ਅੱਜ ਸਾਰਿਆਂ ਨੂੰ ਇੱਕ ਮੰਚ ’ਤੇ ਹੰਭਲਾ ਮਾਰਨ ਦੀ ਲੋੜ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੈਂਕ ਆਗੂੁ ਵੀਰ ਰਹੀਮਪੁਰੀ, ਆਰ ਐੱਸ ਭੱਟੀ, ਰਾਜ ਕੁਮਾਰ ਭਗਤ, ਵਿਪਨ ਜੋਸ਼ੀ, ਪੈਨਸ਼ਨਰ ਆਗੂ ਵਿਜੇ ਕੁਮਾਰ ਸ਼ਰਮਾ ਜਨਰਲ ਸਕੱਤਰ, ਸੰਤੋਖ ਸਿੰਘ ਕੈਸ਼ੀਅਰ, ਗੁਰਮੇਲ ਸਿੰਘ, ਪਰਮਜੀਤ ਸਿੰਘ ਜਨਰਲ ਸਕੱਤਰ, ਸੰਦੀਪ ਕੁਮਾਰ ਮੀਤ ਪ੍ਰਧਾਨ, ਕਸ਼ਮੀਰ ਚੰਦ ਕੈਸ਼ੀਅਰ, ਸੁਦਾਗਰ ਸਿੰਘ, ਕੁਲਦੀਪ ਕੁਮਾਰ ਮੰਟੁੂ, ਕਾਮਰੇਡ ਸੰਤੋਸ਼ ਕੁਮਾਰੀ, ਜਗੀਰ ਮੁਆਈ ਆਦਿ ਨੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ।