ਅੰਮਿ੍ਤਸਰ (ਜਸਬੀਰ ਸਿੰਘ ਪੱਟੀ)
ਜਲਿ੍ਹਆਂਵਾਲਾ ਬਾਗ਼ ਕੌਮੀ ਯਾਦਗਾਰੀ ਟਰੱਸਟ ਵੱਲੋਂ ਜਲਿ੍ਹਆਂਵਾਲਾ ਬਾਗ਼ ਵਿਚ ਦਾਖਲਾ ਟਿਕਟ ਲਗਾਉਣ ਲਈ ਵਿੱਢੀ ਜਾ ਰਹੀ ਤਿਆਰੀ ਦੇ ਵਿਰੋਧ ਵਿਚ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੀ ਅਗਵਾਈ ਹੇਠ ਲੋਕ ਪੱਖੀ ਜਨਤਕ ਜਥੇਬੰਦੀਆਂ ਦੇ ਇਕ ਸਾਂਝੇ ਵਫਦ ਵੱਲੋਂ ਵੀਰਵਾਰ ਅੰਮਿ੍ਤਸਰ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੂੰ ਮੰਗ ਪੱਤਰ ਸੌਂਪ ਕੇ ਜ਼ੋਰਦਾਰ ਮੰਗ ਕੀਤੀ ਗਈ ਕਿ ਜਲਿ੍ਹਆਂਵਾਲਾ ਬਾਗ਼ ਵਿਚ ਦਾਖਲਾ ਟਿਕਟ ਲਗਾਉਣ ਦੀ ਸੰਭਾਵਤ ਯੋਜਨਾ ਨੂੰ ਰੱਦ ਕਰਨ ਦਾ ਜਨਤਕ ਐਲਾਨ ਕੀਤਾ ਜਾਵੇ ਅਤੇ ਟਿਕਟ ਸੰਬੰਧੀ ਇਮਾਰਤੀ ਢਾਂਚੇ ਨੂੰ ਉਥੋਂ ਤੁਰੰਤ ਹਟਾਇਆ ਜਾਵੇ |
ਇਸ ਵਫਦ ਵਿਚ ਕਮੇਟੀ ਆਗੂ ਡਾ. ਪਰਮਿੰਦਰ ਸਿੰਘ, ਕਿਸਾਨ ਆਗੂ ਰਤਨ ਸਿੰਘ ਰੰਧਾਵਾ, ਬਲਵਿੰਦਰ ਦੁਧਾਲਾ, ਯਸ਼ਪਾਲ ਝਬਾਲ਼ , ਤਰਕਸ਼ੀਲ ਆਗੂ ਸੁਮੀਤ ਸਿੰਘ, ਕਿਸਾਨ ਆਗੂ ਗੁਰਬਚਨ ਸਿੰਘ ਅਤੇ ਬਲਦੇਵ ਰਾਜ ਵੇਰਕਾ ਸ਼ਾਮਲ ਹੋਏ |
ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਾਇਕ ਸਕੱਤਰ ਡਾ. ਪਰਮਿੰਦਰ ਸਿੰਘ ਨੇ ਦੱਸਿਆ ਕਿ ਜਲਿ੍ਹਆਂਵਾਲਾ ਬਾਗ਼ ਜ਼ਾਲਮ ਅੰਗਰੇਜ਼ ਹਕੂਮਤ ਹੱਥੋਂ ਸ਼ਹੀਦ ਹੋਏ ਸਾਡੇ ਸੈਂਕੜੇ ਅਮਰ ਸ਼ਹੀਦਾਂ ਦੀ ਇਤਿਹਾਸਕ ਯਾਦਗਾਰ ਅਤੇ ਸਾਡੀ ਵਿਰਾਸਤ ਹੈ ਅਤੇ ਇਹ ਕੋਈ ਸੈਰ-ਸਪਾਟੇ ਜਾਂ ਮਨੋਰੰਜਨ ਦਾ ਸਥਾਨ ਨਹੀਂ | ਇਥੇ ਸੈਲਾਨੀਆਂ ਲਈ ਕਿਸੇ ਤਰ੍ਹਾਂ ਦੀ ਦਾਖਲਾ ਟਿਕਟ ਲਾਉਣੀ ਇਨ੍ਹਾਂ ਸ਼ਹੀਦਾਂ ਦਾ ਘੋਰ ਅਪਮਾਨ ਹੋਵੇਗਾ, ਜੋ ਦੇਸ਼ ਭਗਤ ਯਾਦਗਾਰ ਕਮੇਟੀ, ਲੋਕ-ਪੱਖੀ ਜਨਤਕ ਜਥੇਬੰਦੀਆਂ ਅਤੇ ਸ਼ਹੀਦਾਂ ਦੇ ਵਾਰਸ ਕਰੋੜਾਂ ਲੋਕਾਂ ਨੂੰ ਕਿਸੇ ਵੀ ਤਰਾਂ ਮਨਜ਼ੂਰ ਨਹੀਂ ਹੋਵੇਗਾ | ਉਨ੍ਹਾਂ ਕਿਹਾ ਕਿ ਅੰਮਿ੍ਤਸਰ ਦੇ ਤਤਕਾਲੀ ਡਿਪਟੀ ਕਮਿਸ਼ਨਰ ਨੇ ਜਨਤਕ ਨੁਮਾਇੰਦਿਆਂ ਨਾਲ ਬਾਗ਼ ਵਿਚ ਦਾਖਲਾ ਟਿਕਟ ਨਾ ਲਗਾਉਣ ਦਾ ਵਾਅਦਾ ਕੀਤਾ ਸੀ ਅਤੇ ਉਸ ਵਕਤ ਕੌਮੀ ਯਾਦਗਾਰੀ ਟਰੱਸਟ ਦੇ ਦੋ ਮੈਂਬਰਾਂ ਵੱਲੋਂ ਵੀ ਟਿਕਟ ਨਾ ਲਗਾਉਣ ਲਈ ਅਖਬਾਰਾਂ ਵਿਚ ਬਿਆਨ ਜਾਰੀ ਕੀਤਾ ਗਿਆ ਸੀ, ਜਿਸ ਦੀ ਖ਼ਿਲਾਫਵਰਜੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ |
ਉਨ੍ਹਾਂ ਦੱਸਿਆ ਕਿ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਅਤੇ ਅੰਮਿ੍ਤਸਰ ਦੀਆਂ ਲੋਕ-ਪੱਖੀ ਜਨਤਕ ਜਥੇਬੰਦੀਆਂ ਵਲੋਂ ਸੁੰਦਰੀਕਰਨ ਦੇ ਨਾਂਅ ਹੇਠ ਜਲਿ੍ਹਆਂਵਾਲਾ ਬਾਗ਼ ਦੇ ਮੂਲ ਸਰੂਪ ਅਤੇ ਪ੍ਰਮਾਣਿਤ ਤੱਥਾਂ ਨਾਲ ਛੇੜਛਾੜ ਅਤੇ ਸੰਭਾਵਤ ਦਾਖਲਾ ਟਿਕਟ ਦੇ ਖਿਲਾਫ ਪਿਛਲੇ ਦੋ ਸਾਲ ਤੋਂ ਲਗਾਤਾਰ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਣ ਤੋਂ ਇਲਾਵਾ ਪਿਛਲੇ ਸਾਲ 23 ਅਕਤੂਬਰ ਨੂੰ ਜਲਿ੍ਹਆਂਵਾਲਾ ਬਾਗ਼ ਦੇ ਸਾਹਮਣੇ ਵਿਸ਼ਾਲ ਰੋਸ ਰੈਲੀ ਵੀ ਕੀਤੀ ਗਈ ਸੀ ਅਤੇ ਚੰਡੀਗੜ੍ਹ ਵਿਖੇ 16 ਨਵੰਬਰ ਨੂੰ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਸੀ, ਪਰ ਇਸ ਦੇ ਬਾਵਜੂਦ ਕੇਂਦਰ ਸਰਕਾਰ ਜਾਂ ਜਲਿ੍ਹਆਂਵਾਲਾ ਬਾਗ਼ ਕੌਮੀ ਯਾਦਗਾਰੀ ਟਰੱਸਟ ਨੇ ਇਸ ਮੁੱਦੇ ਨੂੰ ਸੁਲਝਾਉਣ ਲਈ ਕੋਈ ਪਹਿਲਕਦਮੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਉਲਟਾ ਦਾਖਲਾ ਟਿਕਟ ਲਗਾਉਣ ਦੀ ਸੰਭਾਵਤ ਕਾਰਵਾਈ ਕਰਕੇ ਜਨਤਕ ਜਥੇਬੰਦੀਆਂ ਅਤੇ ਲੋਕ ਭਾਵਨਾਵਾਂ ਨੂੰ ਭੜਕਾਇਆ ਜਾ ਰਿਹਾ ਹੈ | ਜਮਹੂਰੀ ਆਗੂਆਂ ਨੇ ਕਿਹਾ ਕਿ ਜੇਕਰ ਦਾਖਲਾ ਟਿਕਟ ਲਗਾਉਣ ਦੀ ਸੰਭਾਵਤ ਕਾਰਵਾਈ ਨੂੰ ਰੱਦ ਕਰਨ ਦਾ ਸਮਰੱਥ ਅਥਾਰਟੀ ਵੱਲੋਂ ਜਨਤਕ ਐਲਾਨ ਨਾ ਕੀਤਾ ਗਿਆ ਅਤੇ ਟਿਕਟ ਕਾਊਾਟਰ ਨਾ ਹਟਾਏ ਗਏ ਤਾਂ ਸਮੂਹ ਜਨਤਕ ਜਥੇਬੰਦੀਆਂ ਵੱਲੋਂ ਸ਼ਾਂਤਮਈ ਰੋਸ ਪ੍ਰਗਟ ਕੀਤਾ ਜਾਵੇਗਾ | ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਵਫਦ ਦੀਆਂ ਮੰਗਾਂ ਉਤੇ ਹਾਂ-ਪੱਖੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ |