ਭਿੱਖੀਵਿੰਡ : ਸੀ ਪੀ ਆਈ ਨੇ ਨਰੇਗਾ ਕਾਮਿਆਂ ਨਾਲ ਬੀ ਡੀ ਪੀ ਓ ਦਫਤਰ ਭਿੱਖੀਵਿੰਡ ਵਿਖੇ ਰੋਸ ਮੁਜ਼ਾਹਰਾ ਕਰਨਾ ਸੀ, ਕਿਉਂਕਿ ਦਫਤਰ ਦੇ ਗਰਾਮ ਸੇਵਕਾਂ ਨੇ ਆਗੂਆਂ ਨੂੰ ਕਿਹਾ ਕਿ ਸਾਨੂੰ ਹੁਕਮ ਹੋ ਗਿਆ ਹੈ ਕਿ ਹਲਕੇ ਦੇ ਐੱਮ ਐੱਲ ਏ ਤੋਂ ਪੁੱਛੇ ਬਗੈਰ ਕਿਸੇ ਨੂੰ ਕੰਮ ਨਾ ਦਿੱਤਾ ਜਾਵੇ, ਇਸ ਕਰਕੇ ਸਾਡੀ ਮਜਬੂਰੀ ਹੈ | ਇਨ੍ਹਾਂ ਹਾਲਤਾਂ ਵਿੱਚ ਪਾਰਟੀ ਨੇ ਧਰਨਾ ਰੱਖਿਆ ਸੀ, ਪਰ ਏ ਡੀ ਸੀ ਵਿਕਾਸ ਦਫਤਰ ਤਰਨ ਤਾਰਨ ਵਾਲੇ ਉੱਚ ਅਧਿਕਾਰੀਆਂ ਨੇ ਬੀ ਡੀ ਪੀ ਓ ਨਾਲ ਗੱਲ ਕਰਾ ਦਿੱਤੀ | ਬੀ ਡੀ ਪੀ ਓ ਨੇ ਕਿਹਾ ਕਿ ਸਵੇਰੇ ਆ ਕੇ ਮਿਲ ਲਓ, ਹਰੇਕ ਸਮੱਸਿਆ ਦਾ ਹੱਲ ਕੱਢ ਲਿਆ ਜਾਵੇਗਾ | ਹਰ ਵਰਕਰ ਨੂੰ ਕੀਤੇ ਕੰਮ ਦੇ ਪੈਸੇ ਹਫਤੇ ਦੇ ਅੰਦਰ-ਅੰਦਰ ਮਿਲ ਜਾਣਗੇ | ਸੀ ਪੀ ਆਈ ਪੰਜਾਬ ਦੇ ਮੀਤ ਸਕੱਤਰ ਪਿ੍ਥੀਪਾਲ ਸਿੰਘ ਮਾੜੀਮੇਘਾ, ਬਲਾਕ ਸਕੱਤਰ ਨਰਿੰਦਰ ਸਿੰਘ ਅਲਗੋਂ, ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾਈ ਮੀਤ ਪ੍ਰਧਾਨ ਸੁਖਦੇਵ ਸਿੰਘ ਕਾਲਾ, ਆਲ ਇੰਡੀਆ ਕਿਸਾਨ ਸਭਾ ਦੇ ਜ਼ਿਲ੍ਹਾ ਕਨਵੀਨਰ ਪੂਰਨ ਸਿੰਘ ਮਾੜੀਮੇਘਾ ਤੇ ਰਸ਼ਪਾਲ ਸਿੰਘ ਬਾਠ, ਪੰਜਾਬ ਇਸਤਰੀ ਸਭਾ ਦੀ ਸੂਬਾਈ ਮੀਤ ਪ੍ਰਧਾਨ ਰੁਪਿੰਦਰ ਕੌਰ ਮਾੜੀਮੇਘਾ ਤੇ ਭਿੱਖੀਵਿੰਡ ਅੱਡੇ ਦੀ ਪ੍ਰਧਾਨ ਬੀਬੀ ਸਰੋਜ ਮਲਹੋਤਰਾ, ਟਹਿਲ ਸਿੰਘ ਲੱਧੂ, ਜਸਪਾਲ ਸਿੰਘ ਕਲਸੀਆਂ ਤੇ ਬਲਦੇਵ ਰਾਜ ਭਿੱਖੀਵਿੰਡ ਅਧਾਰਤ ਡੈਪੂਟੇਸ਼ਨ ਬੀ ਡੀ ਪੀ ਓ ਭਿੱਖੀਵਿੰਡ ਨੂੰ ਮਿਲਣ ਗਿਆ, ਪਰ ਉਹ ਨਾ ਮਿਲਿਆ | ਆਗੂਆਂ ਨੇ ਕਿਹਾ ਕਿ ਜੇਕਰ ਬੀ ਡੀ ਪੀ ਓ ਦੇ ਇਹੋ ਹਾਲਾਤ ਰਹੇ ਤੇ ਹਫਤੇ ‘ਚ ਪੈਸੇ ਨਾ ਦਿੱਤੇ ਗਏ ਤਾਂ ਮਜਬੂਰ ਹੋ ਕੇ ਸਖਤ ਐਕਸ਼ਨ ਕਰਨਾ ਪਵੇਗਾ |