ਨਵੀਂ ਦਿੱਲੀ : ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬਿ੍ਰਜ ਭੂਸ਼ਣ ਸ਼ਰਣ ਸਿੰਘ ’ਤੇ ਯੌਨ ਸ਼ੋਸ਼ਣ ਦਾ ਦੋਸ਼ ਲਾਉਣ ਵਾਲੇ ਭਲਵਾਨਾਂ ਦੀ ਹਮਾਇਤ ’ਚ ਬੁੱਧਵਾਰ ਮਾਰਚ ਕੱਢ ਰਹੀਆਂ ਦਿੱਲੀ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਨੂੰ ਪੁਲਸ ਨੇ ਹਿਰਾਸਤ ’ਚ ਲੈ ਲਿਆ। ਵਿਦਿਆਰਥਣਾਂ ਨੇ ਪੁਲਸ ’ਤੇ ਬਦਸਲੂਕੀ ਅਤੇ ਘਸੀਟਣ ਤੇ ਕੁੱਟਮਾਰ ਦਾ ਦੋਸ਼ ਲਾਇਆ ਹੈ। ਇਸ ਦੌਰਾਨ ਕਈ ਵਿਦਿਆਰਥਣਾਂ ਦੇ ਕੱਪੜੇ ਪਾਟ ਗਏ। ਭਲਵਾਨ ਸਾਕਸ਼ੀ ਮਲਿਕ ਨੇ ਇਸ ਦੀ ਨਿੰਦਾ ਕਰਦਿਆਂ ਕਿਹਾ ਕਿ ਮਹਿਲਾ ਭਲਵਾਨਾਂ ਦਾ ਯੌਨ ਸ਼ੋਸ਼ਣ ਕਰਨ ਵਾਲਾ ਖੁੱਲ੍ਹਾ ਘੰੁਮ ਰਿਹਾ ਹੈ ਤੇ ਭਲਵਾਨਾਂ ਦੀ ਹਮਾਇਤ ਕਰਨ ਵਾਲਿਆਂ ਨੂੰ ਪੁਲਸ ਫੜ ਰਹੀ ਹੈ। ਇਸੇ ਦੌਰਾਨ ਜੰਤਰ-ਮੰਤਰ ’ਤੇ ਧਰਨਾ ਦੇ ਰਹੇ ਭਲਵਾਨਾਂ ਨੇ ਦਿੱਲੀ ਪੁਲਸ ਦੀ ਸਕਿਉਰਟੀ ਵਾਪਸ ਕਰ ਦਿੱਤੀ ਹੈ, ਜਿਹੜੀ ਸੁਪਰੀਮ ਕੋਰਟ ਦੇ ਹੁਕਮ ’ਤੇ ਦਿੱਤੀ ਗਈ ਸੀ। ਭਲਵਾਨਾਂ ਨੇ ਕਿਹਾਜੇ ਅਸੀਂ ਜੰਤਰ-ਮੰਤਰ ’ਤੇ ਵੀ ਸੁਰੱਖਿਅਤ ਨਹੀਂ ਤਾਂ ਕਿਤੇ ਵੀ ਸੁਰੱਖਿਅਤ ਨਹੀਂ। ਇੰਡੀਅਨ ਉਲੰਪਿਕ ਐਸੋਸੀਏਸ਼ਨ ਦੀ ਪ੍ਰਧਾਨ ਤੇ ਸਾਬਕਾ ਕੌਮਾਂਤਰੀ ਐਥਲੀਟ ਪੀ ਟੀ ਊਸ਼ਾ ਨੇ ਜੰਤਰ-ਮੰਤਰ ’ਤੇ ਭਲਵਾਨਾਂ ਨਾਲ ਮੁਲਾਕਾਤ ਕੀਤੀ। ਉਸ ਨੇ ਸਾਕਸ਼ੀ ਮਲਿਕ, ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਨਾਲ ਗੱਲਬਾਤ ਕੀਤੀ। ਪੂਨੀਆ ਨੇ ਕਿਹਾਊਸ਼ਾ ਨੇ ਕਿਹਾ ਕਿ ਉਹ ਸਾਡੇ ਨਾਲ ਖੜ੍ਹੀ ਹੈ ਤੇ ਸਾਨੂੰ ਇਨਸਾਫ ਦਿਵਾਏਗੀ। ਉਹ ਪਹਿਲਾਂ ਐਥਲੀਟ ਹੈ ਤੇ ਫਿਰ ਕੁਝ ਹੋਰ। ਊਸ਼ਾ ਨੇ ਵਿਨੇਸ਼ ਫੋਗਾਟ ਨੂੰ ਗਲੇ ਵੀ ਲਾਇਆ। ਇਸ ਦੌਰਾਨ ਧਰਨੇ ਵਿਚ ਪੁੱਜੀਆਂ ਮਹਿਲਾਵਾਂ ਨੇ ਊਸ਼ਾ ਨੂੰ ਘੇਰ ਕੇ ਖਰੀਆਂ-ਖਰੀਆਂ ਸੁਣਾਈਆਂ। ਇਸ ਤੋਂ ਪਹਿਲਾਂ ਊਸ਼ਾ ਨੇ 27 ਅਪਰੈਲ ਨੂੰ ਕਿਹਾ ਸੀ ਕਿ ਭਲਵਾਨਾਂ ਨੂੰ ਪ੍ਰਦਰਸ਼ਨ ਕਰਨ ਦੀ ਥਾਂ ਉਸ ਨਾਲ ਸੰਪਰਕ ਕਰਨਾ ਚਾਹੀਦਾ ਸੀ। ਪ੍ਰਦਰਸ਼ਨ ਕਾਰਨ ਦੇਸ਼ ਦਾ ਅਕਸ ਖਰਾਬ ਹੋ ਰਿਹਾ ਹੈ।





