ਸ਼ਾਹਕੋਟ, (ਗਿਆਨ ਸੈਦਪੁਰੀ)-ਬੁੱਧਵਾਰ ਨੂੰ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦੇ ਕੰਢੇ ’ਤੇ ਵਸੇ ਪਿੰਡ ਰਾਏਪੁਰ ਅਰਾਈਆਂ ਵਿੱਚ ਹੋਈ ਵੱਡੀ ਚੋਣ ਇੱਕਤਰਤਾ ਵਿੱਚ ਕਮਿਊਨਿਸਟ ਅਤੇ ਕਾਂਗਰਸ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਦੀ ਸਾਂਝੀ ਸੁਰ ਨੇ ਸੀ ਪੀ ਆਈ ਅਤੇ ਕਾਂਗਰਸ ਪਾਰਟੀ ਦਰਮਿਆਨ ਹੋਏ ਚੋਣ ਸਮਝੌਤੇ ਦੀ ਸਾਰਥਿਕਤਾ ’ਤੇ ਮੋਹਰ ਲਾ ਦਿੱਤੀ। ਸੀ ਪੀ ਆਈ ਦੀ ਪਹਿਲ ’ਤੇ ਹੋਈ ਇਸ ਚੋਣ ਮੀਟਿੰਗ ਵਿੱਚ ਗੱਲਾਂ ਭਾਜਪਾ ਦੇ ਫਾਸ਼ੀਵਾਦੀ ਵਰਤਾਰੇ ਦੀਆਂ ਹੋਈਆਂ, ਆਪ ਦੇ ਭਾਜਪਾ ਵਾਲੇ ਰਾਹ ਤੁਰਨ ਦੀਆਂ ਵੀ, ਆਬਾਦਕਾਰਾਂ ਦੇ ਸੰਘਰਸ਼ ਦੀਆਂ ਵੀ ਅਤੇ ਸਮੇਂ-ਸਮੇਂ ਮੁਲਕ ਦੇ ਹਿੱਤ ਵਿੱਚ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਅਤੇ ਕਾਮਰੇਡ ਜਗਜੀਤ ਸਿੰਘ ਅਨੰਦ ਵੱਲੋਂ ਛੋਟੇ-ਵੱਡੇ ਦੁਸ਼ਮਣ ਨੂੰ ਪਛਾਣ ਕੇ ਸਿਆਸੀ ਸੇਧ ਦੇਣ ਦੀਆਂ ਵੀ।
ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਗੱਲ ਹੀ ਇੱਥੋਂ ਸ਼ੁਰੂ ਕੀਤੀ ਕਿ ਸੰਘਰਸ਼ ਕਰ ਕੇ ਲੋਕ ਹਿੱਤਾਂ ਵਿੱਚ ਜਿੱਤਾਂ ਪ੍ਰਾਪਤ ਕਰਨੀਆਂ ਕੋਈ ਖੱਬੇ ਪੱਖੀਆਂ ਕੋਲੋਂ ਸਿੱਖੇ। ਸਾਂਝੇ ਸੱਭਿਆਚਾਰ ਦੀ ਸਿਰਜਣਾ ਕਰਨਾ ਵੀ ਕਮਿਊਨਿਸਟਾਂ ਦੇ ਸੁਭਾਅ ਦਾ ਹਿੱਸਾ ਹੈ। ਸ਼ੇਰੋਵਾਲੀਆ ਨੇ ਸੀ ਪੀ ਆਈ, ਸੀ ਪੀ ਆਈ (ਐੱਮ) ਤੇ ਆਰ ਐੱਮ ਪੀ ਆਈ ਵੱਲੋਂ ਜ਼ਿਮਨੀ ਚੋਣ ਵਿੱਚ ਕਾਂਗਰਸ ਪਾਰਟੀ ਨੂੰ ਦਿੱਤੇ ਸਮਰਥਨ ਦੇ ਹਵਾਲੇ ਨਾਲ ਕਿਹਾ ਕਿ ਸਾਂਝੀ ਚੋਣ ਮੁਹਿੰਮ ਸਿਖਰ ਵੱਲ ਵਧ ਰਹੀ ਹੈ। ਉਨ੍ਹਾ ਕਿਹਾ ਕਿ ਭਾਜਪਾ ਪੂਰੇ ਦੇਸ਼ ਨੂੰ ਤਬਾਹ ਕਰਨ ਦੇ ਰਾਹ ਤੁਰੀ ਹੋਈ ਹੈ। ਅਜਿਹੀ ਸਥਿਤੀ ਵਿੱਚ ਦੇਸ਼ ਨੂੰ ਬਚਾਉਣਾ ਸਭ ਤੋਂ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ। ਇਸ ਫਿਕਰਮੰਦੀ ਵਿੱਚੋਂ ਹੀ ਮੁਲਕ ਵਿੱਚ ਆਪੋਜ਼ੀਸ਼ਨ ਇੱਕ ਮੰਚ ’ਤੇ ਇੱਕਠੀ ਹੋ ਰਹੀ ਹੈ।
ਵਿਧਾਨ ਸਭਾ ਹਲਕਾ ਸ਼ਾਹਕੋਟ ਵਿੱਚ ਆਪਣੇ ਕਾਰਜਕਾਲ ਵਿੱਚ ਕੀਤੇ ਗਏ ਵਿਕਾਸ ਕੰਮਾਂ ਦਾ ਜ਼ਿਕਰ ਕਰਦਿਆਂ ਹਲਕਾ ਵਿਧਾਇਕ ਨੇ ਕਿਹਾ ਕਿ ਮੈਂ ਹਰੇਕ ਕੰਮ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਰਵਾਇਆ। ਉਨ੍ਹਾ ਅਪੀਲ ਕੀਤੀ ਕਿ ਬੀਬੀ ਕਰਮਜੀਤ ਕੌਰ ਚੌਧਰੀ ਦੇ ਹੱਕ ਵਿੱਚ ਚੋਣ ਫਤਵਾ ਦੇ ਕੇ 2024 ਵਿੱਚ ਭਾਜਪਾ ਦੀ ਹਾਰ ਦਾ ਮੁੱਢ ਬੰਨ੍ਹ ਦਿੱਤਾ ਜਾਵੇ। ਕੁਲ ਹਿੰਦ ਕਿਸਾਨ ਸਭਾ (ਅਜੈ ਭਵਨ) ਦੇ ਸੂਬਾ ਮੀਤ ਪ੍ਰਧਾਨ ਸੂਰਤ ਸਿੰਘ ਧਰਮਕੋਟ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਸੀਂ ਫੈਸਲੇ ਦੀ ਉਸ ਘੜੀ ਵਿੱਚ ਖੜੇ ਹਾਂ, ਜਿਸ ਨੇ ਦੇਸ਼ ਦਾ ਭਵਿੱਖ ਤੈਅ ਕਰਨ ਵਿੱਚ ਮਹੱਤਵਪੂਰਨ ਹਿੱਸਾ ਪਾਉਣਾ ਹੈ। ਕਿਸਾਨ ਆਗੂ ਨੇ ਦਿੱਲੀ ਦੀਆਂ ਬਰੂਹਾਂ ’ਤੇ ਲੜੇ ਲੰਮੇ ਸੰਘਰਸ਼ ਦੀ ਗੱਲ ਕਰਦਿਆਂ ਕਿਹਾ ਕਿ ਸਾਨੂੰ ਯਾਦ ਰੱਖਣ ਹੋਵੇਗਾ ਕਿ ਮੋਦੀ ਨੇ ਤਿੰਨ ਕਾਲੇ ਕਨੂੰਨ ਹੀ ਰੱਦ ਕੀਤੇ ਹਨ, ਕਿਸਾਨਾਂ ਦੀਆਂ ਹੋਰ ਭਖਦੀਆਂ ਮੰਗਾਂ ਮੰਨਣ ਤੋਂ ਪੂਰੀ ਤਰਾਂ ਘੇਸਲ ਮਾਰ ਰੱਖੀ ਹੈ। ਮੋਦੀ ਸਰਕਾਰ ਨੂੰ ਘੱਟ ਗਿਣਤੀਆਂ, ਸਿੱਖਾਂ, ਮੁਸਲਮਾਨਾਂ, ਪੰਜਾਬੀਆਂ ਦੇ ਵਿਰੋਧੀ ਦੱਸਦਿਆਂ ਸੂਰਤ ਸਿੰਘ ਨੇ ਕਿਹਾ ਕਿ ਜੇ ਮੋਦੀ ਦਾ ਰੱਥ ਨਾ ਰੋਕਿਆ ਤਾਂ ਭਾਰਤ ਵਿੱਚ ਡਿਕਟੇਟਰਸ਼ਿਪ ਹੋਵੋਗੀ, ਜੋ ਪੂਰੀ ਤਰ੍ਹਾਂ ਲੋਕ ਵਿਰੋਧੀ ਹੁੰਦੀ ਹੈ। ਉਨ੍ਹਾਂ ਕਾਂਗਰਸ ਦੇ ਖੱਬੀਆਂ ਧਿਰਾਂ ਨਾਲ ਪੰਜਾਬ ਵਿੱਚ ਹੋਏ ਸਮੌਝਤੇ ਨੂੰ ਸ਼ੁਭ ਸਿਆਸੀ ਸੰਕੇਤ ਦੱਸਦਿਆਂ ਪੰਜਾਬ ਦੀ ਸਿਆਸਤ ਦੇ ਸੰਦਰਭ ਵਿੱਚ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਅਤੇ ਕਾਮਰੇਡ ਜਗਜੀਤ ਸਿੰਘ ਅਨੰਦ ਨੂੰ ਯਾਦ ਕੀਤਾ।
ਸੀ ਪੀ ਆਈ ਜ਼ਿਲ੍ਹਾ ਜਲੰਧਰ ਦੇ ਸਕੱਤਰ ਰਛਪਾਲ ਕੈਲੇ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਵਿੱਚ ਭਾਰਤ ਰਤਨ ਡਾ. ਅੰਬੇਡਕਰ ਦੀ ਅਗਵਾਈ ਵਿੱਚ ਤਿਆਰ ਕੀਤੇ ਸੰਵਿਧਾਨ ਨੂੰ ਖਤਮ ਕਰਕੇ ਇੱਥੇ ਮਨੂ ਸਿਮਰਤੀ ਲਾਗੂ ਕਰਨਾ ਚਾਹੁੰਦੀ ਹੈ । ਇਹ ਉਹ ਗਰੰਥ ਹੈ, ਜਿਸ ਵਿੱਚ ਔਰਤ ਅਤੇ ਸ਼ੂਦਰ ਆਖੀ ਜਾਣ ਵਾਲੀ ਸ਼੍ਰੇਣੀ ਨੂੰ ਦਬਾਅ ਕੇ ਰੱਖਣ ਦੀ ਹਦਾਇਤ ਕੀਤੀ ਹੋਈ ਹੈ।
ਭਾਰਤੀ ਕਮਿਊਨਿਸਟ ਪਾਰਟੀ ਆਪਣੀ ਸਮਰੱਥਾ ਅਨੁਸਾਰ ਕਾਂਗਰਸੀ ਉਮੀਦਵਾਰ ਬੀਬੀ ਕਰਮਜੀਤ ਕੌਰ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਪੂਰਾ ਤਾਣ ਲਾ ਦੇਵੇਗੀ। ਕਿਸਾਨ ਆਗੂ ਸੰਦੀਪ ਅਰੋੜਾ ਨੇ ਆਬਾਦਕਾਰਾਂ ਦੇ ਸੰਘਰਸ਼ ਸਮੇਤ ਕਮਿਊਨਿਸਟਾਂ ਵੱਲੋਂ ਲੋਕਾਂ ਲਈ ਲੜੀਆਂ ਲੜਾਈਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਵਿੱਚ ‘ਆਪ’ ਨੂੰ ਸਬਕ ਸਿਖਾਉਣ ਅਤੇ ਮੋਦੀ ਸਰਕਾਰ ਨੂੰ ਚਲਦਾ ਕਰਨ ਦੇ ਸੰਘਰਸ਼ ਵਿੱਚ ਵੀ ਪਾਰਟੀ ਪੂਰੀ ਤਨਦੇਹੀ ਨਾਲ ਕੰਮ ਕਰੇਗੀ।
ਇਸ ਮੌਕੇ ਪੰਜਾਬ ਕਾਂਗਰਸ ਦੇ ਬੁਲਾਰੇ ਬੀਬਾ ਅੰਮਿ੍ਰਤ ਗਿੱਲ (ਬਠਿੰਡਾ), ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਵੀਰ ਕੁਮਾਰ ਕਰਤਾਰਪੁਰ, ਗੁਰਦਾਸ ਸਿੰਘ, ਜਸਵੀਰ ਸਿੰਘ, ਹਰਜਿੰਦਰ ਸਿੰਘ, ਹਰਮਨ ਸਿੰਘ, ਤਰਜਿੰਦਰ ਸਿੰਘ, ਸੁਰਜੀਤ ਸਿੰਘ ਰਾਏਪੁਰ ਗੁਜਰਾਂ, ਕੁਲਦੀਪ ਸਿੰਘ, ਹੈਪੀ ਰਾਏਪੁਰ ਅਰਾਈਆਂ, ਮਨਜੀਤ ਸਿੰਘ ਤੇ ਜਗਦੀਸ਼ ਸਿੰਘ ਭਲਵਾਨ ਆਦਿ ਹਾਜ਼ਰ ਸਨ।





